ਲੁਧਿਆਣਾ: ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਤਿੰਨ ਸਾਲ ਦਾ ਸਮਾਂ ਹੋ ਚੁੱਕਾ ਹੈ। ਹਾਲਾਂਕਿ ਆਮ ਆਦਮੀ ਪਾਰਟੀ ਨੇ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਦਾਅਵਾ ਕੀਤਾ ਸੀ ਕਿ ਤਿੰਨ ਮਹੀਨੇ ਦੇ ਵਿੱਚ ਨਸ਼ਾ ਖਤਮ ਕਰ ਦੇਣਗੇ। ਹਾਲਾਂਕਿ ਕੈਪਟਨ ਅਮਰਿੰਦਰ ਸਿੰਘ ਦੇ ਇੱਕ ਮਹੀਨੇ 'ਚ ਨਸ਼ਾ ਖਤਮ ਕਰਨ ਵਾਲੇ ਬਿਆਨ ਤੋਂ ਇਹ ਦੋ ਮਹੀਨੇ ਜਿਆਦਾ ਸੀ ਪਰ ਇਨ੍ਹਾਂ ਤਿੰਨ ਸਾਲਾਂ ਦੇ ਵਿੱਚ ਨਾ ਹੀ ਪੰਜਾਬ ਦੇ ਵਿੱਚੋਂ ਨਸ਼ਾ ਕਰਨ ਵਾਲੇ ਘਟੇ ਅਤੇ ਨਾ ਹੀ ਨਸ਼ਾ ਵੇਚਣ ਵਾਲੇ ਘੱਟ ਹੋਏ ਹਨ। ਇਹ ਦਾਅਵਾ ਭਾਜਪਾ ਨੇ ਕੀਤਾ ਹੈ। ਹਾਲਾਂਕਿ ਹੁਣ ਦਿੱਲੀ ਦੇ ਵਿੱਚ ਹੋਈ ਕਰਾਰੀ ਹਾਰ ਤੋਂ ਬਾਅਦ ਪੰਜਾਬ ਸਰਕਾਰ ਨੇ ਨਸ਼ੇ ਦੇ ਵਿਰੁੱਧ ਪੰਜਾਬ ਦੇ ਅੰਦਰ ਜ਼ਰੂਰ ਗਤੀਵਿਧੀਆਂ ਤੇਜ਼ ਕਰ ਦਿੱਤੀਆਂ ਹਨ। ਬੀਤੇ ਦਿਨੀਂ ਲੁਧਿਆਣਾ ਦੇ ਪਿੰਡ ਤਲਵੰਡੀ, ਫਿਰ ਭਾਈ ਹਿੰਮਤ ਸਿੰਘ ਨਗਰ ਅਤੇ ਕ੍ਰਿਸ਼ਨਾ ਕਲੋਨੀ ਇੰਦਰਾ ਮਾਰਕੀਟ ਟਰਾਂਸਪੋਰਟਰ ਨਗਰ ਦੇ ਵਿੱਚ ਲੜੀਵਾਰ ਨਸ਼ੇ ਦੇ ਸੌਦਾਗਰਾਂ ਵੱਲੋਂ ਬਣਾਈ ਗਈ ਆ ਜਾਇਦਾਦਾਂ ਤੇ ਬੁਲਡੋਜ਼ਰ ਚਲਾਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ।
ਵਿਰੋਧੀਆਂ ਵਲੋਂ ਸਵਾਲ
ਪੰਜਾਬ ਸਰਕਾਰ ਵੱਲੋਂ ਨਸ਼ੇ ਅਤੇ ਨਸ਼ੇ ਵੇਚਣ ਵਾਲਿਆਂ ਦੇ ਖਿਲਾਫ਼ ਸ਼ੁਰੂ ਕੀਤੀ ਗਈ ਕਾਰਵਾਈਆਂ ਦਾ ਭਾਵੇਂ ਵਿਰੋਧੀ ਪਾਰਟੀਆਂ ਨੇ ਸਵਾਗਤ ਕੀਤਾ ਪਰ ਇਸ ਨੂੰ ਕਾਫੀ ਦੇਰ ਨਾਲ ਕੀਤੀ ਗਈ ਕਾਰਵਾਈ ਦੱਸਿਆ। ਲੁਧਿਆਣਾ ਤੋਂ ਭਾਜਪਾ ਦੇ ਸੂਬਾ ਜਨਰਲ ਸਕੱਤਰ ਅਨਿਲ ਸਰੀਮ ਨੇ ਕਿਹਾ ਹੈ ਕਿ ਜਦੋਂ ਯੂਪੀ ਦੇ ਵਿੱਚ ਯੋਗੀ ਅਦਿਤਿਆਨਾਥ ਨਸ਼ੇ ਦੀ ਸੌਦਾਗਰਾਂ ਦੇ ਘਰ ਤੋੜਦੇ ਸਨ ਤਾਂ ਆਮ ਆਦਮੀ ਪਾਰਟੀ ਇਸ ਨੂੰ ਗਲਤ ਦੱਸਦੀ ਸੀ ਅਤੇ ਅੱਜ ਹੁਣ ਖੁਦ ਹੀ ਭਾਜਪਾ ਦੀ ਯੂਪੀ ਸਰਕਾਰ ਦੀ ਤਰਜ 'ਤੇ ਪੰਜਾਬ ਸਰਕਾਰ ਨਸ਼ੇ ਵੇਚਣ ਵਾਲਿਆਂ ਦੇ ਖਿਲਾਫ਼ ਕਾਰਵਾਈਆਂ ਕਰ ਰਹੀ ਹੈ। ਅਨਿਲ ਸਰੀਨ ਨੇ ਕਿਹਾ ਕਿ ਤਿੰਨ ਮਹੀਨੇ ਦੇ ਵਿੱਚ ਨਸ਼ਾ ਖਤਮ ਕਰਨ ਦਾ ਦਾਅਵਾ ਕਰਨ ਵਾਲੀ ਪੰਜਾਬ ਸਰਕਾਰ ਨੇ ਤਿੰਨ ਸਾਲ ਦਾ ਸਮਾਂ ਹੋ ਚੁੱਕਾ ਹੈ ਪਰ ਨਸ਼ਾ ਘੱਟਣ ਦੀ ਥਾਂ 'ਤੇ ਹੋਰ ਵੱਧ ਗਿਆ ਹੈ। ਸ਼ਰੇਆਮ ਨਸ਼ਾ ਵਿਕ ਰਿਹਾ ਹੈ।

ਪਿੰਡਾਂ 'ਚ ਨਸ਼ੇ
ਭਾਜਪਾ ਆਗੂ ਵੱਲੋਂ ਕੀਤੇ ਗਏ ਦਾਅਵੇ ਦੀ ਪ੍ਰਮਾਣਤਾ ਵੀ ਬੀਤੇ ਦਿਨ ਲੁਧਿਆਣਾ ਦੇ ਪਿੰਡ ਨਾਰੰਗਵਾਲ ਦੇ ਵਿੱਚ ਵੇਖਣ ਨੂੰ ਮਿਲੀ ਜਦੋਂ ਸ਼ਰੇਆਮ ਪਿੰਡ ਨਾਰੰਗਵਾਲ ਦੇ ਵਿੱਚ ਇੱਕ ਨਹੀਂ ਸਗੋਂ ਦਰਜਨਾਂ ਦੀ ਗਿਣਤੀ ਦੇ ਵਿੱਚ ਲੋਕ ਗਾਂਜਾ ਖਰੀਦਣ ਲਈ ਲਾਈਨਾਂ ਲਗਾ ਕੇ ਪਹੁੰਚਣ ਲੱਗੇ। ਪਿੰਡ ਵਾਸੀਆਂ ਨੇ ਵੀ ਪੱਕਾ ਮੋਰਚਾ ਲਗਾਇਆ ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਇਸ ਵਿੱਚ ਵੇਖਿਆ ਜਾ ਸਕਦਾ ਹੈ ਕਿ ਪਿੰਡ ਦੇ ਲੋਕ ਪਿੰਡ ਵਿੱਚ ਆ ਰਹੇ ਲੋਕਾਂ ਨੂੰ ਘੇਰ ਕੇ ਪੁੱਛ ਰਹੇ ਹਨ। ਉਨ੍ਹਾਂ ਦਾ ਇੱਥੇ ਆਉਣ ਦਾ ਕਾਰਨ ਕੀ ਹੈ ਤਾਂ ਉਹ ਦੱਸਦੇ ਨੇ ਕਿ ਉਹ ਨਸ਼ਾ ਖਰੀਦਣ ਆਏ ਹਨ। ਪਿੰਡਾਂ ਦੇ ਵਿੱਚ ਇਹ ਹਾਲਾਤ ਖੁਦ ਇਹ ਬਿਆਨ ਕਰਦੇ ਹਨ ਕਿ ਨਸ਼ੇ 'ਤੇ ਠੱਲ ਪਾਉਣ ਦੇ ਸਰਕਾਰ ਦੇ ਦਾਅਵੇ ਕਿੰਨੇ ਕੁ ਸਹੀ ਸਾਬਿਤ ਹੋਏ ਹਨ।

ਕੈਬਨਿਟ ਕਮੇਟੀ ਦਾ ਗਠਨ
ਵਿਧਾਨ ਸਭਾ ਦੇ ਸੈਸ਼ਨ ਦੇ ਦੌਰਾਨ ਪੰਜਾਬ ਸਰਕਾਰ ਵੱਲੋਂ ਪੰਜ ਕੈਬਨਿਟ ਮੰਤਰੀਆਂ ਦੀ ਅਗਵਾਈ ਵਾਲੀ ਇੱਕ ਵਿਸ਼ੇਸ਼ ਕਮੇਟੀ ਦਾ ਗਠਨ ਵੀ ਕੀਤਾ ਹੈ। ਜਿਹੜੀ ਸੂਬੇ ਦੇ ਵਿੱਚ ਨਸ਼ੇ ਦੇ ਖਿਲਾਫ਼ ਕੰਮ ਕਰੇਗੀ। ਨਸ਼ਾ ਵਿਰੋਧੀ ਮੁਹਿੰਮ ਦੇ ਲਈ ਸਰਕਾਰ ਨੇ 12 ਕਰੋੜ ਰੁਪਏ ਦਾ ਬਜਟ ਵੀ ਵੱਖਰਾ ਰੱਖਿਆ ਹੈ। ਜਿਸ ਵਿੱਚ ਸਾਫਟਵੇਅਰ ਹਾਰਡਵੇਅਰ ਅਤੇ ਹੋਰ ਬੁਨਿਆਦੀ ਢਾਂਚੇ ਖਰੀਦਦਾਰੀ ਕਰਨਾ ਹੈ। ਬੀਤੇ ਦਿਨੀਂ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਦੇ ਮੁਤਾਬਿਕ 379 ਤੋਂ ਵੱਧ ਨਸ਼ਾ ਤਸਕਰਾਂ ਨੂੰ ਫੜਿਆ ਗਿਆ ਤੇ 173 ਕਰੋੜ ਰੁਪਏ ਦੇ ਨਜਾਇਜ਼ ਨਸ਼ੀਲੀ ਸਮਗਰੀ ਵੀ ਬਰਾਮਦ ਕੀਤੀ।

ਨਸ਼ੇ ਨਾਲ ਮੌਤਾਂ
ਐਨਸੀਆਰਬੀ ਅਤੇ ਸਮਾਜਿਕ ਸੁਰੱਖਿਆ ਅਤੇ ਇੰਪਾਵਰਮੈਂਟ ਵਿਭਾਗ ਵੱਲੋਂ ਪੇਸ਼ ਕੀਤੀ ਗਈ ਰਿਪੋਰਟ ਦੇ ਮੁਤਾਬਿਕ ਪੰਜਾਬ ਦੇ ਅੰਦਰ 19 ਮਹੀਨਿਆਂ ਦੇ ਦੌਰਾਨ 272 ਲੋਕਾਂ ਦੀ ਨਸ਼ੇ ਦੇ ਨਾਲ ਮੌਤ ਹੋਈ ਹੈ। ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਵੱਲੋ ਜੋ ਅੰਕੜੇ ਪੇਸ਼ ਕੀਤੇ ਗਏ ਹਨ, ਜਿਸ ਵਿੱਚ ਸਾਲ 2017 ਤੋਂ ਲੈ ਕੇ 2021 ਦੇ ਵਿੱਚ 272 ਲੋਕਾਂ ਦੀ ਨਸ਼ੇ ਕਾਰਨ ਮੌਤ ਹੋ ਗਈ। ਉਸ ਤੋਂ ਬਾਅਦ 2021 ਤੋਂ ਲੈ ਕੇ 2023 ਦੇ ਵਿੱਚ 19 ਮਹੀਨਿਆਂ ਦੌਰਾਨ ਹੀ ਇੰਨੀਆਂ ਹੀ ਮੌਤਾਂ ਹੋ ਗਈਆਂ। ਲੱਖਾਂ ਦੀ ਤਦਾਦ ਦੇ ਵਿੱਚ ਪੰਜਾਬ ਦੇ ਨੌਜਵਾਨ ਨਸ਼ੇ ਦੀ ਗ੍ਰਿਫਤ ਦੇ ਵਿੱਚ ਹਨ। ਪੰਜਾਬ ਦੇ ਚਾਰ ਜ਼ਿਲ੍ਹਿਆਂ ਦੇ ਵਿੱਚ ਹਾਲਾਤ ਜ਼ਿਆਦਾ ਖਰਾਬ ਹਨ, ਜਿਨ੍ਹਾਂ ਵਿੱਚ ਮੋਗਾ, ਫਿਰੋਜ਼ਪੁਰ, ਲੁਧਿਆਣਾ ਅਤੇ ਬਠਿੰਡਾ ਸ਼ਾਮਿਲ ਹੈ। ਜਿੱਥੇ ਸਾਲ 2022 ਅਤੇ 2023 ਦੇ ਵਿੱਚ ਇੰਨਾਂ ਚਾਰ ਜ਼ਿਲ੍ਹਿਆਂ ਵਿੱਚ ਨਸ਼ੇ ਦੇ ਕਾਰਨ 235 ਲੋਕਾਂ ਦੀ ਜਾਨ ਚਲੀ ਗਈ। 2022 ਦੇ ਵਿੱਚ ਮੋਗਾ ਅੰਦਰ 37, ਫਿਰੋਜ਼ਪੁਰ ਦੇ ਵਿੱਚ 35 ਅਤੇ ਬਠਿੰਡਾ ਦੇ ਵਿੱਚ 22 ਨੌਜਵਾਨਾਂ ਦੀ ਮੌਤ ਹੋਈ, ਜਦੋਂ ਕਿ 2023 ਦੇ ਵਿੱਚ ਬਠਿੰਡਾ ਅੰਦਰ 10, ਫਿਰੋਜ਼ਪੁਰ ਅੰਦਰ 21 ਅਤੇ ਬਠਿੰਡਾ ਚ 10 ਲੋਕਾਂ ਦੀ ਨਸ਼ੇ ਕਾਰਨ ਮੌਤ ਹੋਈ। ਐਨਸੀਆਰਬੀ ਦੇ ਅੰਕੜੇ ਦੱਸਦੇ ਹਨ ਕਿ ਸੂਬੇ ਦੇ ਵਿੱਚ ਪਿਛਲੇ ਸੱਤ ਸਾਲਾਂ ਦੇ ਦੌਰਾਨ ਨਸ਼ੇ ਦੀ ਓਵਰਡੋਜ਼ ਕਾਰਨ 544 ਲੋਕਾਂ ਦੀ ਮੌਤ ਹੋਈ ਹੈ। ਮਰਨ ਵਾਲਿਆਂ ਵਿੱਚ ਜ਼ਿਆਦਾਤਰ ਦੀ ਗਿਣਤੀ 18 ਤੋਂ ਲੈ ਕੇ 30 ਸਾਲ ਦੇ ਵਿਚਕਾਰ ਹੈ।

ਸਰਕਾਰ ਦਾ ਦਾਅਵਾ
ਹਾਲਾਂਕਿ ਇਸ ਨੂੰ ਲੈ ਕੇ ਕੇਂਦਰੀ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਸ਼ੋਕ ਪਰਾਸ਼ਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਖੁਦ ਮੰਨਿਆ ਕਿ ਨਸ਼ੇ ਦੇ ਖਾਤਮੇ ਲਈ ਪੰਜਾਬ ਸਰਕਾਰ ਵੱਲੋਂ ਜੀਰੋ ਟਾਲਰੈਂਸ ਦੀ ਨੀਤੀ ਅਪਣਾਈ ਗਈ ਹੈ। ਉਨ੍ਹਾਂ ਕਿਹਾ ਕਿ ਨਸ਼ਾ ਵੇਚਣ ਵਾਲਿਆਂ ਨੂੰ ਕਿਸੇ ਵੀ ਸੂਰਤ 'ਚ ਬਖਸ਼ਿਆ ਨਹੀਂ ਜਾਵੇਗਾ ਪਰ ਜੇਕਰ ਕੋਈ ਵੀ ਨਸ਼ਾ ਛੱਡਣਾ ਚਾਹੁੰਦਾ ਹੈ, ਭਾਵ ਕੋਈ ਨੌਜਵਾਨ ਨਸ਼ੇ ਦੀ ਦਲਦਲ ਦੇ ਵਿੱਚ ਫਸ ਚੁੱਕਾ ਹੈ ਤਾਂ ਉਹ ਉਸ ਦੇ ਇਲਾਜ ਤੋਂ ਲੈ ਕੇ ਹਰ ਤਰ੍ਹਾਂ ਦੀ ਖਰਚੇ ਚੁੱਕਣ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਅਜਿਹੇ ਕਈ ਨੌਜਵਾਨਾਂ ਦੀ ਜ਼ਿੰਦਗੀ ਵੀ ਉਨ੍ਹਾਂ ਨੇ ਬਦਲੀ ਹੈ ਅਤੇ ਹੁਣ ਵੀ ਉਹ ਉਨ੍ਹਾਂ ਨੂੰ ਸੱਦਾ ਦਿੰਦੇ ਹਨ ਕਿ ਜੇਕਰ ਕੋਈ ਨੌਜਵਾਨ ਨਸ਼ਾ ਛੱਡਣਾ ਚਾਹੁੰਦਾ ਹੈ ਤਾਂ ਉਨ੍ਹਾਂ ਤੱਕ ਪਹੁੰਚ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸੇ ਕਰਕੇ ਬੀਤੇ ਦਿਨੀਂ ਕਾਰਵਾਈਆਂ ਵੀ ਅਮਲ ਦੇ ਵਿੱਚ ਲਿਆਂਦੀਆਂ ਗਈਆਂ ਨੇ ਸਰਕਾਰ ਲਗਾਤਾਰ ਨਸ਼ੇ ਦੇ ਖਿਲਾਫ਼ ਕੰਮ ਕਰ ਰਹੀ ਹੈ।