ਬਠਿੰਡਾ: ਪੰਜਾਬ ਦੀ ਨੌਜਵਾਨੀ ਲੱਖਾਂ ਰੁਪਏ ਖ਼ਰਚ ਰੁਜ਼ਗਾਰ ਦੀ ਤਲਾਸ਼ ਵਿੱਚ ਕਾਨੂੰਨੀ ਅਤੇ ਗੈਰ-ਕਾਨੂੰਨੀ ਤਰੀਕੇ ਨਾਲ ਲਗਾਤਾਰ ਵਿਦੇਸ਼ਾਂ ਦਾ ਰੁੱਖ ਕਰ ਰਹੀ ਹੈ। ਅਜਿਹੇ ਵਿੱਚ ਬਹੁਤ ਸਾਰੇ ਅਜਿਹੇ ਵੀ ਨੌਜਵਾਨ ਹਨ ਜੋ ਵਿਦੇਸ਼ ਛੱਡ ਆਪਣੇ ਦੇਸ਼ ਪਰਤੇ ਹਨ ਅਤੇ ਇੱਥੇ ਆ ਕੇ ਆਪਣਾ ਕਾਰੋਬਾਰ ਕਰ ਰਹੇ ਹਨ ਅਤੇ ਲੋਕਾਂ ਨੂੰ ਰੁਜ਼ਗਾਰ ਦੇ ਰਹੇ ਹਨ। ਅੱਜ ਅਸੀਂ ਅਜਿਹੇ ਹੀ 7 ਦੋਸਤਾਂ ਦੀ ਗੱਲ ਕਰਾਂਗੇ ਜੋ ਕੈਨੇਡਾ ਤੋਂ ਪਰਤੇ ਹਨ ਅਤੇ ਹੁਣ ਇੱਠਕੇ ਹੋਕੇ ਆਪਣਾ ਕਾਰੋਬਾਰ ਕਰ ਰਹੇ ਹਨ ਅਤੇ ਕਈ ਲੋਕਾਂ ਲਈ ਰੁਜ਼ਗਾਰ ਦਾ ਸਾਧਨ ਬਣੇ ਹੋਏ ਹਨ।
ਕੈਨੇਡਾ ਤੋਂ ਪਰਤੇ ਨੌਜਵਾਨਾਂ ਦਾ ਉਪਰਾਲਾ
ਕੈਨੇਡਾ ਤੋਂ ਪਰਤੇ ਦੋਸਤਾਂ ਵੱਲੋਂ ਬਠਿੰਡਾ ਦੇ ਪਿੰਡ ਲੇਹਰਾ ਸੋਂਧਾ ਦੇ ਟਿੱਬਿਆਂ ਵਿੱਚ ਕਰੋੜਾਂ ਰੁਪਏ ਖਰਚ ਕਰਕੇ ਵਾਟਰ ਪਾਰਕ ਦੇ ਨਾਲ-ਨਾਲ ਗੇਮਿੰਗ ਅਤੇ ਮੈਰਿਜ ਪੈਲੇਸ ਦਾ ਕਾਰੋਬਾਰ ਸ਼ੁਰੂ ਕੀਤਾ ਹੈ। ਇਸ ਕਾਰੋਬਾਰ ਵਿੱਚ ਇਨ੍ਹਾਂ ਦੋਸਤਾਂ ਨੇ 600 ਤੋਂ ਵੱਧ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਹੈ। ਦੱਸ ਦਈਏ ਕਿ ਇਹ 7 ਦੋਸਤ ਮਾਨਸਾ ਜ਼ਿਲ੍ਹੇ ਨਾਲ ਸਬੰਧਿਤ ਹਨ ਜੋ ਕਿਸੇ ਸਮੇਂ ਥਰਮਲ ਪਲਾਂਟ ਮਾਨਾਵਾਲੀ ਵਿੱਚ ਠੇਕੇਦਾਰੀ ਕਰਦੇ ਸਨ। ਕੈਨੇਡਾ ਵਿੱਚ ਕੰਮ ਕਰਨ ਤੋਂ ਬਾਅਦ ਇਹ ਨੌਜਵਾਨ ਆਪਣੇ ਵਤਨ ਵਾਪਿਸ ਆਏ ਅਤੇ ਆਪਣਾ ਵਾਟਰ ਪਾਰਕ, ਗੇਮਿੰਗ ਜੋਨ ਅਤੇ ਮੈਰਿਜ ਪੈਲੇਸ ਦਾ ਕਾਰੋਬਾਰ ਸ਼ੁਰੂ ਕੀਤਾ। ਕਿਸੇ ਸਮੇਂ ਇਹ ਨੌਜਵਾਨ ਰੁਜ਼ਗਾਰ ਦੀ ਤਲਾਸ਼ ਵਿੱਚ ਕੈਨੇਡਾ ਗਏ ਸਨ ਅਤੇ ਹੁਣ ਉਹ ਸੈਂਕੜੇ ਲੋਕਾਂ ਨੂੰ ਰੁਜ਼ਗਾਰ ਦੇ ਰਹੇ ਹਨ।

ਮਾਨਸਾ ਜ਼ਿਲ੍ਹੇ ਦੇ ਪਿੰਡ ਬੁਰਜ ਹਰੀ ਦੇ ਹਰਦੀਪ ਸਿੰਘ, ਸੁਖਪਾਲ ਸਿੰਘ ਅਤੇ ਰੇਸ਼ਮ ਸਿੰਘ ਨੇ ਆਪਣੇ ਸਾਥੀਆਂ ਬਲਜਿੰਦਰ ਸਿੰਘ ਅਤੇ ਰਾਏਪੁਰ ਦੇ ਜਗਜੀਤ ਸਿੰਘ ਨਾਲ ਮਿਲ ਕੇ ਪਹਿਲਾਂ ਵੇਦਾਂਤਾ ਗਰੁੱਪ ਅਧੀਨ ਤਲਵੰਡੀ ਸਾਬੋ ਥਰਮਲ ਪਲਾਂਟ ਲਈ ਉਸਾਰੀ ਦਾ ਠੇਕਾ ਲਿਆ ਸੀ। ਈਟੀਵੀ ਭਾਰਤ ਦੀ ਟੀਮ ਨੇ ਕੈਨੇਡਾ ਤੋਂ ਪਰਤੇ ਹਰਦੀਪ ਸਿੰਘ ਨਾਲ ਖਾਸ ਗੱਲਬਾਤ ਕੀਤੀ। ਸਾਡੀ ਟੀਮ ਨਾਲ ਗੱਲਬਾਤ ਕਰਦੇ ਹਰਦੀਪ ਸਿੰਘ ਨੇ ਦੱਸਿਆ ਕਿ "ਠੇਕੇਦਾਰੀ ਦੇ ਕੰਮ ਤੋਂ ਬਾਅਦ ਨੌਜਵਾਨਾਂ ਕੋਲ ਜਦੋਂ ਕੁਝ ਪੈਸੇ ਇਕੱਠੇ ਹੋਏ ਤਾਂ ਇਨ੍ਹਾਂ ਦੋਸਤਾਂ ਨੇ ਇਕੱਠੇ ਕੀਤੇ ਪੈਸੇ ਕੈਨੇਡਾ ਵਿੱਚ ਕਿਸੇ ਕਾਰੋਬਾਰ ਵਿੱਚ ਨਿਵੇਸ਼ ਕਰਨ ਬਾਰੇ ਸੋਚਿਆ ਕਿਉਂਕਿ ਸਾਡੇ 2 ਦੋਸਤ ਅਮਨਦੀਪ ਸਿੰਘ ਅਤੇ ਦਵਿੰਦਰ ਸਿੰਘ ਪਹਿਲਾਂ ਹੀ ਕੈਨੇਡਾ ਰਹਿੰਦੇ ਸਨ। ਦੋਸਤਾਂ ਨਾਲ ਸਲਾਹ ਕਰਨ ਤੋਂ ਬਾਅਦ ਚੰਗੇ ਭਵਿੱਖ ਦੀ ਤਲਾਸ਼ ਲਈ ਹਰਦੀਪ ਸਿੰਘ ਵੀ ਆਪਣੇ ਦੋਸਤਾਂ ਨਾਲ ਕੈਨੇਡਾ ਚਲਾ ਗਿਆ। ਇਸ ਤੋਂ ਬਾਅਦ ਸਾਰੇ ਦੋਸਤਾਂ ਨੇ ਕੈਨੇਡਾ ਵਿੱਚ ਵਾਟਰ ਪਾਰਕ ਪ੍ਰੋਜੈਕਟ ਲਗਾਉਣ ਬਾਰੇ ਸੋਚਿਆ ਅਤੇ ਇਸ ਲਈ ਜ਼ਮੀਨ ਵੀ ਖਰੀਦ ਲਈ ਸੀ।"
ਵੈਨਕੂਵਰ ਦੇ ਇੱਕ ਵਾਟਰ ਪਾਰਕ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ। ਉੱਥੇ ਅਸੀਂ ਨਾ ਸਿਰਫ਼ ਕੰਮ ਕੀਤਾ ਸਗੋਂ ਇਸ ਕਾਰੋਬਾਰ ਨੂੰ ਵਿਸਥਾਰ ਨਾਲ ਸਮਝਿਆ ਅਤੇ ਆਪ ਵੀ ਅਜਿਹਾ ਹੀ ਕੰਮ ਕਰਨ ਬਾਰੇ ਸੋਚਿਆ। - ਹਰਦੀਪ ਸਿੰਘ
ਕੋਰੋਨਾ ਕਾਰਨ ਪਰਤੇ ਸੀ ਪੰਜਾਬ
ਹਰਦੀਪ ਸਿੰਘ ਨੇ ਦੱਸਿਆ ਕਿ "ਜਦੋਂ ਅਸੀਂ ਪ੍ਰੋਜੈਕਟ ਦੀ ਸ਼ੁਰੂਆਤ ਕਰਨੀ ਸੀ ਤਾਂ ਕੋਰੋਨਾ ਆ ਗਿਆ, ਜਿਸ ਤੋਂ ਬਾਅਦ ਸਾਨੂੰ ਕੈਨੇਡਾ ਛੱਡ ਵਾਪਿਸ ਪੰਜਾਬ ਆਉਣਾ ਪਿਆ। ਉਸ ਤੋਂ ਬਾਅਦ ਪੰਜਾਬ ਵਿੱਚ ਸਰਕਾਰ ਬਦਲ ਗਈ ਅਤੇ ਅਸੀਂ ਸੋਚਿਆ ਕਿ ਹੁਣ ਅਸੀਂ ਇਥੇ ਹੀ ਕੋਈ ਨਾ ਕੋਈ ਧੰਦਾ ਕਰਾਂਗੇ। ਉਸ ਤੋਂ ਬਾਅਦ ਅਸੀਂ ਬਠਿੰਡਾ ਦੇ ਪਿੰਡ ਲੇਹਰਾ ਸੋਂਧਾ ਵਿਖੇ ਆਪਣਾ ਵਾਟਰ ਪਾਰਕ ਬਣਾਉਣ ਦਾ ਕੰਮ ਸ਼ੁਰੂ ਕੀਤਾ। ਵਾਟਰ ਪਾਰਕ ਦੇ ਨਾਲ-ਨਾਲ ਅਸੀਂ ਇਸ ਵਿੱਚ ਬਹੁਤ ਸਾਰੀਆਂ ਵਿਲੱਖਣ ਚੀਜ਼ਾਂ ਸ਼ਾਮਲ ਕੀਤੀਆਂ। ਇੱਕ ਵਿਸ਼ਾਲ ਜਹਾਜ਼ ਦਾ ਮਾਡਲ ਵੀ ਤਿਆਰ ਕੀਤਾ ਗਿਆ, ਗੇਮਿੰਗ ਜੋਨ, ਮੈਰਿਜ ਪੈਲੇਸ ਅਤੇ ਹੋਟਲ ਵੀ ਵਾਟਰ ਪਾਰਕ ਦੇ ਨੇੜੇ ਬਣਾਇਆ ਤਾਂ ਜੋ ਲੋਕਾਂ ਦੀ ਖਿੱਚ ਦਾ ਕੇਂਦਰ ਬਣ ਸਕੇ।"
600 ਨੌਜਵਾਨਾਂ ਨੂੰ ਦਿੱਤਾ ਰੁਜ਼ਗਾਰ
"ਵਾਟਰ ਪਾਰਕ ਵਿੱਚ 600 ਨੌਜਵਾਨਾਂ ਨੂੰ ਰੁਜ਼ਗਾਰ ਪ੍ਰਦਾਨ ਕਰ ਰਹੇ ਹਾਂ। ਮੈਂ ਵਿਦੇਸ਼ ਦਾ ਰੁਖ ਕਰ ਰਹੇ ਪੰਜਾਬ ਦੇ ਨੌਜਵਾਨ ਨੂੰ ਅਪੀਲ ਕਰਦਾ ਹਾਂ ਕੀ 40 ਤੋਂ 50 ਲੱਖ ਰੁਪਏ ਲਗਾਕੇ ਵਿਦੇਸ਼ ਜਾਣ ਦੀ ਬਜਾਏ ਤੁਸੀਂ ਆਪਣੇ ਦੇਸ਼ ਵਿੱਚ ਹੀ ਸਿਰਫ਼ 20 ਤੋਂ 25 ਲੱਖ ਰੁਪਏ ਖਰਚ ਕੇ ਆਪਣਾ ਰੁਜ਼ਗਾਰ ਕਰ ਸਕਦੇ ਹੋ। ਸਾਨੂੰ ਲੋਕਾਂ ਬਾਰੇ ਕੁਝ ਨਹੀਂ ਸੋਚਣਾ ਚਾਹੀਦਾ ਹੈ ਕਿ ਲੋਕ ਕੀ ਕਹਿਣਗੇ। ਲੋਕ ਤਾਂ ਹਰ ਪਾਸੇ ਗੱਲਾਂ ਹੀ ਕਰਦੇ ਹਨ, ਸਾਨੂੰ ਸਾਡੇ ਟੀਚੇ ਵੱਲ ਧਿਆਨ ਦੇਣਾ ਚਾਹੀਦਾ ਹੈ। ਪੰਜਾਬ ਵਿੱਚ ਰੁਜ਼ਗਾਰ ਦੇ ਬਹੁਤ ਮੌਕੇ ਹਨ।"- ਹਰਦੀਪ ਸਿੰਘ
ਪੰਜੋਏ ਵਿੱਚ ਬਤੌਰ ਮੈਨੇਜਰ ਨੌਕਰੀ ਕਰ ਰਹੀ ਰਮਨਦੀਪ ਕੌਰ ਨੇ ਦੱਸਿਆ ਕਿ ਉਸ ਨੇ ਪਹਿਲਾਂ ਵਿਦੇਸ਼ ਜਾਣ ਦਾ ਮਨ ਬਣਾਇਆ ਸੀ ਪਰ ਲੱਖਾਂ ਰੁਪਏ ਦਾ ਖਰਚਾ ਦੇਖਦੇ ਹੋਏ ਉਸ ਨੇ ਪੰਜਾਬ ਵਿੱਚ ਰਹਿ ਕੇ ਹੀ ਨੌਕਰੀ ਕਰਨ ਬਾਰੇ ਸੋਚਿਆ। ਜਿਸ ਤੋਂ ਬਾਅਦ ਉਸ ਨੇ ਪੰਜੋਏ ਵਿਖੇ ਨੌਕਰੀ ਕਰਨੀ ਸ਼ੁਰੂ ਕੀਤੀ ਅਤੇ ਅੱਜ ਉਹ ਇੱਕ ਵਧੀਆ ਮੁਕਾਮ ਉੱਤੇ ਹੈ। ਰਮਨਦੀਪ ਕੌਰ ਨੇ ਦੱਸਿਆ ਕਿ ਵਿਦੇਸ਼ ਵਿੱਚ ਜਾ ਕੇ ਵੀ ਦਿਹਾੜੀਆਂ ਹੀ ਕਰਨੀਆਂ ਸਨ, ਪਰ ਆਪਣੇ ਦੇਸ਼ ਵਿੱਚ ਰਹਿ ਕੇ ਉਹ ਚੰਗੀ ਨੌਕਰੀ ਕਰ ਰਹੀ ਹੈ। ਉਸ ਨੇ ਨੌਜਵਾਨਾਂ ਨੂੰ ਕਿਹਾ ਕਿ ਉਹ ਆਪਣੇ ਦੇਸ਼ ਵਿੱਚ ਰਹਿਕੇ ਹੀ ਵਧੀਆ ਮੁਕਾਮ ਹਾਸਿਲ ਕਰ ਸਕਦੇ ਹਨ।
- ਫ਼ਸਲੀ ਚੱਕਰ ਛੱਡ ਕੇ ਕਿਸਾਨ ਸੁਖਪਾਲ ਨੇ ਕੀਤੀ ਇਨ੍ਹਾਂ ਫਸਲਾਂ ਦੀ ਪੈਦਾਵਾਰ, ਕਮਾ ਰਿਹਾ ਚੰਗਾ ਮੁਨਾਫ਼ਾ
- ਮੱਕੀ ਦੀ ਫਸਲ ਦੀ ਬਿਜਾਈ ਨੂੰ ਲੈ ਕੇ ਮਾਲਵੇ ਦਾ ਕਿਸਾਨ ਦੋਚਿੱਤੀ 'ਚ...! ਮੱਕੀ ਦੀ ਫ਼ਸਲ ਨਾਲ ਵੀ ਨਹੀਂ ਬਚੇਗਾ ਪਾਣੀ, ਜਾਣੋ ਮਾਹਿਰਾਂ ਨੇ ਕੀ ਕਿਹਾ...
- ਸ਼ਿਵ-ਪਾਰਵਤੀ ਦਾ ਸਾਢੇ 5 ਹਜ਼ਾਰ ਸਾਲ ਪੁਰਾਣਾ ਮੰਦਿਰ, ਜਾਣੋ ਕੀ ਹੈ ਇਸ ਦਾ ਇਤਿਹਾਸ, ਜਿੱਥੇ ਲੱਖਾਂ ਲੋਕ ਹੁੰਦੇ ਹਨ ਨਤਮਸਤਕ