ਅੰਮ੍ਰਿਤਸਰ: ਭਾਰਤ ਮਾਲਾ ਪ੍ਰੋਜੈਕਟ ਰੱਦ ਹੋਣ ਕਾਰਨ ਪੰਜਾਬ ਸਰਕਾਰ ਸਵਾਲਾਂ ਦੇ ਘੇਰੇ ਵਿੱਚ ਆ ਗਈ ਹੈ। ਕਾਂਗਰਸੀ ਸਾਂਸਦ ਗੁਰਜੀਤ ਸਿੰਘ ਔਜਲਾ ਨੇ ਇਸ ਨੂੰ ਪੰਜਾਬ ਸਰਕਾਰ ਦੀ ਨਾਕਾਮੀ ਦੱਸਿਆ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਪੂਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ, ਪੰਜਾਬ ਵਿੱਚ ਕਾਨੂੰਨ ਦਾ ਕਿਸੇ ਨੂੰ ਕੋਈ ਡਰ ਨਹੀਂ ਹੈ।
ਜ਼ਮੀਨ ਨਹੀਂ ਕੀਤੀ ਐਕਵਾਇਰ
ਔਜਲਾ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਨਾਕਾਮੀ ਕਾਰਨ ਹੀ ਐੱਨਐੱਚਏਆਈ ਨੇ ਇਹ ਪ੍ਰੋਜੈਕਟ ਰੱਦ ਕੀਤਾ ਹੈ। ਜ਼ਿਕਰਯੋਗ ਹੈ ਕਿ ਭਾਰਤ ਮਾਲਾ ਪ੍ਰੋਜੈਕਟ ਦੇ ਤਹਿਤ ਦਿੱਲੀ ਤੋਂ ਕਟਰਾ ਤੱਕ ਐਕਸਪ੍ਰੈਸ ਹਾਈਵੇ ਬਣ ਰਿਹਾ ਹੈ। ਜਿਸ ਲਈ ਜ਼ਮੀਨ ਗੋਇੰਦਵਾਲ ਸਾਹਿਬ ਤੱਕ ਐਕਵਾਇਰ ਹੋ ਚੁੱਕੀ ਹੈ ਅਤੇ ਦੂਸਰੇ ਪਾਸੇ ਹਰਿਆਣਾ ਤੱਕ ਵੀ ਇਸ ਰੋਡ ਲਈ ਜ਼ਮੀਨ ਐਕਵਾਇਰ ਹੋ ਚੁੱਕੀ ਹੈ। ਅੰਮ੍ਰਿਤਸਰ ਵਿੱਚ ਪਿੰਡ ਧੁੰਦਾ ਤੋਂ ਮਾਨਾਵਾਲਾ ਕਲਾ ਤੱਕ ਅਜੇ ਤੱਕ ਜ਼ਮੀਨ ਐਕਵਾਇਰ ਨਹੀਂ ਹੋਈ ਹੈ, ਜਿਸ ਦੀ ਲੰਬਾਈ ਤਕਰੀਬਨ 25 ਤੋਂ 30 ਕਿਲੋਮੀਟਰ ਬਣਦੀ ਹੈ। ਜ਼ਮੀਨ ਐਕਵਾਇਰ ਨਾ ਹੋਣ ਕਾਰਨ ਐੱਨਐੱਚਏਆਈ ਨੇ ਇਹ ਪ੍ਰੋਜੈਕਟ ਰੱਦ ਕੀਤਾ ਹੈ।
ਪੰਜਾਬ ਸਰਕਾਰ ਰਹੀ ਨਕਾਮ
ਔਜਲਾ ਨੇ ਕਿਹਾ ਕਿ ਸਰਹੱਦੀ ਖੇਤਰ ਲਈ ਇਹ ਪ੍ਰੋਜੈਕਟ ਕਿਸੇ ਵਰਦਾਨ ਤੋਂ ਘੱਟ ਨਹੀਂ ਮੰਨਿਆ ਜਾ ਸਕਦਾ ਸੀ ਕਿਉਂਕਿ ਇਸ ਨਾਲ ਅੰਮ੍ਰਿਤਸਰ ਪਾਕਿਸਤਾਨ ਅਤੇ ਅਰਬ ਦੇਸ਼ਾਂ ਦੇ ਨਾਲ ਵਪਾਰ ਖੁੱਲ੍ਹਣ ਦੀ ਉਮੀਦ ਸੀ ਜੋ ਕਿ ਹੁਣ ਧੁੰਦਲੀ ਹੋ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕੇਵਲ ਇਸ਼ਤਿਹਾਰਬਾਜ਼ੀ ਵਿੱਚ ਲੱਗੀ ਹੋਈ ਹੈ ਜਦ ਕਿ ਜ਼ਮੀਨ ਐਕਵਾਇਰ ਕਰਨ ਵਿੱਚ ਪੰਜਾਬ ਸਰਕਾਰ ਨਕਾਮ ਰਹੀ ਕਿਉਂਕਿ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨਾਲ ਕਿਸੇ ਵੀ ਬੈਠਕੇ ਗੱਲ ਕਰ ਇਸ ਮਸਲੇ ਦਾ ਹੱਲ ਕੱਢਣ ਦੀ ਕੋਸ਼ਿਸ਼ ਨਹੀਂ ਕੀਤੀ ਗਈ। ਪੰਜਾਬ ਸਰਕਾਰ ਆਪਣਾ ਫਰਜ਼ ਨਿਭਾਉਣ ਵਿੱਚ ਨਾ ਕਾਮਯਾਬ ਰਹੀ ਹੈ ਜਿਸ ਦਾ ਖਮਿਆਜਾ ਸਰਹੱਦੀ ਖੇਤਰ ਨੂੰ ਆਉਣ ਵਾਲੇ ਦਿਨਾਂ ਵਿੱਚ ਭੁਗਤਣਾ ਪੈ ਸਕਦਾ ਹੈ।