ਹੈਦਰਾਬਾਦ: ਤੇਲੰਗਾਨਾ ਸਟੇਟ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਟੀਐਸਆਰਟੀਸੀ) ਕਰਮਚਾਰੀਆਂ ਦੀ ਹੜਤਾਲ 24ਵੇਂ ਦਿਨ ਵੀ ਜਾਰੀ ਹੈ। ਹੜਤਾਲ ਦੌਰਾਨ ਟੀਐਸਆਰਟੀਸੀ ਦੀ ਇੱਕ ਮਹਿਲਾ ਕਰਮਚਾਰੀ ਨੇ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ। ਪੁਲਿਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ।
ਪੁਲਿਸ ਦਾ ਕਹਿਣਾ ਹੈ ਕਿ ਮਹਿਲਾ ਕੰਡਕਟਰ ਨੀਰਜਾ ਨੇ ਐਤਵਾਰ ਰਾਤ ਨੂੰ ਖੁਦਕੁਸ਼ੀ ਕੀਤੀ। ਉਹ ਸਥੁਪੱਲੀ ਡਿਪੋ ਵਿੱਚ ਕੰਮ ਕਰਦੀ ਸੀ। ਖੁਦਕੁਸ਼ੀ ਦੇ ਅਜੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਬੀਤੀ 5 ਅਕਤੂਬਰ ਨੂੰ ਹੜਤਾਲ ਸ਼ੁਰੂ ਹੋਣ ਤੋਂ ਬਾਅਦ ਤੋਂ ਹੀ ਟੀਐਸਆਰਟੀਸੀ ਦੇ ਕਰਮਚਾਰੀਆਂ ਵੱਲੋਂ ਖੁਦਕੁਸ਼ੀ ਦੀ ਇਹ ਚੌਥੀ ਘਟਨਾ ਹੈ। ਇਸ ਤੋਂ ਪਹਿਲਾਂ ਸਰਕਾਰ ਵੱਲੋਂ ਮੰਗਾਂ ਨਾਂ ਮੰਨੀਆਂ ਜਾਣ ਨੂੰ ਲੈ ਕੇ 2 ਕਰਮਚਾਰੀਆਂ ਨੇ ਖੁਦਕੁਸ਼ੀ ਕਰ ਲਈ ਸੀ।
ਜ਼ਿਕਰਯੋਗ ਹੈ ਕਿ ਟੀਐਸਆਰਟੀਸੀ ਦੇ ਲਗਭਗ 48 ਹਜ਼ਾਰ ਕਰਮਚਾਰੀ ਵੱਖ-ਵੱਖ ਮੰਗਾਂ ਨੂੰ ਲੈ ਕੇ ਜੁਆਇੰਟ ਐਕਸ਼ਨ ਕਮੇਟੀ ਦੇ ਸੱਦੇ ਉੱਤੇ 5 ਅਕਤੂਬਰ ਤੋਂ ਸ਼ੁਰੂ ਹੋਈ ਅਣਮਿੱਥੇ ਸਮੇਂ ਲਈ ਹੜਤਾਲ ਉੱਤੇ ਹਨ। ਸਰਕਾਰੀ ਬੱਸਾਂ ਦੇ ਨਾ ਚੱਲਣ ਕਾਰਨ ਯਾਤਰੀਆਂ ਨੂੰ ਕਾਫ਼ੀ ਪਰੇਸ਼ਾਨੀ ਹੋ ਰਹੀ ਹੈ।