ਅੰਮ੍ਰਿਤਸਰ: ਇਤਿਹਾਸਕ 'ਬਾਬਾ ਗੁਰੂ ਨਾਨਕ ਮਹਿਲ' 'ਚ ਤੋੜ-ਭੰਨ ਤੋਂ ਬਾਅਦ ਹੋਏ ਵਿਵਾਦ ਨੂੰ ਦੇਖਦਿਆਂ ਪਾਕਿਸਤਾਨ ਨੇ ਵੱਡਾ ਫ਼ੈਸਲਾ ਲਿਆ ਹੈ। ਇਸ ਫ਼ੈਸਲੇ ਦੇ ਮੁਤਾਬਕ ਹਵੇਲੀ ਨੂੰ ਸੁਰੱਖਿਆ 'ਚ ਲੈ ਲਿਆ ਗਿਆ ਹੈ। ਪਾਕਿਸਤਾਨ ਦੇ ਜ਼ਿਲ੍ਹਾ ਨਾਰੋਵਾਲ ਦੇ ਪਿੰਡ ਬਠਾਨ ਵਾਲਾ ਸਥਿੱਤ 'ਬਾਬਾ ਨਾਨਕ ਮਹਿਲ' ਨੂੰ ਸੁਰੱਖਿਆ 'ਚ ਲੈਣ ਦੇ ਆਦੇਸ਼ ਜਾਰੀ ਕੀਤੇ ਗਏ ਹਨ।
ਮਹਿਲ ਨੂੰ ਢਾਹੁਣ ਤੋਂ ਬਾਅਦ ਪੈਦਾ ਹੋਏ ਵਿਵਾਦ ਮਗਰੋਂ ਸਥਾਨਕ ਪ੍ਰਸ਼ਾਸਨ ਨੇ ਪਾਕਿਸਤਾਨ ਇਵੇਕਿਉ ਟਰੱਸਟ ਪ੍ਰਾਪਰਟੀ ਬੋਰਡ (ETBP) ਨੂੰ ਆਦੇਸ਼ ਜਾਰੀ ਕੀਤਾ ਗਿਆ ਹੈ। ਨਾਰੋਵਾਲ ਦੇ ਸਹਾਇਕ ਅਧਿਕਾਰੀ ਆਸਫ਼ ਮਲਿਕ ਦਾ ਕਹਿਣਾ ਹੈ ਕਿ ETBP ਇੱਕ-ਦੋ ਦਿਨਾਂ 'ਚ ਇਸ ਇਮਾਰਤ ਨੂੰ ਆਪਣੀ ਸੁਰੱਖਿਆ 'ਚ ਲੈ ਲਵੇਗੀ। ਪ੍ਰਸ਼ਾਸਨ ਨੇ ETBP ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਇਸ ਇਮਾਰਤ ਦੇ ਸਬੂਤ ਇੱਕਠੇ ਕਰਨ ਲਈ ਪੁਰਾਤੱਤਵ ਵਿਭਾਗ ਨਾਲ ਮਿਲਕੇ ਕੰਮ ਕਰਨ।