ਚਮੋਲੀ(ਦੇਹਰਾਦੂਨ): ਕੋਰੋਨਾ ਮਹਾਂਮਾਰੀ ਕਾਰਨ ਹੇਮਕੁੰਟ ਸਾਹਿਬ ਦੀ ਸਾਲਾਨਾ ਯਾਤਰਾ ਇਸ ਵਾਰ 3 ਮਹੀਨੇ ਪੱਛੜ ਕੇ 4 ਸਤੰਬਰ ਤੋਂ ਅਰੰਭ ਹੋ ਰਹੀ ਹੈ, ਜੋ ਲਗਪਗ ਇੱਕ ਮਹੀਨਾ ਚੱਲੇਗੀ। ਹੇਮਕੁੰਟ ਸਾਹਿਬ ਦੇ ਕਪਾਟ ਸ਼ੁੱਕਰਵਾਰ ਨੂੰ ਪੰਜ ਪਿਆਰਾਂ ਦੀ ਅਗਵਾਈ ਵਿੱਚ ਖੁੱਲ੍ਹਣਗੇ। ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹੇਮਕੁੰਟ ਸਾਹਿਬ ਦੇ ਕਪਾਟ ਖੋਲ੍ਹਣ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀਰਵਾਰ ਨੂੰ ਸਿੱਖ ਸ਼ਰਧਾਲੂਆਂ ਦੇ ਪਹਿਲੇ ਜੱਥੇ ਨੂੰ ਪੰਜ ਪਿਆਰਿਆਂ ਨਾਲ ਗੋਵਿੰਦਘਾਟ ਤੋਂ ਸ਼ੁੱਕਰਵਾਰ ਸਵੇਰੇ ਹੇਮਕੁੰਟ ਸਾਹਿਬ ਪਹੁੰਚਣ ਲਈ ਰਵਾਨਾ ਕੀਤਾ ਗਿਆ।
ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਕ ਸੇਵਾ ਸਿੰਘ ਨੇ ਦੱਸਿਆ ਕਿ 4 ਸਤੰਬਰ ਨੂੰ ਹੇਮਕੁੰਟ ਸਾਹਿਬ ਦੇ ਕਪਾਟ ਪਹਿਲੀ ਅਰਦਾਸ ਦੇ ਨਾਲ ਆਮ ਸ਼ਰਧਾਲੂਆਂ ਲਈ ਖੋਲ੍ਹ ਦਿੱਤੇ ਜਾਣਗੇ। ਕੋਰੋਨਾ ਮਹਾਂਮਾਰੀ ਦੇ ਕਾਰਨ, ਇਸ ਵਾਰ ਸਤੰਬਰ ਮਹੀਨੇ ਵਿੱਚ ਹੇਮਕੁੰਟ ਸਾਹਿਬ ਦੇ ਦਰਵਾਜ਼ੇ ਖੁੱਲ੍ਹ ਰਹੇ ਹਨ। ਪ੍ਰਬੰਧਕੀ ਕਮੇਟੀ ਜ਼ਿਲ੍ਹਾ ਪ੍ਰਸ਼ਾਸਨ ਦੇ ਨਿਰਦੇਸ਼ਾਂ ਅਨੁਸਾਰ ਸਮਾਜਕ ਦੂਰੀਆਂ ਦਾ ਪੂਰਾ ਧਿਆਨ ਰੱਖੇਗੀ।

ਹੇਮਕੁੰਟ ਸਾਹਿਬ ਕਪਾਟ ਖੋਲ੍ਹਣਾ ਦਾ ਵੇਰਵਾ
- ਘਾਂਘਰੀਆ ਤੋਂ ਪਹਿਲਾ ਜੱਥਾ ਸ਼ੁੱਕਰਵਾਰ ਸਵੇਰੇ 5.30 ਵਜੇ ਹੇਮਕੁੰਟ ਸਾਹਿਬ ਲਈ ਰਵਾਨਾ ਹੋਵੇਗਾ।
- ਸੱਚਖੰਡ ਤੋਂ ਗੁਰੂ ਗ੍ਰੰਥ ਸਾਹਿਬ ਨੂੰ ਸਵੇਰੇ 9 ਵਜੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਦਰਬਾਰ ਸਾਹਿਬ ਪਹੁੰਚਾਇਆ ਜਾਵੇਗਾ।
- ਹੇਮਕੁੰਟ ਸਾਹਿਬ ਕਪਾਟ ਸ਼ੁੱਕਰਵਾਰ ਨੂੰ ਸਵੇਰੇ 10 ਵਜੇ ਖੁੱਲ੍ਹਣਗੇ। ਹੇਮਕੁੰਟ ਸਾਹਿਬ ਦੇ ਕਪਾਟ ਸਵੇਰੇ 10 ਵਜੇ ਖੁੱਲ੍ਹਣ ਤੋਂ ਬਾਅਦ ਸੁਖਮਨੀ ਸਾਹਿਬ ਦਾ ਪਾਠ ਕੀਤਾ ਜਾਵੇਗਾ।
- ਸ਼ਬਦ ਕੀਰਤਨ ਸਵੇਰੇ 11.20 ਵਜੇ ਹੋਵੇਗਾ। ਇਸ ਸਾਲ ਦੀ ਪਹਿਲੀ ਅਰਦਾਸ ਦੁਪਹਿਰ 12.30 ਵਜੇ ਹੋਵੇਗੀ।
ਦੱਸ ਦਈਏ ਕਿ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਇੱਕ ਦਿਨ ਵਿੱਚ ਸਿਰਫ 100 ਸ਼ਰਧਾਲੂਆਂ ਨੂੰ ਹੇਮਕੁੰਟ ਸਾਹਿਬ ਦੇ ਦਰਸ਼ਨ ਕਰਨ ਦੀ ਆਗਿਆ ਦਿੱਤੀ ਗਈ ਹੈ। ਪ੍ਰਬੰਧਕ ਕਮੇਟੀ ਦੇ ਪ੍ਰਬੰਧਕ ਦੁਆਰਾ ਫੈਸਲਾ ਕੀਤਾ ਗਿਆ ਹੈ ਕਿ ਸਰਕਾਰ ਅਤੇ ਪ੍ਰਸ਼ਾਸਨ ਦੀਆਂ ਜੋ ਵੀ ਹਦਾਇਤਾਂ ਹਨ, ਉਨ੍ਹਾਂ ਦਾ ਪਾਲਣ ਕੀਤਾ ਜਾਵੇਗਾ। ਨਿਯਮਾਂ ਅਨੁਸਾਰ ਰਾਜ ਤੋਂ ਬਾਹਰੋਂ ਆਉਣ ਵਾਲੇ ਸ਼ਰਧਾਲੂਆਂ ਨੂੰ 72 ਘੰਟੇ ਪਹਿਲਾਂ ਕੋਰੋਨਾ ਟੈਸਟ ਰਿਪੋਰਟ ਨੈਗਟਿਵ ਹੋਣੀ ਚਾਹੀਦੀ ਹੈ ਤਾਂ ਹੀ ਹੇਮਕੁੰਟ ਸਾਹਿਬ ਜਾਣ ਦੀ ਆਗਿਆ ਹੋਵੇਗੀ।