ਨਵੀਂ ਦਿੱਲੀ : ਇਸ ਵਾਰ ਹੋਲੀ ਦਾ ਤਿਉਹਾਰ ਪਿਛਲੇ ਸਾਲਾਂ ਨਾਲੋਂ ਵਧੇਰੇ ਗਰਮੀ ਵਾਲਾ ਰਹੇਗਾ। ਇਸ ਦੌਰਾਨ ਵੱਧ ਤੋਂ ਵੱਧ ਤਾਪਮਾਨ 38 ਡਿਗਰੀ ਸੈਲਸੀਅਸ ਤੱਕ ਪਹੁੰਚ ਜਾਵੇਗਾ। ਇਸ ਤੋਂ ਪਹਿਲਾਂ ਸਾਲ 2011 ਵਿੱਚ ਵੀ ਹੋਲੀ ਉੱਤੇ 35.4 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ ਸੀ। ਉਥੇ ਹੀ ਅਗਲੇ 24 ਘੰਟਿਆਂ ਦੌਰਾਨ ਅਸਮਾਨ ਸਾਫ ਰਹਿਣ ਤੇ ਤਾਪਮਾਨ 'ਚ ਵੱਧ ਤੋਂ ਵੱਧ 34 ਤੇ ਘੱਟ ਤੋਂ ਘੱਟ 17 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ।
ਸਕਾਈਮੇਟ ਵੈਦਰ ਦੀ ਰਿਪੋਰਟ ਦੀ ਮੁਤਾਬਕ, ਇਸ ਵਾਰ ਹੋਲੀ ਦੇ ਤਿਉਹਾਰ ਮੌਕੇ ਮੌਸਮ ਜ਼ਿਆਦਾ ਗਰਮ ਰਹਿਣ ਵਾਲਾ ਹੈ। ਹੋਲੀ ਦੇ ਮੌਕੇ ਦਿੱਲੀ ਐਨਸੀਆਰ ਵਿਖੇ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ। ਇਹ ਤੀਜੀ ਵਾਰ ਹੈ ਜਦ ਹੋਲੀ ਦਾ ਤਿਉਹਾਰ 25 ਮਾਰਚ ਤੋਂ ਬਾਅਦ ਮਨਾਇਆ ਜਾ ਰਿਹਾ ਹੈ। ਇਨ੍ਹਾਂ ਦਿਨਾਂ ਵਿੱਚ ਮੌਸਮ ਵਧੇਰੇ ਗਰਮ ਮੰਨਿਆ ਜਾਂਦਾ ਹੈ। ਇਸ ਤੋਂ ਪਹਿਲਾਂ ਸਾਲ 2005 'ਚ 25 ਮਾਰਚ ਤੇ 2013 'ਚ 27 ਮਾਰਚ ਨੂੰ ਹੋਲੀ ਮਨਾਈ ਗਈ ਸੀ।
ਮੌਸਮ ਵਿਭਾਗ ਮੁਤਾਬਕ, ਮੌਜੂਦਾ ਸਮੇਂ ਵਿੱਚ ਵੈਸਟਰਨ ਡਿਸਟਰਬਨਸ ਕਾਰਨ ਘੱਟ ਤਾਪਮਾਨ ਵਿੱਚ ਕਮੀ ਆ ਰਹੀ ਹੈ। ਉਥੇ ਹੀ ਤਾਪਮਾਨ ਵਿੱਚ ਜਿਆਦਾ ਵਾਧਾ ਨਹੀਂ ਹੋ ਰਿਹਾ ਹੈ। ਸ਼ੁਕਰਵਾਰ ਨੂੰ ਰਾਜਧਾਨੀ ਦਾ ਵੱਧੇਰੇ ਤਾਪਮਾਨ32 ਡਿਗਰੀ ਤੇ ਘੱਟ ਤੋਂ ਘੱਟ ਤਾਪਮਾਨ 16 ਡਿਗਰੀ ਦਰਜ ਕੀਤਾ ਗਿਆ ਹੈ। ਪਿਛਲੇ 24 ਘੰਟਿਆਂ ਦੌਰਾਨ ਹਵਾ ਵਿੱਚ ਨਮੀ ਦਾ ਪੱਧਰ 36 ਤੋ 81 ਫੀਸਦੀ ਦਰਜ ਕੀਤਾ ਗਿਆ ਹੈ। ਉਥੇ ਹੀ ਸਪੋਰਟਸ ਕੰਪਲੈਕਸ ਇਲਾਕਾ 33.6 ਡਿਗਰੀ ਸੈਲਸੀਅਸ ਰਿਹਾ।