ਅੰਮ੍ਰਿਤਸਰ: ਬੀਤੇ ਕੁਝ ਸਮੇਂ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਆਗੂ ਵਿਰਸਾ ਸਿੰਘ ਵਲਟੋਹਾ ਵਿਚਾਲੇ ਸ਼ਬਦੀ ਜੰਗ ਚੱਲਦੀ ਆ ਰਹੀ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਵਿਰਸਾ ਸਿੰਘ ਵਲਟੋਹਾ 'ਤੇ ਕੋਈ ਵੀ ਟਿੱਪਣੀ ਕਰਨ ਤੋਂ ਗੁਰੇਜ਼ ਕੀਤਾ ਅਤੇ ਉਨ੍ਹਾਂ ਨੂੰ ਇੱਕ ਸਮਾਗਮ ਵਿੱਚ ਪੱਤਰਕਾਰਾਂ ਵੱਲੋਂ ਪੁੱਛੇ ਗਏ ਸਵਾਲ ਦੇ ਜਵਾਬ 'ਚ ਕਿਹਾ ਕਿ "ਸਾਡੇ ਵੱਲੋਂ ਇੱਕ ਦੂਜੇ ਵਿਰੁੱਧ ਕੀਤੀ ਬਿਆਨਬਾਜ਼ੀ ਦਾ ਤਮਾਸ਼ਾ ਸਿੱਖ ਵਿਰੋਧੀ ਲੋਕ ਵੇਖਦੇ ਹਨ ਅਤੇ ਮੈਂ ਨਹੀਂ ਚਾਹੁੰਦਾ ਕਿ ਅਸੀਂ ਇਸ ਤਮਾਸ਼ੇ ਦਾ ਹਿੱਸਾ ਬਣੀਏ। ਇਸ ਲਈ ਜੇਕਰ ਵਿਰਸਾ ਸਿੰਘ ਵਲਟੋਹਾ ਸਿਆਣੇ ਨਹੀਂ ਬਣਦੇ ਤਾਂ ਮੈਂ ਹੀ ਸਿਆਣਾ ਬਣ ਜਾਂਦਾ ਹਾਂ।"
ਸਿੱਖੀ ਸਿਧਾਂਤਾਂ 'ਤੇ ਪਹਿਰਾ ਦੇਣ ਦੀ ਲੋੜ
ਦੱਸਣਯੋਗ ਹੈ ਕਿ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅੰਮ੍ਰਿਤਸਰ ਵਿਖੇ ਇੰਟਰਨੈਸ਼ਨਲ ਸਿੱਖ ਫੈਡਰੇਸ਼ਨ ਅਤੇ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਵੱਲੋਂ ਭਾਈ ਪਰਮਜੀਤ ਸਿੰਘ ਖਾਲਸਾ ਯਾਦ ਵਿੱਚ ਕਰਵਾਏ ਗਏ ਗੋਸ਼ਟੀ ਸਮਾਗਮ 'ਚ ਸ਼ਿਰਕਤ ਕਰਨ ਪਹੁੰਚੇ ਸਨ। ਜਿੱਥੇ ਉਨ੍ਹਾਂ ਨੇ ਆਪਣੇ ਸੰਬੋਧਿਤ ਦੌਰਾਨ ਵਿਚਾਰ ਪ੍ਰਗਟ ਕੀਤੇ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਸ੍ਰੀ ਅਕਾਲ ਤਖਤ ਸਾਹਿਬ ਦਾ ਦਾਇਰਾ ਮਹਿਜ਼ ਸਜ਼ਾ ਤੱਕ ਸੀਮਤ ਕੀਤਾ ਜਾ ਰਿਹਾ ਹੈ ਜੋ ਕਿ ਗਲਤ ਹੈ।
ਅਕਾਲੀ ਦਲ ਬਾਰੇ ਗੱਲ ਕਰਨ ਦੇ ਸਵਾਲ ਉੱਤੇ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ, ਜਿਸ ਤਰ੍ਹਾਂ ਨੌਜਵਾਨ ਅਤੇ ਸੰਗਤ ਉਨ੍ਹਾਂ ਨੂੰ ਆਦੇਸ਼ ਕਰੇਗੀ, ਉਹ ਉਸ ਤਰ੍ਹਾਂ ਹੀ ਕਰਨਗੇ। ਉਨ੍ਹਾਂ ਦਾ ਮੁੱਖ ਮਕਸਦ ਨਵਾਂ ਅਕਾਲੀ ਦਲ ਸਿਰਜਣਾ ਹੀ ਨਹੀਂ ਬਲਕਿ ਸਿੱਖ ਸਿਧਾਂਤਾਂ ਤੋਂ ਸੰਗਤ ਨੂੰ ਜਾਣੂ ਕਰਵਾਉਣਾ ਅਤੇ ਪ੍ਰਚਾਰ ਕਰਨਾ ਹੈ।

ਅਕਾਲ ਤਖ਼ਤ ਸਾਹਿਬ 'ਤੇ ਦਬਾਅ
ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਸਿਆਸੀ ਦਬਾਅ ਬਾਰੇ ਬੋਲਦਿਆਂ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਫ਼ੈਸਲਿਆਂ ਅਤੇ ਹੁਕਮਾਂ ਨੂੰ ਚਾਰਦੀਵਾਰੀ ਦੇ ਅੰਦਰ ਨਹੀਂ ਰੱਖਿਆ ਜਾ ਸਕਦਾ। ਜੇਕਰ ਮੰਨ ਲਿਆ ਜਾਵੇ ਤਾਂ ਦਬਾਅ ਹੈ ਜੇ ਨਾ ਮੰਨਿਆ ਜਾਵੇ ਤਾਂ ਕੋਈ ਦਬਾਅ ਨਹੀਂ ਹੈ। ਉੱਥੇ ਹੀ 2 ਦਸੰਬਰ ਦੇ ਹੁਕਮਨਾਮੇ ਬਾਰੇ ਬੋਲਦਿਆਂ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਉਸ ਹੁਕਮਨਾਮੇ ਦੀਆਂ ਸਾਰੇ ਫੈਸਲੇ ਚੈੱਕ ਕਰ ਲਵੋ ਅਤੇ ਫਿਰ ਅਕਾਲੀ ਦਲ ਨੂੰ ਪੁੱਛੋ ਕਿ ਉਨ੍ਹਾਂ ਵਿਚੋਂ ਕਿਹੜੀਆਂ- ਕਿਹੜੀਆਂ ਲਾਗੂ ਹੋਏ ਹਨ।