ਪਟਿਆਲਾ: ਜ਼ਿਲ੍ਹਾ ਪਟਿਆਲਾ ਦੀ ਘਲੋੜੀ ਗੇਟ ਮੜੀਆਂ ਵਿੱਚ 29 ਸਾਲ ਦੇ ਨੌਜਵਾਨ ਨਵਨੀਤ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਿਕ ਸਵੇਰੇ ਤੜਕੇ ਸ਼ਮਸ਼ਾਨ ਘਾਟ ਵਿੱਚ 29 ਸਾਲ ਦਾ ਨੌਜਵਾਨ ਨਵਨੀਤ ਸਿੰਘ ਆਪਣੇ ਤਾਏ ਦੀ ਮੌਤ ਮਗਰੋਂ ਅਸਥੀਆਂ ਚੁਗਣ ਲਈ ਆਇਆ ਸੀ ਪਰ ਇਸ ਦੌਰਾਨ ਪਹਿਲਾਂ ਤੋਂ ਹੀ ਫੀਲਡਿੰਗ ਲਗਾ ਕੇ ਬੈਠੇ ਅਣਪਛਾਤਿਆਂ ਨੇ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਅਤੇ ਫਰਾਰ ਹੋ ਗਏ।
ਸਮਸ਼ਾਨ ਘਾਟ ਵਿੱਚ ਫੁੱਲ ਚੁਗਣ ਲਈ ਗਿਆ ਸੀ ਮ੍ਰਿਤਕ
ਪੁਲਿਸ ਮੁਤਾਬਿਕ ਨਵਨੀਤ ਸਿੰਘ ਦੇ ਤਾਇਆ ਜੀ ਦੀ ਮੌਤ ਹੋ ਗਈ ਸੀ। ਸ਼ੁੱਕਰਵਾਰ ਦੀ ਸਵੇਰ ਨਵਨੀਤ ਸਿੰਘ ਕਲੋੜੀ ਗੇਟ ਸਥਿਤ ਸ਼ਮਸ਼ਾਨ ਘਾਟ ਵਿੱਚ ਫੁੱਲ ਚੁਗਣ ਲਈ ਪਹੁੰਚਿਆ ਸੀ। ਨਵਨੀਤ ਆਪਣੀ ਕਾਰ ਪਾਰਕਿੰਗ ਵਿੱਚ ਲਗਾ ਕੇ ਸ਼ਮਸ਼ਾਨ ਘਾਟ ਦੇ ਅੰਦਰ ਪਹੁੰਚਿਆ ਹੀ ਸੀ ਕਿ ਇੱਥੇ ਪਹਿਲਾਂ ਤੋਂ ਹੀ ਬੈਠੇ ਦੋ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਉਸ ਦਾ ਕਤਲ ਕਰ ਦਿੱਤਾ। ਐਸਪੀਡੀ ਯੁਗੇਸ਼ ਸ਼ਰਮਾ ਇੰਚਾਰਜ ਸੀਆਈ ਸਟਾਫ ਅਤੇ ਇਸ ਤੋਂ ਇਲਾਵਾ ਪੁਲਿਸ ਦੀਆਂ ਵੱਖ-ਵੱਖ ਟੀਮਾਂ ਮੌਕੇ ਉੱਤੇ ਪਹੁੰਚ ਗਈਆਂ ਸਨ।
ਨੌਜਵਾਨ ਦੀ ਮੌਕੇ ਉੱਤੇ ਮੌਤ
ਸਰਫਰਾਜ਼ ਆਲਮ ਐੱਸਪੀ ਸਿਟੀ ਨੇ ਵਧੇਰੇ ਜਾਣਕਾਰੀ ਸਾਂਝੀ ਕਰਦਿਆਂ ਆਖਿਆ ਕਿ ਪ੍ਰਤੱਖਦਰਸ਼ੀਆਂ ਮੁਤਾਬਿਕ ਜਦੋਂ ਮ੍ਰਿਤਕ ਨੌਜਵਾਨ ਆਪਣੇ ਤਾਇਆ ਜੀ ਦੀਆਂ ਅਸਥੀਆਂ ਚੁਗਣ ਲਈ ਪਹੁੰਚਿਆਂ ਤਾਂ ਦੋ ਅਣਪਛਾਤੇ ਹਮਲਾਵਰਾਂ ਨੇ ਦੋ ਗੋਲ਼ੀਆਂ ਦਾਗੀਆਂ ਜੋ ਨਵਨੀਤ ਸਿੰਘ ਨੂੰ ਲੱਗੀਆਂ, ਜਿਸ ਕਾਰਣ 29 ਸਾਲ ਦੇ ਨੌਜਵਾਨ ਦੀ ਮੌਕੇ ਉੱਤੇ ਹੀ ਮੌਤ ਹੋ ਗਈ। ਪੁਲਿਸ ਦਾ ਕਹਿਣਾ ਹੈ ਕਿ ਇਸ ਕਤਲ ਪਿੱਛੇ ਕੋਈ ਨਿੱਜੀ ਕਾਰਣ ਸੀ ਜਾਂ ਕਿ ਕੋਈ ਗੈਂਗਸਟਰ ਐਂਗਲ ਹੈ, ਫਿਲਹਾਲ ਇਸ ਸਬੰਧੀ ਕੁੱਝ ਵੀ ਨਹੀਂ ਕਿਹਾ ਜਾ ਸਕਦਾ। ਪੁਲਿਸ ਮੁਤਾਬਿਕ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ ਅਤੇ ਜਲਦ ਹੀ ਹਮਲਾਵਰਾਂ ਨੂੰ ਕਾਬੂ ਕਰਕੇ ਮਾਮਲਾ ਸੁਲਝਾ ਲਿਆ ਜਾਵੇਗਾ।