ਮਾਨਸਾ: ਸਰਦੂਲਗੜ੍ਹ ਵਿਖੇ ਘੱਗਰ ਦੇ ਕਿਨਾਰਿਆਂ ਨੂੰ ਪੱਕਾ ਕਰਨ ਦਾ ਆਸ ਪਾਸ ਦੇ ਪਿੰਡਾਂ ਦੇ ਲੋਕਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਘੱਗਰ ਦੇ ਪੁਲ ਹੇਠ ਦਰਵਾਜ਼ੇ ਨੂੰ ਬੰਦ ਕੀਤਾ ਜਾ ਰਿਹਾ ਜਿਸ ਕਾਰਨ ਘੱਗਰ ਵਿੱਚ ਪਾਣੀ ਆਉਣ ਦੇ ਕਾਰਨ ਆਲੇ-ਦੁਆਲੇ ਦੇ ਪਿੰਡਾਂ ਦਾ ਵੱਡਾ ਨੁਕਸਾਨ ਹੋਵੇਗਾ। ਜੇਕਰ ਵਿਭਾਗ ਵੱਲੋਂ ਕੰਮ ਨੂੰ ਬੰਦ ਨਾ ਕੀਤਾ ਤਾਂ ਪਿੰਡਾਂ ਦੇ ਲੋਕਾਂ ਵੱਲੋਂ ਇਕੱਠੇ ਹੋਕੇ ਰੋਡ ਜਾਮ ਕਰ ਦਿੱਤਾ ਜਾਵੇਗਾ।
ਡਾਫ ਲੱਗਣ ਦਾ ਡਰ
ਸਰਦੂਲਗੜ੍ਹ ਵਿਖੇ ਬਰਸਾਤ ਦੇ ਸਮੇਂ ਵਾਧੂ ਪਾਣੀ ਆਉਣ ਕਾਰਨ ਘੱਗਰ ਨਦੀ ਟੁੱਟਣ ਦੇ ਚਲਦਿਆਂ ਆਸ ਪਾਸ ਦੇ ਪਿੰਡਾਂ ਵਿੱਚ ਵੱਡਾ ਨੁਕਸਾਨ ਹੁੰਦਾ ਹੈ ਅਤੇ ਇਸ ਨੁਕਸਾਨ ਨੂੰ ਰੋਕਣ ਦੇ ਲਈ ਪੰਜਾਬ ਸਰਕਾਰ ਵੱਲੋਂ ਘੱਗਰ ਦੇ ਕਿਨਾਰਿਆਂ ਨੂੰ ਪੱਕਾ ਕਰਨ ਦੇ ਲਈ ਇੱਕ ਕਰੋੜ ਰੁਪਏ ਜਾਰੀ ਕੀਤੇ ਗਏ ਹਨ। ਜਿਸ ਦੇ ਚੱਲਦਿਆਂ ਸਰਦੂਲਗੜ੍ਹ ਦੇ ਨਜ਼ਦੀਕ ਘੱਗਰ ਦੇ ਕਿਨਾਰਿਆਂ ਨੂੰ ਪੱਥਰ ਲਗਾ ਕੇ ਪੱਕਾ ਕੀਤਾ ਜਾ ਰਿਹਾ ਹੈ। ਪਿੰਡਾਂ ਦੇ ਲੋਕਾਂ ਦਾ ਕਹਿਣਾ ਹੈ ਕਿ ਸਰਦੂਲਗੜ੍ਹ ਸ਼ਹਿਰ ਦੇ ਵਿੱਚ ਘੱਗਰ ਦੇ ਪੁਲ ਹੇਠ ਇੱਕ ਦਰਵਾਜ਼ੇ ਨੂੰ ਬੰਦ ਕੀਤਾ ਜਾ ਰਿਹਾ ਹੈ। ਜਿਸ ਕਾਰਨ ਪਾਣੀ ਦੀ ਡਾਫ ਲੱਗਣ ਦੇ ਚਲਦਿਆਂ ਉਨ੍ਹਾਂ ਦੇ ਪਿੰਡਾਂ ਵਿੱਚ ਘੱਗਰ ਟੁੱਟ ਜਾਵੇਗੀ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਉਨ੍ਹਾਂ ਦਾ ਵੱਡਾ ਨੁਕਸਾਨ ਹੋਵੇਗਾ।
ਘੱਗਰ ਟੁੱਟਣ ਦਾ ਡਰ
ਪਿੰਡ ਵਾਸੀਆਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਸਾਲ 2010 ਅਤੇ 2023 ਦੇ ਵਿੱਚ ਘੱਗਰ ਟੁੱਟਣ ਕਾਰਨ ਕਈ ਪਿੰਡਾਂ ਨੇ ਇਸ ਦਾ ਸੰਤਾਪ ਭੋਗਿਆ ਹੈ। ਜਿਨ੍ਹਾਂ ਦੇ ਵਿੱਚ ਸਾਧੂਵਾਲਾ, ਭਗਵਾਨਪੁਰ ਹੀਗਣਾ, ਫੂਸ ਮੰਡੀ ਅਤੇ ਸਰਦੂਲਗੜ੍ਹ ਸ਼ਹਿਰ ਦੇ ਵਿੱਚ ਵੱਡਾ ਨੁਕਸਾਨ ਹੋਇਆ ਸੀ। ਸਥਾਨਕਵਾਸੀਆਂ ਨੇ ਕਿਹਾ ਕਿ ਜੇਕਰ ਪੁਲ ਦੇ ਹੇਠ ਦਰਵਾਜ਼ੇ ਨੂੰ ਬੰਦ ਕਰਨਾ ਵਿਭਾਗ ਵੱਲੋਂ ਨਾ ਰੋਕਿਆ ਗਿਆ ਤਾਂ ਉਹ ਰੋਡ ਜਾਮ ਕਰਕੇ ਪੰਜਾਬ ਸਰਕਾਰ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਕਰਨਗੇ। ਇਸ ਦੌਰਾਨ ਲੋਕਾਂ ਨੂੰ ਸ਼ਾਂਤ ਕਰਨ ਆਏ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੂੰ ਵੀ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਅਤੇ ਉਨ੍ਹਾਂ ਨੇ ਗੁੱਸੇ ਵਿੱਚ ਲੋਕਾਂ ਨੂੰ ਇੱਥੋਂ ਤੱਕ ਕਹਿ ਦਿੱਤਾ ਕਿ ਜੇਕਰ ਲੋਕ ਵਿਰੋਧ ਕਰ ਰਹੇ ਹਨ ਤਾਂ ਅਸੀਂ ਕੰਮ ਬੰਦ ਕਰ ਦਿੱਤਾ ਹੈ ਅਤੇ ਅੱਗੇ ਕੰਮ ਨਹੀਂ ਚਲਾਵਾਂਗੇ। ਇਸ ਦੌਰਾਨ ਡਰੇਨ ਵਿਭਾਗ ਦੇ ਐਕਸੀਅਨ ਸਰੂਪ ਚੰਦ ਨੇ ਕਿਹਾ ਕਿ ਘੱਗਰ ਦੇ ਕਿਨਾਰਿਆਂ ਨੂੰ ਪੱਕਾ ਕੀਤਾ ਜਾ ਰਿਹਾ ਹੈ ਜਦੋਂ ਕਿ ਪੁਲ ਦੇ ਹੇਠ ਕਿਸੇ ਵੀ ਦਰਵਾਜ਼ੇ ਨੂੰ ਬੰਦ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਇਸ ਦੇ ਹੇਠਾਂ ਪੱਥਰ ਲਾਉਣ ਨਾਲ ਦਰਵਾਜ਼ਾ ਬੰਦ ਨਹੀਂ ਹੋਵੇਗਾ।
ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਕਿਹਾ ਕਿ,'ਘੱਗਰ ਦੇ ਕਿਨਾਰਿਆਂ ਨੂੰ ਪੱਕਾ ਕਰਨ ਦੇ ਲਈ ਪੰਜਾਬ ਸਰਕਾਰ ਵੱਲੋਂ ਇੱਕ ਕਰੋੜ ਰੁਪਏ ਜਾਰੀ ਕੀਤੇ ਗਏ ਹਨ। ਪੱਥਰ ਲਿਆ ਕੇ ਇਸ ਦੇ ਕਿਨਾਰਿਆਂ ਨੂੰ ਪੱਕਾ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਭੂੰਦੜ ਅਤੇ ਆਸ ਪਾਸ ਦੇ ਪਿੰਡਾਂ ਦੇ ਵਿੱਚ ਵੀ 65 ਕਰੋੜ ਰੁਪਏ ਦੇ ਕੰਮ ਚੱਲ ਰਹੇ ਹਨ ਅਤੇ ਇਸ ਤੋਂ ਪਹਿਲਾਂ ਕਿਸੇ ਵੀ ਸਰਕਾਰ ਨੇ ਘੱਗਰ ਦੇ ਕਿਨਾਰਿਆਂ ਨੂੰ ਪੱਕਾ ਕਰਨ ਦੇ ਲਈ ਕੋਈ ਕਦਮ ਨਹੀਂ ਚੁੱਕਿਆ। ਕੁੱਝ ਲੋਕ ਵਿਰੋਧ ਕਰ ਰਹੇ ਹਨ ਕਿ ਪੁਲ ਦੇ ਹੇਠ ਇੱਕ ਦਰਵਾਜ਼ੇ ਨੂੰ ਬੰਦ ਕੀਤਾ ਜਾ ਰਿਹਾ ਹੈ ਜਦੋਂ ਕਿ ਟੈਕਨੀਕਲ ਵਿਭਾਗ ਦਾ ਕਹਿਣਾ ਹੈ ਕਿ ਇਸ ਦੇ ਹੇਠ ਕੁਝ ਵੀ ਅਜਿਹਾ ਨਹੀਂ ਹੋਵੇਗਾ ਜਿਸ ਨਾਲ ਲੋਕਾਂ ਦਾ ਨੁਕਸਾਨ ਹੋਵੇਗਾ।'