ਬੈਂਗਲੁਰੂ: ਕਰਨਾਟਕ ਹਾਈ ਕੋਰਟ ਨੇ ਇਕ ਅਹਿਮ ਫੈਸਲੇ ਵਿੱਚ ਕਿਹਾ ਕਿ ਪਤਨੀ ਨੂੰ ਬਿਨਾਂ ਕਿਸੇ ਭਾਵਨਾਤਮਕ ਰਿਸ਼ਤੇ ਦੇ ਏਟੀਐਮ ਦੇ ਤੌਰ ਉੱਤੇ ਵਰਤਣਾ ਮਾਨਸਿਕ ਸ਼ੋਸ਼ਣ ਦੇ ਬਰਾਬਰ ਹੋਵੇਗਾ। ਜਸਟਿਸ ਆਲੋਕ ਅਰਾਧੇ ਅਤੇ ਜਸਟਿਸ ਜੇਐਮ ਖਾਜੀ ਦੀ ਅਗਵਾਈ ਵਾਲੇ ਡਿਵੀਜ਼ਨ ਬੈਂਚ ਨੇ ਸੁਣਵਾਈ ਦੌਰਾਨ ਇਹ ਟਿੱਪਣੀ ਕੀਤੀ। ਨਾਲ ਹੀ ਅਦਾਲਤ ਨੇ ਹੇਠਲੀ ਅਦਾਲਤ ਦੇ ਹੁਕਮਾਂ ਨੂੰ ਰੱਦ ਕਰਦੇ ਹੋਏ ਇਸ ਮਾਮਲੇ ਵਿਚ ਪਤਨੀ ਦੇ ਤਲਾਕ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਬੈਂਚ ਨੇ ਕਿਹਾ ਕਿ ਪਤੀ ਨੇ ਬਿਜ਼ਨੈਸ ਸ਼ੁਰੂ ਕਰਨ ਦੇ ਬਹਾਨੇ ਪਤਨੀ ਕੋਲੋਂ 60 ਲੱਖ ਰੁਪਏ ਲਏ ਸੀ। ਉਹ ਉਸ ਨੂੰ ਇਕ ਏਟੀਐਮ ਦੇ ਰੂਪ ਵਜੋਂ ਹੀ ਮੰਨਦਾ ਸੀ। ਉਸ ਨੂੰ ਆਪਣੀ ਪਤਨੀ ਨਾਲ ਕੋਈ ਭਾਵਨਾਤਮ ਲਗਾਅ ਨਹੀਂ ਸੀ। ਪਤੀ ਦੇ ਵਿਵਹਾਰ ਕਰਕੇ, ਪਤਨੀ ਨੂੰ ਮਾਨਸਿਕ ਠੇਸ ਪਹੁੰਚੀ ਹੈ। ਕੋਰਟ ਨੇ ਕਿਹਾ ਕਿ, "ਇਸ ਮਾਮਲੇ ਵਿੱਚ ਪਤੀ ਵਲੋਂ ਪਤਨੀ ਨੂੰ ਦਿੱਤੇ ਗਏ ਤਣਾਅ ਨੂੰ ਮਾਨਸਿਕ ਸ਼ੋਸ਼ਣ ਵਜੋਂ ਮੰਨਿਆ ਜਾ ਸਕਦਾ ਹੈ। ਪਰਿਵਾਰਿਕ ਅਦਾਲਤ ਇਨ੍ਹਾਂ ਸਾਰਿਆਂ ਕਾਰਕਾਂ ਉੱਤੇ ਵਿਚਾਰ ਕਰਨ ਵਿੱਚ ਅਸਫ਼ਲ ਰਹੀ ਹੈ। ਉਸ ਅਦਾਲਤ ਨੇ ਪਟੀਸ਼ਨਕਰਤਾ ਪਤਨੀ ਨੂੰ ਨਹੀਂ ਸੁਣਿਆ ਅਤੇ ਨਾ ਹੀ ਉਸ ਦਾ ਬਿਆਨ ਦਰਜ ਕੀਤਾ।" ਬੈਂਚ ਨੇ ਕਿਹਾ ਕਿ, "ਪਤਨੀ ਦੀਆਂ ਦਲੀਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਉਸ ਦੀ ਤਲਾਕ ਦੀ ਅਰਜ਼ੀ ਮਨਜ਼ੂਰ ਕਰ ਲਈ ਗਈ ਹੈ।"
ਇਹ ਹੈ ਮਾਮਲਾ: ਜਾਣਕਾਰੀ ਮੁਤਾਬਕ ਇਸ ਜੋੜੇ ਦਾ ਵਿਆਹ 1991 'ਚ ਹੋਇਆ ਸੀ ਅਤੇ 2001 'ਚ ਉਨ੍ਹਾਂ ਦੀ ਇਕ ਬੇਟੀ ਹੋਈ ਸੀ। ਪਤੀ ਦਾ ਕਾਰੋਬਾਰ ਸੀ, ਜੋ ਠੱਪ ਹੋ ਗਿਆ ਸੀ। ਉਸ 'ਤੇ ਕਾਫੀ ਕਰਜ਼ਾ ਸੀ, ਜਿਸ ਕਾਰਨ ਹਰ ਰੋਜ਼ ਘਰ 'ਚ ਲੜਾਈ-ਝਗੜੇ ਹੁੰਦੇ ਰਹਿੰਦੇ ਸਨ। ਪਟੀਸ਼ਨਕਰਤਾ ਨੇ ਆਪਣੀ ਅਤੇ ਬੱਚੇ ਦੀ ਦੇਖਭਾਲ ਲਈ ਇੱਕ ਬੈਂਕ ਵਿੱਚ ਨੌਕਰੀ ਕੀਤੀ। 2008 'ਚ ਪਤਨੀ ਨੇ ਆਪਣੇ ਪਤੀ ਦੀ ਮਦਦ ਲਈ ਕੁਝ ਪੈਸੇ ਦਿੱਤੇ, ਜੋ ਉਸ ਨੇ ਕਰਜ਼ਾ ਨਾ ਮੋੜੇ 'ਤੇ ਖ਼ਰਚ ਕਰ ਦਿੱਤੇ। ਇਲਜ਼ਾਮ ਹੈ ਕਿ ਉਹ ਪਟੀਸ਼ਨਰ ਨੂੰ ਬਲੈਕਮੇਲ ਕਰਕੇ ਪੈਸੇ ਵਸੂਲ ਰਿਹਾ ਸੀ। ਬਾਅਦ ਵਿਚ ਉਸ ਨੂੰ ਪਤਾ ਲੱਗਾ ਕਿ ਉਸ ਦੇ ਪੈਸੇ ਦੀ ਦੁਰਵਰਤੋਂ ਹੋ ਰਹੀ ਹੈ। ਉਸ ਤੋਂ 60 ਲੱਖ ਰੁਪਏ ਲੈਣ ਦੇ ਬਾਵਜੂਦ ਉਸ ਦਾ ਪਤੀ ਕੋਈ ਕੰਮ ਨਹੀਂ ਕਰ ਰਿਹਾ।
ਪਤਨੀ ਦੇ ਅਨੁਸਾਰ, "ਉਸ ਨੇ ਆਪਣੇ ਪਤੀ ਨੂੰ ਪੈਸੇ ਦੁਬਈ ਵਿੱਚ ਸੈਲੂਨ ਖੋਲ੍ਹਣ ਲਈ ਦਿੱਤੇ ਸਨ। ਇਨ੍ਹਾਂ ਸਭ ਤੋਂ ਪਰੇਸ਼ਾਨ ਹੋ ਕੇ ਪਤਨੀ ਫੈਮਿਲੀ ਕੋਰਟ ਵਿੱਚ ਤਲਾਕ ਦੀ ਅਰਜ਼ੀ ਦਾਖ਼ਲ ਕੀਤੀ। ਹਾਲਾਂਕਿ ਫੈਮਿਲੀ ਕੋਰਟ ਨੇ ਇਹ ਕਹਿੰਦੇ ਹੋਏ ਉਸ ਦੀ ਪਟੀਸ਼ਨ ਖਾਰਿਜ਼ ਕਰ ਦਿੱਤੀ ਸੀ ਕਿ ਇਸ ਮਾਮਲੇ ਵਿੱਚ ਕੋਈ ਵੀ ਬੇਰਹਿਮੀ ਸ਼ਾਮਲ ਨਹੀਂ ਹੈ।" (IANS)
ਇਹ ਵੀ ਪੜ੍ਹੋ: ਨਾਜਾਇਜ਼ ਮਾਈਨਿੰਗ ਰੋਕਣ ਗਏ ਡੀਐਸਪੀ ਦਾ ਸ਼ਰੇਆਮ ਕਤਲ, ਪਰਿਵਾਰ ਨੂੰ 1 ਕਰੋੜ ਦੇਵੇਗੀ ਸਰਕਾਰ