ਦੱਖਣੀ ਕੋਰੀਆ, ਤਾਈਵਾਨ ਅਤੇ ਚੀਨ ਨੇ ਆਰਟੀਫਿਸ਼ੀਅਲ ਇੰਟੈਲੀਜੈਂਸ, ਸਮਾਰਟਫੋਨ ਅਤੇ ਬਿੱਗ-ਡਾਟਾ ਦੀ ਵਰਤੋਂ ਕਰਦਿਆਂ ਕੋਵਿਡ-19 ਮਹਾਂਮਾਰੀ ਨੂੰ ਨਿਯੰਤਰਿਤ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਬਾਕੀ ਦੇ ਦੇਸ਼ਾਂ ਕੋਲ ਇਨ੍ਹਾਂ ਦੇਸ਼ਾਂ ਤੋਂ ਸਿੱਖਣ ਲਈ ਬਹੁਤ ਕੁੱਝ ਹੈ। ਹਾਲਾਂਕਿ ਦੱਖਣੀ ਕੋਰੀਆ ਵਿੱਚ ਕਰੋਨਾ ਨਾਲ ਸੰਕਰਮਿਤ ਕੇਸਾਂ ਦੀ ਗਿਣਤੀ ਸੰਸਾਰ ਵਿੱਚ ਦੂਜੇ ਦਰਜੇ ਤੇ ਸੀ, ਪਰ ਇੱਥੇ ਮੌਤਾਂ ਦੀ ਗਿਣਤੀ ਕਾਫ਼ੀ ਘੱਟ ਸੀ। ਤਾਈਵਾਨ ਵਿੱਚ ਮਰਨ ਵਾਲਿਆਂ ਦੀ ਗਿਣਤੀ ਇਸ ਤੋਂ ਵੀ ਘੱਟ ਦਰਜ ਕੀਤੀ ਗਈ, ਜੋ ਕਿ ਚੀਨ ਦਾ ਗੁਆਂਢੀ ਦੇਸ਼ ਹੈ।
ਦੱਖਣੀ ਕੋਰੀਆ ਦੀ ਸਰਕਾਰ ਬਿੱਗ-ਡਾਟਾ ਦੀ ਵਰਤੋਂ ਮਰੀਜ਼ਾਂ ਦੀ ਗਿਣਤੀ, ਇਲਾਕਾ ਜਿੱਥੇ ਉਹ ਰਹਿ ਰਹੇ ਹਨ, ਉਹਨਾਂ ਦੇ ਲਿੰਗ ਅਤੇ ਉਮਰ, ਮੌਤਾਂ ਦੀ ਗਿਣਤੀ ਆਦਿ ਵੇਰਵੇ ਇਕੱਠੀ ਕਰਨ ਲਈ ਕਰ ਰਹੀ ਹੈ। ਪੀੜਤਾਂ ਨੂੰ ਇੱਕ ਵਿਲੱਖਣ ਪਛਾਣ ਨੰਬਰ ਦਿੱਤਾ ਜਾਂਦਾ ਹੈ। ਉਹਨਾਂ ਦੇ ਵੇਰਵੇ ਗੁਪਤ ਰਹਿੰਦੇ ਹਨ। ਦੱਖਣੀ ਕੋਰੀਆ ਦੇ ਕੋਰੋਨਾ ਬੁਲੇਟਿਨ ਦੀ ਇੱਕ ਉਦਾਹਰਣ: ਮਰੀਜ਼-102 ਅਤੇ ਉਸਦੀ ਦੋਸਤ ਨੇ ਇੱਕ ਸਿਨੇਮਾ ਹਾਲ ਵਿੱਚ ਕੇ-1 ਅਤੇ ਕੇ-2 ਸੀਟਾਂ ਤੇ ਇੱਕ ਫਿਲਮ ਵੇਖੀ। ਉਹ ਇੱਕੋ ਟੈਕਸੀ ਵਿੱਚ ਸਿਨੇਮਾ ਹਾਲ ਪਹੁੰਚੇ। ਮਰੀਜ਼-151 ਨੇ ਕਿਸੇ ਰੈਸਟੋਰੈਂਟ ਵਿੱਚ ਖਾਧਾ। ਮਰੀਜ਼-587 ਲੋਕਲ ਟਰੇਨ ਰਾਹੀਂ ਇੱਕ ਪਾਰਟੀ ਵਿੱਚ ਗਿਆ, ਜਿੱਥੇ ਉਹ 20 ਲੋਕਾਂ ਨੂੰ ਮਿਲਿਆ। ਉੱਥੇ ਇੱਕ ਵੈਬਸਾਈਟ ਹੈ, ਜੋ ਕਿ ਸਮੂਹ ਨਾਗਰਿਕਾਂ ਨੂੰ ਸੰਕਰਮਿਤ ਹੋਏ ਨਾਗਰਿਕਾਂ ਦੀ ਯਾਤਰਾ ਬਾਰੇ ਸੂਚਿਤ ਕਰਦੀ ਹੈ। ਇਹ ਸਾਈਟ ਸਥਾਨਕ ਸਰਕਾਰ ਦੁਆਰਾ ਮੁਹੱਈਆ ਕਰਵਾਈ ਗਈ ਜਾਣਕਾਰੀ ਨਾਲ ਚਲਦੀ ਹੈ। ਇਹ ਜਾਣਕਾਰੀ ਨਾਗਰਿਕਾਂ ਦੀ ਸੰਕਰਮਿਤ ਥਾਵਾਂ ਤੇ ਜਾਣ ਤੋਂ ਪਰਹੇਜ਼ ਕਰਨ ਵਿੱਚ ਮਦਦ ਕਰਦੀ ਹੈ। ਸਰਕਾਰ ਨੇ ਜੀ.ਪੀ.ਐਸ. ਕਾਲ ਡਾਟਾ ਰਾਹੀਂ ਕਈ ਐਪਸ ਤਿਆਰ ਕੀਤੇ ਹਨ ਅਤੇ ਇਨ੍ਹਾਂ ਨੂੰ ਫੇਸਬੁੱਕ, ਟਵਿੱਟਰ, ਵਟਸਐਪ ਨਾਲ ਜੋੜਿਆ ਹੈ। ਇਹ ਐਪਸ ਮਰੀਜ਼ਾਂ ਦੀ ਆਵਾਜਾਈ ਸੰਬੰਧੀ ਸੂਚਨਾ ਪ੍ਰਦਾਨ ਕਰਨ ਵਿੱਚ ਸਹਾਇਤਾ ਕਰਦੀਆਂ ਹਨ। ਘਬਰਾਉਣ ਦੀ ਬਜਾਏ ਲੋਕ ਸੁਚੇਤ ਹੁੰਦੇ ਹਨ ਕਿ ਉਹਨਾਂ ਨੂੰ ਕਿਹੜੇ ਖੇਤਰਾਂ ਵਿਚ ਜਾਣ ਤੋਂ ਬਚਣਾ ਚਾਹੀਦਾ ਹੈ। ਉਹ ਸਮਾਜਿਕ ਦੂਰੀ ਦੀ ਮਹੱਤਤਾ ਨੂੰ ਸਮਝਦੇ ਹਨ। ਇਸ ਸਰਕਾਰੀ ਵੈਬਸਾਈਟ ਤੇ ਮਿਲ ਰਹੀ ਜਾਣਕਾਰੀ ਸਿਹਤ ਸੰਭਾਲ ਕਰਮਚਾਰੀਆਂ ਦੀ ਕਾਰਜ ਕੁਸ਼ਲਤਾ ਲਈ ਮਦਦਗਾਰ ਸਾਬਿਤ ਹੋ ਰਹੀ ਹੈ।
ਚੀਨ ਵਿੱਚ ਕੋਵਿਡ-19 ਦੇ ਫੈਲਣ ਤੋਂ ਬਾਅਦ, ਤਾਈਵਾਨ ਨੇ ਇੱਕ ਰਾਸ਼ਟਰੀ ਸਿਹਤ ਕਮਾਂਡ ਕੇਂਦਰ ਸਥਾਪਤ ਕੀਤਾ। ਸਰਕਾਰ ਨੇ ਬਾਹਰੋਂ ਆਉਣ ਵਾਲੇ ਅਤੇ ਬਾਹਰ ਜਾਣ ਵਾਲੇ ਯਾਤਰੀਆਂ ਤੇ ਪਾਬੰਦੀਆਂ ਲਾ ਦਿੱਤੀਆ; ਬਿਗ-ਡਾਟਾ ਦੀ ਵਰਤੋਂ ਕਰਕੇ ਸੰਕਰਮਿਤ ਲੋਕਾਂ ਦੀ ਪਛਾਣ ਕੀਤੀ। ਇਸ ਨੇ ਸੋਸ਼ਲ ਮੀਡੀਆ ਤੇ ਫੈਲ ਰਹੀਆਂ ਜਾਅਲੀ ਖ਼ਬਰਾਂ ਤੇ ਰੋਕ ਲਗਾ ਦਿੱਤੀ। ਰਾਸ਼ਟਰੀ ਸਿਹਤ ਬੀਮਾ ਨੀਤੀਂਆਂ, ਪਰਵਾਸਾਂ, ਕਸਟਮ ਵਿਭਾਗ, ਹਸਪਤਾਲਾਂ ਦੇ ਦੌਰੇ, ਉਡਾਣ ਦੀਆਂ ਟਿਕਟਾਂ ਦੇ ਕਿਯੂ-ਆਰ ਕੋਡ ਜਿਹੀ ਜਾਣਕਾਰੀ ਨੂੰ ਜੋੜ ਕੇ ਇੱਕ ਡਾਟਾਬੇਸ ਤਿਆਰ ਕੀਤਾ ਗਿਆ। ਲੋਕਾਂ ਨੂੰ ਏ.ਆਈ. ਐਲਗੋਰਿਦਮ ਦੀ ਵਰਤੋਂ ਕਰਕੇ ਸਮੇਂ-ਸਮੇਂ ਸਿਰ ਸੂਚੇਤ ਕੀਤਾ ਗਿਆ। ਇਸ ਨੇ ਸਿਹਤ ਸੰਭਾਲ ਕਰਮਚਾਰੀਆਂ ਲਈ ਮਰੀਜ਼ਾਂ ਦੇ ਯਾਤਰਾ ਦੇ ਇਤਿਹਾਸ ਨੂੰ ਟਰੈਕ ਕਰਨ ਦਾ ਕੰਮ ਸੌਖਾ ਕੀਤਾ। ਬਿਗ ਡਾਟਾ ਦੀ ਮਦਦ ਨਾਲ ਅਧਿਕਾਰੀ ਸਮੂਹ ਨਾਗਰਿਕਾਂ ਦੀ ਸਿਹਤ ਦੀ ਸਥਿਤੀ ਸਰਹੱਦੀ ਸੁਰੱਖਿਆ ਗਾਰਡਾਂ ਨੂੰ ਭੇਜਣ ਦੇ ਯੋਗ ਹੋਏ। ਸਿਹਤ ਸਥਿਤੀ ਸਬੰਧੀ ਇਹਨਾਂ ਸੰਦੇਸ਼ਾਂ ਨੇ ਲਾਂਘੇ ਲਈ ਪਾਸ ਦਾ ਕੰਮ ਕੀਤਾ। ਉਹ ਥਾਂਵਾਂ ਜਿੱਥੇ ਐਨ.ਸੀ.ਓ.ਵੀ. ਦਾ ਸੰਕਰਮਣ ਬਹੁਤ ਜਿਆਦਾ ਪ੍ਰਚਲਿਤ ਸੀ, ਲੱਛਣ-ਯੁਕਤ ਮਰੀਜ਼ਾਂ ਨੂੰ ਮੋਬਾਈਲ ਫੋਨ ਦੀ ਟਰੈਕਿੰਗ ਰਾਹੀਂ ਟਰੈਕ ਕਰਕੇ ਵੱਖ ਕੀਤਾ ਗਿਆ। ਨੈਸ਼ਨਲ ਹੈਲਥ ਕਮਾਂਡ ਸੈਂਟਰ ਨੇ ਮਾਸਕ ਦੀ ਸਪਲਾਈ ਵਧਾ ਦਿੱਤੀ ਅਤੇ ਉਹਨਾਂ ਦੀ ਕੀਮਤ ਦੇ ਨਿਯੰਤਰਣ ’ਤੇ ਨਜ਼ਰ ਰੱਖੀ। ਇਸਨੇ ਫੇਸ ਮਾਸਕ ਦੇ ਭੰਡਾਰ ਵਾਲੀਆਂ ਫਾਰਮੇਸੀਆਂ ਦਾ ਨਕਸ਼ਾ ਪ੍ਰਦਾਨ ਕੀਤਾ।
ਚੀਨ ਵਿੱਚ, ਮੋਬਾਈਲ ਟਰੈਕਿੰਗ ਦੀ ਸਹਾਇਤਾ ਨਾਲ ਕੋਰੋਨਾ ਨਾਲ ਸੰਕਰਮਿਤ ਮਰੀਜਾਂ ਦੀਆਂ ਹਰਕਤਾਂ ਦੀ ਨਿਰੰਤਰ ਨਿਗਰਾਨੀ ਕੀਤੀ ਜਾਂਦੀ ਰਹੀ। ਇਸ ਨਾਲ ਵਾਇਰਸ ਦੇ ਹੋਰਨਾਂ ਇਲਾਕਿਆਂ ਵਿੱਚ ਫੈਲਣ ਨੂੰ ਘੱਟ ਕਰਨ ਵਿੱਚ ਮਦਦ ਮਿਲੀ। ਚੀਨੀ ਸਰਕਾਰ ਨੇ ਏ.ਆਈ. ਐਲਗੋਰਿਦਮ ਦੀ ਵਰਤੋਂ ਕੀਤੀ। ਦੇਸ਼ ਦੇ ਸਭ ਤੋਂ ਵੱਡੇ ਦੂਰਸੰਚਾਰ ਆਪਰੇਟਰ ਚਾਈਨਾ ਮੋਬਾਈਲ ਦੇ ਡਾਟਾਬੇਸ ਦੀ ਸਹਾਇਤਾ ਨਾਲ, ਸਰਕਾਰ ਨੇ ਆਪਣੇ ਨਾਗਰਿਕਾਂ ਦੀਆਂ ਹਰਕਤਾਂ ਨੂੰ ਟਰੈਕ ਕੀਤਾ। ਅਲੀਬਾਬਾ, ਬੈਦੂ ਅਤੇ ਹੁਵਾਵੇ ਵਰਗੀਆਂ ਵੱਡੀਆਂ ਕੰਪਨੀਆਂ ਦੇ ਨਾਲ ਕਈ ਹੋਰ ਸ਼ੁਰੂਆਤੀ ਕੰਪਨੀਆਂ ਸਾਂਝੇ ਤੌਰ ਤੇ ਵਾਇਰਸ ਦੀ ਰੋਕਥਾਮ ਲਈ ਲੜ ਰਹੀਆਂ ਹਨ। ਡਾਕਟਰ, ਹਸਪਤਾਲ, ਖੋਜ ਅਤੇ ਲੋਕ ਪ੍ਰਸਾਸ਼ਨ ਵਿਭਾਗ ਤਾਲਮੇਲ ਨਾਲ ਕੰਮ ਕਰ ਰਹੇ ਹਨ। ਅਲੀਬਾਬਾ ਨੇ ਇੱਕ ਨਿਦਾਨ ਪ੍ਰਣਾਲੀ ਪੇਸ਼ ਕੀਤੀ ਹੈ, ਜੋ ਏ.ਆਈ. ਦੀ ਵਰਤੋਂ ਕਰਦਿਆਂ ਸਕਿੰਟਾਂ ਵਿੱਚ ਕਰੋਨਾਵਾਇਰਸ ਨੂੰ ਟਰੈਕ ਕਰਦੀ ਹੈ।
ਹੁਣ ਤੱਕ ਇਸ ਵੱਲੋਂ ਟੈਸਟ ਕੀਤੇ ਗਏ ਕੇਸਾਂ ਵਿੱਚੋਂ 96 ਪ੍ਰਤੀਸ਼ਤ ਨਤੀਜੇ ਸਹੀ ਰਹੇ ਹਨ। ਇਹ ਨਾਵਲ ਪ੍ਰਣਾਲੀ ਸਿਹਤ ਵਿਭਾਗ ਕਰਮਚਾਰੀਆਂ ਅਤੇ ਹਸਪਤਾਲਾਂ ਦੇ ਬਚਾਅ ਵਜੋਂ ਸਾਹਮਣੇ ਆਈ ਹੈ। ਇਸ ਕਰੋਨਾਵਾਇਰਸ ਪ੍ਰਕੋਪ ਬਾਰੇ ਜਾਣਕਾਰੀ ਸਭ ਤੋਂ ਪਹਿਲਾਂ ਕੈਨੇਡੀਅਨ ਕੰਪਨੀ ਬਲੂਡਾਟ ਨੇ ਦਿੱਤੀ ਸੀ। ਹਰ ਰੋਜ਼ ਇਸ ਕੰਪਨੀ ਦਾ ਏ.ਆਈ. ਬੋਟ 65 ਭਾਸ਼ਾਵਾਂ ਵਿੱਚ ਪ੍ਰਕਾਸ਼ਤ ਹੋਣ ਵਾਲੇ ਲੱਖਾਂ ਲੇਖਾਂ, ਖ਼ਬਰਾਂ ਅਤੇ ਬਲਾੱਗਪੋਸਟਾਂ ਤੇ ਨਜ਼ਰ ਮਾਰਦਾ ਹੈ। ਇਸਨੇ 31 ਦਸੰਬਰ 2019 ਨੂੰ ਜਾਣਕਾਰੀ ਦਿੱਤੀ ਸੀ ਕਿ ਸਾਰਸ ਵਰਗੀ ਜਾਨਲੇਵਾ ਬਿਮਾਰੀ ਚੀਨ ਦੇ ਵੁਹਾਨ ਵਿਚ ਫੁੱਟਣ ਵਾਲੀ ਹੈ। ਇਹ ਚਿਤਾਵਨੀ ਡਬਲਯੂ.ਐਚ.ਓ. ਦੇ ਕੋਵਿਡ-19 ਨੂੰ ਜਨਤਕ ਸਿਹਤ ਐਮਰਜੈਂਸੀ ਘੋਸ਼ਿਤ ਕਰਨ ਤੋਂ 9 ਦਿਨ ਪਹਿਲਾਂ ਹੀ ਆ ਗਈ ਸੀ। ਬਲੂ-ਡਾਟ ਪ੍ਰਣਾਲੀ ਵੱਲੋਂ ਅਧਿਕਾਰੀਆਂ ਨੂੰ ਮੈਂਡਰਿਨ ਭਾਸ਼ਾ ਵਿੱਚ ਪ੍ਰਕਾਸ਼ਿਤ ਇੱਕ ਲੇਖ ਬਾਰੇ ਚੇਤਾਵਨੀ ਦਿੱਤੀ ਗਈ, ਜਿਸ ਵਿਚ ਲਿਖਿਆ ਸੀ ਕਿ ਵੂਹਾਨ ਦੇ ਕਿਸੇ ਵੈੱਟ ਬਾਜ਼ਾਰ ਦਾ ਦੌਰਾ ਕਰਨ ਤੋਂ ਬਾਅਦ 27 ਲੋਕ ਗੰਭੀਰ ਨਮੂਨੀਆ ਨਾਲ ਪੀੜਤ ਹੋਏ। ਬਲੂ-ਡਾਟ ਦੇ 40 ਕਰਮਚਾਰੀਆਂ ਵਿੱਚ ਡਾਕਟਰ, ਪਸ਼ੂ ਰੋਗੀਆਂ ਅਤੇ ਛੂਤ ਦੀਆਂ ਬਿਮਾਰੀਆਂ ਦੇ ਮਾਹਰ, ਡਾਟਾ ਵਿਗਿਆਨੀ ਅਤੇ ਸਾਫੱਟਵੇਅਰ ਡਿਵੈਲਪਰ ਸ਼ਾਮਲ ਹਨ। ਉਹ ਕੁਦਰਤੀ ਭਾਸ਼ਾ ਪ੍ਰੋਸੈਸਿੰਗ ਅਤੇ ਮਸ਼ੀਨ ਲਰਨਿੰਗ ਦੀ ਵਰਤੋਂ ਨਾਲ 65 ਭਾਸ਼ਾਵਾਂ ਵਿੱਚ ਪ੍ਰਕਾਸ਼ਿਤ ਲੇਖਾਂ ਦਾ ਵਿਸ਼ਲੇਸ਼ਣ ਕਰਦੇ ਹਨ। ਜੇਕਰ ਉਹਨਾਂ ਨੂੰ ਬਿਮਾਰੀ ਦੇ ਫੈਲਣ ਦੇ ਕੋਈ ਸੰਕੇਤ ਮਿਲਦੇ ਹਨ ਤਾਂ ਉਹ ਸੁਚੇਤ ਹੋ ਜਾਂਦੇ ਹਨ। ਦਰਅਸਲ, ਇਹ ਬਲੂ-ਡਾਟ ਹੀ ਸੀ, ਜਿਸਨੇ ਅਮਰੀਕਾ ਨੂੰ 2016 ਵਿਚ ਬ੍ਰਜ਼ੀਲ ਤੋਂ ਫੈਲੇ ਜ਼ੀਕਾ ਵਾਇਰਸ ਬਾਰੇ ਚੇਤਾਵਨੀ ਦਿੱਤੀ ਸੀ।
ਚੀਨ ਵਿੱਚ ਲਗਭਗ 80 ਪ੍ਰਤੀਸ਼ਤ ਲੈਣ-ਦੇਣ ਨਕਦੀ-ਰਹਿਤ ਹੈ। ਲੈਣ-ਦੇਣ ਅਲੀ-ਪੇ ਅਤੇ ਵੀ-ਚੈਟ ਵਰਗੇ ਐਪਸ ਰਾਹੀਂ ਕੀਤੇ ਜਾਂਦੇ ਹਨ। ਚੀਨੀ ਅਧਿਕਾਰੀ ਇਨ੍ਹਾਂ ਅੰਕੜਿਆਂ ਦੀ ਵਰਤੋਂ ਆਪਣੇ ਨਾਗਰਿਕਾਂ ਦੀਆਂ ਹਰਕਤਾਂ ਤੇ ਨਿਰੰਤਰ ਨਿਗਰਾਨੀ ਕਰਨ ਅਤੇ ਤੁਰੰਤ ਕਾਰਵਾਈ ਕਰਨ ਲਈ ਕਰ ਰਹੇ ਹਨ। ਚੀਨ ਦੀ ਕਮਿਯੂਨਿਸਟ ਪਾਰਟੀ ਨਿਗਰਾਨੀ ਲਈ ਫੇਸ਼ੀਅਲ ਰੀਕੋਗਨੀਸ਼ਨ ਤਕਨੀਕ ਦੀ ਵਰਤੋਂ ਕਰ ਰਹੀ ਹੈ। ਵਿਅਕਤੀਗਤ ਸਰੀਰ ਦੇ ਤਾਪਮਾਨ ਦਾ ਪਤਾ ਲਗਾਉਣ ਲਈ ਇਹ ਚਿਹਰੇ ਦੀ ਪਛਾਣ ਕਰਨ ਵਾਲੇ ਕੈਮਰੇ ਹੁਣ ਥਰਮਲ ਸੈਂਸਰਾਂ ਨਾਲ ਲੈਸ ਹਨ। ਸੈਂਸ ਟਾਈਮ ਨਾਮ ਦੀ ਇੱਕ ਕੰਪਨੀ ਇਸ ਤਕਨੀਕ ਨੂੰ ਚਲਾਉਣ ਲਈ ਸੌਫਟਵੇਅਰ ਪ੍ਰਦਾਨ ਕਰ ਰਹੀ ਹੈ। ਸਿਚੁਆਨ ਸੂਬੇ ਵਿਚ ਥਰਮਲ ਸੈਂਸਰਾਂ ਨਾਲ ਲੈਸ ਸਮਾਰਟ ਹੈਲਮੇਟ ਵੰਡੇ ਗਏ। ਬਿਗ ਡਾਟਾ ਅਤੇ ਏ.ਆਈ. ਵਰਗੇ ਆਧੁਨਿਕ ਉਪਕਰਣਾਂ ਦੀ ਵਰਤੋਂ ਕਰਦਿਆਂ, ਚੀਨੀ ਸਰਕਾਰ ਨੇ ਇੱਕ ਵਿਸ਼ਾਲ ਸਿਹਤ ਨਿਗਰਾਨ ਪ੍ਰਣਾਲੀ ਬਣਾਈ ਹੈ, ਜਿਸ ਨੂੰ ਹੈਲਥ-ਕੋਡ ਕਹਿੰਦੇ ਹਨ। ਇਹ ਕੋਡ ਸਰਕਾਰ ਨੂੰ ਮਰੀਜ਼ਾਂ ਦੇ ਯਾਤਰਾ ਦੇ ਇਤਿਹਾਸ, ਸੰਕਰਮਿਤ ਵਿਅਕਤੀਆਂ ਦੇ ਸੰਪਰਕ ਦੀ ਮਿਆਦ ਨੂੰ ਟਰੈਕ ਕਰਨ ਵਿੱਚ ਸਹਾਇਤਾ ਕਰਦਾ ਹੈ। ਅਲੀ-ਪੇਅ ਅਤੇ ਵੀ-ਚੈਟ ਐਪਸ ਲੋਕਾਂ ਨੂੰ ਆਪਣੇ ਲਈ ਇਹ ਪਤਾ ਲਗਾਉਣ ਵਿੱਚ ਸਹਾਇਤਾ ਕਰ ਰਹੇ ਹਨ ਕਿ ਕੀ ਉਹ ਘਰੋਂ ਬਾਹਰ ਉੱਦਮ ਕਰ ਸਕਦੇ ਹਨ ਜਾਂ ਘਰੇਲੂ ਕੁਆਰੰਟਾਈਨ ਵਿੱਚ ਹੀ ਰਹਿਣ। ਐਪ ਵਿੱਚ ਲਾਲ, ਪੀਲਾ ਅਤੇ ਗ੍ਰੀਨ ਕੋਡ ਯੋਗ ਕੀਤੇ ਗਏ ਸਨ। ਨਾਗਰਿਕ ਆਪਣੇ ਖੇਤਰ ਦੇ ਰੰਗ ਕੋਡਿੰਗ ਦੀ ਜਾਂਚ ਕਰ ਸਕਦੇ ਹਨ ਅਤੇ ਫੈਸਲਾ ਕਰ ਸਕਦੇ ਹਨ ਕਿ ਕੀ ਉਨ੍ਹਾਂ ਨੂੰ ਅਲੱਗ-ਥਲੱਗ ਹੋਣਾ ਜਾਰੀ ਰੱਖਣਾ ਚਾਹੀਦਾ ਹੈ।
ਟੈਨਸੈਂਟ ਕੰਪਨੀ ਦੁਆਰਾ ਵਿਕਸਤ ਕੀਤਾ ਗਿਆ ਵੀ-ਚੈਟ ਚੀਨੀ ਨਾਗਰਿਕਾਂ ਨੂੰ ਸਿਹਤ ਬੁਲੇਟਿਨ ਪ੍ਰਦਾਨ ਕਰ ਰਿਹਾ ਹੈ। ਯਾਤਰਾ ਅਤੇ ਸੈਰ-ਸਪਾਟਾ ਵਿੱਚ ਚੈਟ-ਬੌਟਸ ਦੀ ਵਰਤੋਂ ਕਰਦਿਆਂ, ਉਹ ਹਵਾਈ ਉਡਾਣਾਂ ਅਤੇ ਰੇਲ ਗੱਡਿਆਂ ਦੀ ਸਥਿਤੀ ਦਾ ਅਸਲ ਦ੍ਰਿਸ਼ ਪ੍ਰਦਾਨ ਕਰ ਰਹੇ ਹਨ। ਹੁਆਵੇਈ, ਟੈਨਸੈਂਟ ਅਤੇ ਡੀ.ਡੀ ਦੇ ਸੁਪਰ-ਕੰਪਿਊਟਰ ਖੋਜਕਰਤਾਵਾਂ ਨੂੰ ਕੋਵਿਡ-19 ਦਾ ਇਲਾਜ ਲੱਭਣ ਵਿੱਚ ਮਦਦ ਕਰਨ ਵਿੱਚ ਮਹੱਤਵਪੂਰਨ ਰਹੇ ਹਨ। ਹਾਂਗਕਾਂਗ ਤੋਂ ਲੈ ਕੇ ਇਜ਼ਰਾਈਲ ਰਾਹੀਂ ਅਮਰੀਕਾ ਤੱਕ, ਨਾਵਲ ਕੋਰੋਨਾ ਵਾਇਰਸ ਲਈ ਇਕ ਟੀਕਾ ਲੱਭਣ ਲਈ ਏ.ਆਈ. ਅਤੇ ਮਸ਼ੀਨ ਲਰਨਿੰਗ ਦੀ ਵਰਤੋਂ ਕੀਤੀ ਜਾ ਰਹੀ ਹੈ। ਭਾਵੇਂ ਇਹ ਪ੍ਰਯੋਗ ਸਫਲ ਵੀ ਹੁੰਦੇ ਹਨ, ਫਿਰ ਵੀ ਇਹ ਟੀਕਾ ਜਨਤਕ ਹੋਣ ਵਿਚ ਹੋਰ ਇੱਕ ਸਾਲ ਲਵੇਗਾ। ਇਸ ਦੌਰਾਨ, ਇਜ਼ਰਾਈਲ ਤੋਂ ਕੁਝ ਚੰਗੀ ਖ਼ਬਰ ਹੈ। ਇਜ਼ਰਾਈਲੀ ਮਿਗੁਏਲ ਨਾਮ ਦੀ ਇੱਕ ਸੰਸਥਾ ਚਿਕਨ ਵਿਚ ਸਾਹ ਦੀਆਂ ਬਿਮਾਰੀਆਂ ਦਾ ਇਲਾਜ਼ ਲੱਭਣ ਲਈ ਪ੍ਰਯੋਗ ਕਰ ਰਹੀ ਹੈ। ਇਨ੍ਹਾਂ ਵਿਗਿਆਨੀਆਂ ਨੇ ਆਪਣੇ ਪ੍ਰਯੋਗਾਂ ਨੂੰ ਇਕ ਵਿਸ਼ੇਸ਼ ਕਿਸਮ ਦੇ ਕੋਰੋਨਾਵਾਇਰਸ ਤੇ ਆਧਾਰਤ ਕੀਤਾ ਹੈ, ਜਿਸਦਾ ਡੀ.ਐਨ.ਏ. ਐਨ.ਸੀ.ਓ.ਵੀ. ਨਾਲ ਮਿਲਦਾ ਜੁਲਦਾ ਹੈ। ਇਜ਼ਰਾਈਲੀ ਮਿਗੁਏਲ ਸੰਸਥਾ ਨੇ ਘੋਸ਼ਣਾ ਕੀਤੀ ਹੈ ਕਿ ਜੇ ਉਨ੍ਹਾਂ ਦੀ ਖੋਜ ਸਫਲ ਹੁੰਦੀ ਹੈ ਤਾਂ ਉਹ ਤਿੰਨ ਮਹੀਨਿਆਂ ਦੇ ਅੰਦਰ-ਅੰਦਰ ਇੱਕ ਟੀਕਾ ਜਾਰੀ ਕਰ ਸਕਦੇ ਹਨ। ਸਾਰੀ ਦੁਨੀਆ ਬੇਸਬਰੀ ਨਾਲ ਟੀਕੇ ਦੀ ਉਡੀਕ ਕਰ ਰਹੀ ਹੈ। ਚੀਨੀ ਹਸਪਤਾਲਾਂ ਨੂੰ ਐਨ.ਸੀ.ਓ.ਵੀ. ਦੀ ਲਾਗ ਦੀ ਜਾਂਚ ਲਈ ਪ੍ਰਤੀ ਦਿਨ ਘੱਟੋ-ਘੱਟ 1000 ਸੀ.ਟੀ.ਸਕੈਨ ਲੈਣਾ ਪੈਂਦਾ ਹੈ। ਇਨਫੋਰਵਿਜ਼ਨ ਕੰਪਨੀ ਦੇ ਏ.ਆਈ. ਸੋਲਿਯੂਸ਼ਨਜ਼ ਇਨ੍ਹਾਂ ਟੈਸਟ ਸਕੈਨਾਂ ਦੇ ਨਤੀਜੇ ਤੇਜ਼ੀ ਨਾਲ ਦੇਣ ਵਿੱਚ ਸਹਾਇਤਾ ਕਰ ਰਹੇ ਹਨ। ਅਲੀਬਾਬਾ ਸਮੂਹ ਦਾ ਐਂਟੀ ਫਾਇਨਾਂਸ਼ਲਜ਼ ਤੇਜ਼ੀ ਨਾਲ ਸਿਹਤ ਬੀਮੇ ਦੇ ਭੁਗਤਾਨਾਂ ਲਈ ਬਲਾਕਚੈਨ ਤਕਨੀਕ ਦੀ ਵਰਤੋਂ ਕਰ ਰਿਹਾ ਹੈ।
ਇਹਨਾਂ ਸਾਰੇ ਉਪਾਵਾਂ ਦੇ ਨਾਲ, ਹਸਪਤਾਲਾਂ ਦੇ ਸਟਾਫ ਅਤੇ ਮਰੀਜ਼ਾਂ ਦੇ ਵਿਚਕਾਰ ਮਿਲਾਪ ਦਾ ਸਮਾਂ ਅਤੇ ਸੰਪਰਕ ਕਾਫ਼ੀ ਘਟ ਗਿਆ। ਵਾਇਰਸ ਰੋਬੋਟਾਂ ਨੂੰ ਸੰਕਰਮਿਤ ਨਹੀਂ ਕਰਦਾ, ਇਸ ਲਈ ਇਮਾਰਤਾਂ ਅਤੇ ਜਨਤਕ ਥਾਵਾਂ ਨੂੰ ਰੋਗਾਣੂ ਮੁਕਤ ਕਰਨ ਲਈ ਰੋਬੋਟ ਵਰਤੇ ਗਏ। ਚੀਨ ਸਥਿਤ ਪੁਡੂ ਟੈਕਨੋਲੋਜੀ ਨਾਮ ਦੀ ਕੰਪਨੀ ਨੇ ਇਹਨਾਂ ਰੋਬੋਟਾਂ ਦਾ ਨਿਰਮਾਣ ਕੀਤਾ ਹੈ, ਜਿਹਨਾਂ ਦੀ ਵਰਤੋਂ ਮਰੀਜ਼ ਨੂੰ ਭੋਜਨ ਅਤੇ ਦਵਾਈਆਂ ਦੀ ਸਪਲਾਈ ਲਈ ਕੀਤੀ ਗਈ। ਟੈਰਾ ਕੰਪਨੀ ਦੁਆਰਾ ਤਿਆਰ ਕੀਤੇ ਗਏ ਡਰੋਨ ਦੀ ਵਰਤੋਂ ਟੈਸਟ ਦੇ ਨਤੀਜੇ ਅਤੇ ਕੁਆਰੰਟਾਈਨ ਉਪਕਰਣ ਪ੍ਰਦਾਨ ਕਰਨ ਲਈ ਕੀਤੀ ਗਈ। ਉਹ ਇਕੱਠ ਅਤੇ ਛੂਤ ਤੋਂ ਬਚਣ ਲਈ ਜਨਤਕ ਥਾਵਾਂ ਦਾ ਨਿਰੰਤਰ ਸਰਵੇਖਣ ਕਰ ਰਹੇ ਹਨ।