ਮਾਨਸਾ: ਪੰਜਾਬ ਵਿੱਚ ਰਿਵਾਇਤੀ ਫ਼ਸਲਾਂ ਦੀ ਖੇਤੀ ਤੋਂ ਵਾਧੂ ਮੁਨਾਫਾ ਨਾ ਹੁੰਦਾ ਦੇਖ ਕੇ ਹੁਣ ਕਈ ਕਿਸਾਨ ਫ਼ਸਲੀ ਵਿਭਿੰਨਤਾ ਅਪਣਾਉਦੇ ਹੋਏ ਖੇਤੀ ਕਰ ਰਹੇ ਹਨ। ਇਨ੍ਹਾਂ ਵਿੱਚ ਹੀ ਮਾਨਸਾ ਦੇ ਕਿਸਾਨ ਸੁਖਪਾਲ ਸਿੰਘ ਦਾ ਨਾਮ ਵੀ ਸ਼ਾਮਲ ਹੈ, ਜੋ ਜ਼ਿਲ੍ਹੇ ਦੇ ਪਿੰਡ ਮੌਜੋ ਖੁਰਦ ਵਿੱਚ ਆਪਣੀ 3 ਏਕੜ ਜ਼ਮੀਨ 'ਤੇੇ ਉੱਚ-ਮੁੱਲ ਵਾਲੀਆਂ ਫ਼ਸਲਾਂ ਗੰਨਾ, ਖੁੰਬਾ, ਕੱਦੂ, ਖੀਰਾ, ਪਿਆਜ, ਮਟਰ, ਪੇਠਾ, ਤੋਰੀ, ਫੁੱਲ, ਗੋਭੀ, ਪਤਾ ਗੋਭੀ ਸਮੇਤ ਸਬਜ਼ੀਆਂ ਦੀ ਕਾਸ਼ਤ ਕਰ ਕੇ ਲੱਖਾਂ ਦੀ ਕਮਾਈ ਕਰ ਰਿਹਾ ਹੈ।
ਜ਼ਰੂਰ ਮਿਲਦਾ ਹੈ ਮਿਹਨਤ ਦਾ ਮੁੱਲ
ਇਸ ਖੇਤੀ ਨੂੰ ਲੈਕੇ ਕਿਸਾਨ ਸੁਖਪਾਲ ਸਿੰਘ ਨੇ ਬਾਕੀ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਫ਼ਸਲੀ ਚੱਕਰ ਛੱਡ ਕੇ ਦੂਜੀਆਂ ਫਸਲਾਂ ਦੀ ਪੈਦਾਵਾਰ ਕਰਨ ਅਤੇ ਲਾਭ ਹਾਸਲ ਕਰਨ। ਉਨ੍ਹਾਂ ਕਿਹਾ ਕਿ ਅਸੀਂ ਕ੍ਰਿਸ਼ੀ ਵਿਭਾਗ ਮਾਨਸਾ ਦੀ ਮਦਦ ਨਾਲ ਇਸ ਖੇਤੀ ਵਿਭਿਨਤਾ ਨੂੰ ਅਪਣਾਇਆ ਹੈ ਅਤੇ ਅੱਜ ਲਾਭ ਵੀ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਕੰਮ ਵਿੱਚ ਮਿਹਨਤ ਜਰੂਰ ਹੈ ਪਰ ਝੋਨੇ ਅਤੇ ਕਣਕ ਦੀ ਫਸਲ ਤੋਂ ਵੱਧ ਲਾਭਦਾਇਕ ਸਿਧ ਹੋ ਰਹੀ ਹੈ। ਸੁਖਪਾਲ ਸਿੰਘ ਨੇ ਹਾਲ ਹੀ ਵਿੱਚ ਆਪਣੇ ਖੇਤ ਵਿੱਚ ਖੁੰਬਾਂ ਦੀ ਕਾਸ਼ਤ ਸ਼ੁਰੂ ਕੀਤੀ ਹੈ। ਉਹ ਖੁੰਬਾਂ ਦੀ ਵਿਕਰੀ ਤੋਂ ਚੰਗੀ ਆਮਦਨ ਲੈ ਰਹੇ ਹਨ ਅਤੇ ਬਹੁਤ ਸਾਰੇ ਹੋਰ ਕਿਸਾਨ ਵੀ ਉਸ ਨਾਲ ਸਲਾਹ-ਮਸ਼ਵਰਾ ਕਰਕੇ ਨਵੀਆਂ ਤਕਨੀਕਾਂ ਸਿੱਖ ਰਹੇ ਹਨ। ਕਿਸਾਨ ਸੁਖਪਾਲ ਸਿੰਘ ਨੇ ਹੋਰਨਾਂ ਕਿਸਾਨਾਂ ਨੂੰ ਵੀ ਆਪਣੀ ਆਮਦਨ ਵਧਾਉਣ ਅਤੇ ਖੇਤੀ ਲਾਹੇਵੰਦ ਬਣਾਉਣ ਲਈ ਫਸਲੀ ਵਿਭਿੰਨਤਾ ਨੂੰ ਅਪਣਾਉਣ ਦੀ ਅਪੀਲ ਕੀਤੀ।
ਸਰਕਾਰ ਦੇਵੇ ਐਮ.ਐਸ.ਪੀ
ਇਸ ਦੇ ਨਾਲ ਹੀ ਉਨ੍ਹਾਂ ਸਰਕਾਰ ਤੋਂ ਵੀ ਮੰਗ ਕੀਤੀ ਕਿ ਸਾਰੀਆਂ ਫਸਲਾਂ 'ਤੇ ਐਮਐਸਪੀ ਲਾਗੂ ਕੀਤੀ ਜਾਵੇ ਅਤੇ ਹਰ ਸ਼ਹਿਰ ਵਿੱਚ ਮੰਡੀਕਰਨ ਕੀਤਾ ਜਾਵੇ, ਤਾਂ ਕਿ ਇੱਕ ਕਿਸਾਨ ਫਸਲੀ ਚੱਕਰਾਂ ਚੋਂ ਨਿਕਲ ਸਕਣ ਅਤੇ ਖੁਸ਼ਹਾਲ ਹੋ ਸਕਣ। ਕਿਸਾਨ ਸੁਖਪਾਲ ਸਿੰਘ ਨੇ ਕਿਹਾ ਬਾਗਬਾਨੀ ਵਿਭਾਗ ਵੱਲੋਂ ਸੁਝਾਈਆਂ ਉੱਨਤ ਤਕਨੀਕਾਂ ਰਾਹੀਂ ਸਬਜ਼ੀਆਂ ਦੀ ਬਿਜਾਈ ਕਰਦਾ ਹੈ। ਜਨਵਰੀ ਦੇ ਅਖੀਰ ਤੱਕ, ਉਸ ਦੀ ਉਪਜ ਪ੍ਰੀਮੀਅਮ ਕੀਮਤਾਂ 'ਤੇ ਬਾਜ਼ਾਰ ਵਿੱਚ ਪਹੁੰਚਦੀ ਹੈ, ਜਿਸ ਨਾਲ ਰਵਾਇਤੀ ਫਸਲਾਂ ਨਾਲੋਂ ਵੱਧ ਮੁਨਾਫ਼ਾ ਮਿਲਦਾ ਹੈ।