ਚੰਡੀਗੜ੍ਹ: ਪੰਜਾਬੀ ਸਿਨੇਮਾ ਦੇ ਖੇਤਰ ਵਿੱਚ ਅਲਹਦਾ ਫਿਲਮਾਂ ਦੀ ਸਿਰਜਣਾ ਕਰਨ ਵਿੱਚ ਮੋਹਰੀ ਭੂਮਿਕਾ ਨਿਭਾ ਰਹੇ ਹਨ ਨੌਜਵਾਨ ਅਤੇ ਪ੍ਰਤਿਭਾਵਾਨ ਨਿਰਦੇਸ਼ਕ ਜੱਸੀ ਮਾਨ, ਜੋ ਆਪਣੀ ਇੱਕ ਹੋਰ ਆਫ਼ ਬੀਟ ਪੰਜਾਬੀ ਫਿਲਮ 'ਮਾਏ! ਮੈਂ ਇੱਕ ਸ਼ਿਕਰਾ ਯਾਰ ਬਣਾਇਆ' ਦਰਸ਼ਕਾਂ ਦੇ ਸਨਮੁੱਖ ਕਰਨ ਜਾ ਰਹੇ ਹਨ, ਜਿਸ ਵਿੱਚ ਪਾਲੀਵੁੱਡ ਦੇ ਕਈ ਚਰਚਿਤ ਚਿਹਰੇ ਲੀਡਿੰਗ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ।
'ਇਜੀਵੇ ਐਂਟਰਟੇਨਮੈਂਟ' ਵੱਲੋਂ ਪੇਸ਼ ਕੀਤੀ ਜਾ ਰਹੀ ਇਸ ਫਿਲਮ ਦੇ ਨਿਰਮਾਤਾ ਗੁਰਤੇਜ ਸੰਧੂ, ਸਹਿ ਨਿਰਮਾਤਾ ਰਣਜੀਤ ਔਲਖ, ਹਰਿੰਦਰ ਸਿੰਘ, ਬਲਰਾਜ ਬਰਾੜ ਅਤੇ ਲੇਖਕ ਸਪਿੰਦਰ ਸਿੰਘ ਸੈਣੀ ਹਨ, ਜਦਕਿ ਨਿਰਦੇਸ਼ਨ ਜ਼ਿੰਮੇਵਾਰੀ ਨੂੰ ਜੱਸੀ ਮਾਨ ਵੱਲੋਂ ਅੰਜ਼ਾਮ ਦਿੱਤਾ ਗਿਆ ਹੈ, ਜੋ ਇਸ ਤੋਂ ਪਹਿਲਾਂ ਵੀ ਕਈ ਅਰਥ ਭਰਪੂਰ ਪ੍ਰੋਜੈਕਟਾਂ ਨਾਲ ਬਤੌਰ ਨਿਰਦੇਸ਼ਕ ਜੁੜੇ ਰਹੇ ਹਨ।
ਦਿਲ ਨੂੰ ਛੂਹ ਲੈਣ ਵਾਲੀ ਭਾਵਪੂਰਨ ਪ੍ਰੇਮ ਕਹਾਣੀ ਅਧਾਰਿਤ ਇਸ ਫਿਲਮ ਦੀ ਸਟਾਰ-ਕਾਸਟ ਵਿੱਚ ਧੀਰਜ ਕੁਮਾਰ, ਦਕਸ਼ਅਜੀਤ ਸਿੰਘ, ਨਵਕਿਰਨ ਭੱਠਲ, ਅਸ਼ੀਸ਼ ਦੁੱਗਲ, ਸੁੱਖੀ ਚਾਹਲ, ਸੁਨੀਤਾ ਧੀਰ, ਜਗਮੀਤ ਕੌਰ, ਨਗਿੰਦਰ ਗੱਖੜ, ਦਰਸ਼ਨ ਔਲਖ, ਅਰਸ਼ ਹੁੰਦਲ, ਰਿਸ਼ਬ ਮਹਿਤਾ, ਵਿੱਕੀ ਦੇਵ, ਪਰਮ ਵਿਰਕ ਸ਼ਾਮਿਲ ਹਨ, ਜਿੰਨ੍ਹਾਂ ਤੋਂ ਇਲਾਵਾ ਪੂਨਮ ਸੂਦ ਅਤੇ ਪਰਮਵੀਰ ਸਿੰਘ ਵੀ ਮਹਿਮਾਨ ਭੂਮਿਕਾਵਾਂ ਵਿੱਚ ਹਨ।
ਮੇਨ ਸਟਰੀਮ ਸਿਨੇਮਾ ਲਕੀਰ ਤੋਂ ਪੂਰੀ ਤਰ੍ਹਾਂ ਲਾਂਭੇ ਹੱਟ ਕੇ ਬਣਾਈ ਗਈ ਇਸ ਫਿਲਮ ਨਾਲ ਜੁੜੇ ਕੁਝ ਹੋਰ ਅਹਿਮ ਪਹਿਲੂਆਂ ਦੀ ਗੱਲ ਕੀਤੀ ਜਾਵੇ ਤਾ ਧੀਰਜ ਕੁਮਾਰ ਦੀ ਸੋਲੋ ਹੀਰੋ ਵਜੋਂ ਇੱਕ ਵਾਰ ਫਿਰ ਮੌਜੂਦਗੀ ਦਰਜ ਕਰਵਾਉਣ ਜਾ ਰਹੀ ਇਸ ਫਿਲਮ ਦੇ ਡੀਓਪੀ ਸੁੱਖੀ ਖਹਿਰਾ, ਕ੍ਰਿਏਟਿਵ ਨਿਰਮਾਤਾ ਨਵਦੀਪ ਅਗਰੋਈਆ ਅਤੇ ਕਾਰਜਕਾਰੀ ਨਿਰਮਾਤਾ ਅਰਮਾਨ ਸਿੱਧੂ ਹਨ।
ਬਤੌਰ ਐਸੋਸੀਏਟ ਨਿਰਦੇਸ਼ਕ 'ਬਲੈਕੀਆ', 'ਨਿਸ਼ਾਨਾ', 'ਬਲੈਕੀਆ 2' ਜਿਹੀਆਂ ਕਈ ਵੱਡੀਆਂ ਫਿਲਮਾਂ ਨੂੰ ਸੋਹਣਾ ਮੁਹਾਂਦਰਾ ਦੇਣ ਦਾ ਮਾਣ ਵੀ ਹਾਸਿਲ ਕਰ ਚੁੱਕੇ ਹਨ ਜੱਸੀ ਮਾਨ, ਜਿੰਨ੍ਹਾਂ ਦੁਆਰਾ ਹਾਲ ਹੀ ਦੇ ਸਮੇਂ ਦੌਰਾਨ ਨਿਰਦੇਸ਼ਕ ਦੇ ਰੂਪ ਵਿੱਚ ਕੀਤੀਆਂ ਫਿਲਮਾਂ ਦੀ ਗੱਲ ਕਰੀਏ ਤਾਂ ਇੰਨ੍ਹਾਂ ਵਿੱਚ 'ਪੂਰਨਮਾਸ਼ੀ', 'ਅਦਾਕਾਰ', 'ਆਖ਼ਰੀ ਬਾਬੇ' ਆਦਿ ਸ਼ੁਮਾਰ ਰਹੀਆਂ ਹਨ।
ਇਹ ਵੀ ਪੜ੍ਹੋ: