ਤਰਨ ਤਾਰਨ: ਲਾੜੇ ਨੂੰ ਲੈ ਕੇ ਘਰ ਤੋਂ ਰਵਾਨਾ ਹੋਈ ਬਰਾਤ ਵਿੱਚ ਸ਼ਾਮਿਲ ਬਰਾਤੀਆਂ ਨੇ ਸ਼ਰੇਆਮ ਹਵਾਈ ਫਾਇਰਿੰਗ ਕੀਤੀ। ਇਸ ਫਾਇਰਿੰਗ ਦੀਆਂ ਬਕਾਇਦਾ ਵੀਡੀਓ ਵੀ ਬਰਾਤ ਵਿੱਚ ਮੌਜੂਦ ਲੋਕਾਂ ਵੱਲੋਂ ਬਣਾਈਆਂ ਗਈਆਂ ਅਤੇ ਇਨ੍ਹਾਂ ਵੀਡੀਓਜ਼ ਨੂੰ ਸੋਸ਼ਲ ਮੀਡੀਆ ਉੱਤੇ ਅੱਗ ਵਾਂਗ ਫੈਲਦੇ ਵੀ ਦੇਰ ਨਹੀਂ ਲੱਗੀ। ਜਿਸ ਤੋਂ ਬਾਅਦ ਪੁਲਿਸ ਐਕਸ਼ਨ ਵਿੱਚ ਆ ਗਈ।
ਸ਼ਰੇਆਮ ਫਾਇਰਿੰਗ, ਵੀਡੀਓ ਵਾਇਰਲ
ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਣ ਮਗਰੋਂ ਸਬੰਧਿਤ ਵਿਅਕਤੀਆਂ ਤੱਕ ਪਹੁੰਚ ਕਰਨ ਲਈ ਪੁਲਿਸ ਨੇ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਦੇ ਅਨੁਸਾਰ ਜ਼ਿਲ੍ਹੇ ਦੇ ਪਿੰਡ ਰੈਸ਼ੀਆਣਾ ਵਿਖੇ ਬੀਤੇ ਦਿਨੀਂ ਲੜਕੇ ਦੇ ਵਿਆਹ ਦੌਰਾਨ ਜਦੋਂ ਘਰ ਤੋਂ ਬਰਾਤ ਰਵਾਨਾ ਹੋਈ ਤਾਂ ਲਾੜੇ ਦੇ ਨਾਲ-ਨਾਲ ਚੱਲ ਰਹੇ ਬਰਾਤੀਆਂ ਨੇ ਸ਼ਰੇਆਮ ਪਿਸਤੌਲ ਅਤੇ ਰਾਈਫਲਾਂ ਨਾਲ ਹਵਾਈ ਫਾਇਰਿੰਗ ਕੀਤੀ। ਵਾਇਰਲ ਵੀਡੀਓਜ਼ ਵਿੱਚ ਕੁੱਝ ਔਰਤਾਂ ਵੀ ਫਾਇਰਿੰਗ ਕਰਦੀਆਂ ਦਿਖਾਈ ਦੇ ਰਹੀਆਂ ਹਨ। ਬਰਾਤੀ ਹਵਾਈ ਫਾਇਰ ਕਰਨ ਵਿੱਚ ਇੰਨੇ ਮਸਤ ਹੋ ਗਏ ਕਿ ਉਨ੍ਹਾਂ ਨੂੰ ਇਹ ਅਹਿਸਾਸ ਤੱਕ ਨਹੀਂ ਹੋਇਆ ਕਿ ਗੋਲੀਆਂ ਨਾਲ ਕਿਸੇ ਦਾ ਜਾਨੀ ਨੁਕਸਾਨ ਵੀ ਹੋ ਸਕਦਾ ਹੈ।
ਸੂਤਰਾਂ ਤੋਂ ਪਤਾ ਲੱਗਾ ਹੈ ਕਿ ਲਾੜੇ ਦਾ ਪਿਤਾ ਜੋ ਫੌਜ ਵਿੱਚੋਂ ਸੇਵਾ ਮੁਕਤ ਹੋ ਚੁੱਕਾ ਹੈ ਅਤੇ ਉਸ ਦੇ ਰਿਸ਼ਤੇਦਾਰ ਜੋ ਫਿਰੋਜ਼ਪੁਰ ਨਾਲ ਸਬੰਧਤ ਹੋਣ ਦੇ ਨਾਲ ਸਰਕਾਰੀ ਨੌਕਰੀ ਉਪਰ ਤਾਇਨਾਤ ਹਨ, ਉਨ੍ਹਾਂ ਵੱਲੋਂ ਇਹ ਫਾਇਰਿੰਗ ਆਪਣੇ ਲਾਈਸੈਂਸੀ ਹਥਿਆਰਾਂ ਨਾਲ ਕੀਤੀ ਗਈ ਹੈ।
ਪੁਲਿਸ ਵੱਲੋਂ ਕਾਰਵਾਈ ਦੀ ਤਿਆਰੀ
ਇਸ ਮਾਮਲੇ ਸਬੰਧੀ ਮੀਡੀਆ ਨਾਲ ਗੱਲਬਾਤ ਕਰਦਿਆਂ ਐੱਸਪੀਡੀ ਅਜੇ ਰਾਜ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆ ਗਿਆ ਹੈ ਅਤੇ ਇਸ ਸਬੰਧੀ ਵਿਸ਼ੇਸ਼ ਟੀਮ ਦਾ ਗਠਨ ਕਰਦੇ ਹੋਏ ਮੁਲਜ਼ਮਾਂ ਦੀ ਭਾਲ ਸਬੰਧੀ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।