ਚੰਡੀਗੜ੍ਹ: ਪੰਜਾਬੀ ਸਿਨੇਮਾ ਦੀਆਂ ਆਉਣ ਵਾਲੀਆਂ ਅਤੇ ਬਹੁ-ਚਰਚਿਤ ਫਿਲਮਾਂ ਵਿੱਚ ਇੱਕ ਮੋਹਰੀ ਨਾਂਅ ਵਜੋਂ ਆਪਣਾ ਸ਼ੁਮਾਰ ਕਰਵਾ ਰਹੀ ਹੈ ਪੰਜਾਬੀ ਫਿਲਮ 'ਡਾਕੂਆਂ ਦਾ ਮੁੰਡਾ 3', ਜਿਸ ਦੇ ਦੂਜੇ ਅਤੇ ਅਹਿਮ ਸ਼ੈਡਿਊਲ ਦੀ ਸ਼ੂਟਿੰਗ ਉੱਤਰਾਖੰਡ ਦੇ ਦੇਹਰਾਦੂਨ ਵਿਖੇ ਸ਼ੁਰੂ ਹੋ ਚੁੱਕੀ ਹੈ, ਜਿਸ ਵਿੱਚ ਪੰਜਾਬੀ ਫਿਲਮ ਸਟਾਰ ਦੇਵ ਖਰੌੜ ਤੋਂ ਇਲਾਵਾ ਬਹੁ-ਭਾਸ਼ਾਈ ਸਿਨੇਮਾ ਨਾਲ ਜੁੜੇ ਕਈ ਚਰਚਿਤ ਚਿਹਰੇ ਹਿੱਸਾ ਲੈ ਰਹੇ ਹਨ।
'ਜੀ ਸਟੂਡਿਓਜ਼' ਵੱਲੋਂ ਪੇਸ਼ ਕੀਤੀ ਜਾ ਰਹੀ ਅਤੇ ਡ੍ਰੀਮ ਰਿਐਲਟੀ ਮੂਵੀਜ਼ ਵੱਲੋਂ ਬਣਾਈ ਜਾ ਰਹੀ ਉਕਤ ਫਿਲਮ ਦਾ ਨਿਰਮਾਣ ਰਵਨੀਤ ਚਾਹਲ ਕਰ ਰਹੇ ਹਨ, ਜੋ ਇਸੇ ਸੀਰੀਜ਼ ਦੀਆਂ ਪਹਿਲੀ ਦੋਨੋਂ ਫਿਲਮਾਂ ਸਮੇਤ ਕਈ ਵੱਡੀਆਂ ਫਿਲਮਾਂ ਨਿਰਮਿਤ ਕਰ ਚੁੱਕੇ ਹਨ।
ਕਾਮੇਡੀ-ਐਕਸ਼ਨ-ਡ੍ਰਾਮਾ ਅਧਾਰਿਤ ਇਸ ਫਿਲਮ ਦਾ ਲੇਖਨ ਨਰਿੰਦਰ ਅੰਮ੍ਰਿਤਸਰੀਆ ਕਰ ਰਹੇ ਹਨ, ਜਦਕਿ ਨਿਰਦੇਸ਼ਨ ਕਮਾਂਡ ਹੈਪੀ ਰੋਡੇ ਸੰਭਾਲ ਰਹੇ ਹਨ, ਜੋ ਹਾਲ ਹੀ ਦੇ ਸਮੇਂ ਵਿੱਚ 'ਰੋਡੇ ਕਾਲਜ' ਜਿਹੀ ਬਹੁ-ਚਰਚਿਤ ਫਿਲਮ ਵੀ ਨਿਰਦੇਸ਼ਿਤ ਕਰ ਚੁੱਕੇ ਹਨ ਅਤੇ ਫਿਲਮੀ ਗਲਿਆਰਿਆਂ ਵਿੱਚ ਚੌਖੀ ਭੱਲ ਸਥਾਪਿਤ ਕਰ ਚੁੱਕੇ ਹਨ।
ਨਿਰਮਾਣ ਪੜ੍ਹਾਅ ਤੋਂ ਚਰਚਾ ਦਾ ਕੇਂਦਰ ਬਣੀ ਉਕਤ ਫਿਲਮ ਦਾ ਅਗਾਜ਼ ਪੰਜਾਬ ਦੇ ਮੋਹਾਲੀ-ਖਰੜ ਇਲਾਕਿਆਂ ਵਿੱਚ ਕੀਤਾ ਗਿਆ ਸੀ, ਜਿਸ ਉਪਰੰਤ ਦੇਹਰਾਦੂਨ ਵਿਖੇ ਹੋਣ ਵਾਲਾ ਉਕਤ ਸ਼ੈਡਿਊਲ ਕਾਫ਼ੀ ਲੰਮਾ ਸ਼ੂਟਿੰਗ ਪੜਾਅ ਹੋਵੇਗਾ, ਜਿਸ ਦੌਰਾਨ ਫਿਲਮ ਦਾ 80 ਫ਼ੀਸਦੀ ਹਿੱਸਾ ਇੱਧਰ ਹੀ ਮੁਕੰਮਲ ਕੀਤੇ ਜਾਣ ਦੀ ਸੰਭਾਵਨਾ ਹੈ।
ਸਾਲ 2018 ਵਿੱਚ ਆਈ 'ਡਾਕੂਆਂ ਦਾ ਮੁੰਡਾ' ਅਤੇ 2021 ਵਿੱਚ ਰਿਲੀਜ਼ 'ਡਾਕੂਆਂ ਦਾ ਮੁੰਡਾ 2' ਦੇ ਤੀਜੇ ਭਾਗ ਦੇ ਰੂਪ ਵਿੱਚ ਸਾਹਮਣੇ ਲਿਆਂਦੀ ਜਾ ਰਹੀ ਹੈ ਉਕਤ ਫਿਲਮ, ਜਿਸ ਵਿੱਚ ਸਾਊਥ ਸਿਨੇਮਾ ਨਾਲ ਜੁੜੇ ਮਸ਼ਹੂਰ ਅਦਾਕਾਰ ਕਬੀਰ ਦੁਹਾਨ ਸਿੰਘ ਵੀ ਮਹੱਤਵਪੂਰਨ ਰੋਲ ਪਲੇਅ ਕਰ ਰਹੇ ਹਨ, ਜੋ ਅਪਣੀ ਇਸ ਪਹਿਲੀ ਪੰਜਾਬੀ ਫਿਲਮ ਨਾਲ ਪਾਲੀਵੁੱਡ ਵਿੱਚ ਸ਼ਾਨਦਾਰ ਡੈਬਿਊ ਕਰਨ ਜਾ ਰਹੇ ਹਨ।
ਇਸੇ ਵਰ੍ਹੇ 2025 ਦੇ ਮੱਧ ਵਿੱਚ ਵਰਲਡ-ਵਾਈਡ ਰਿਲੀਜ਼ ਕੀਤੀ ਜਾਣ ਵਾਲੀ ਉਕਤ ਫਿਲਮ ਵਿੱਚ ਪੁਲਿਸ ਅਫ਼ਸਰ ਦੇ ਰੋਲ ਨੂੰ ਪਲੇਅ ਕਰਦੇ ਨਜ਼ਰੀ ਪੈਣਗੇ ਅਦਾਕਾਰ ਦੇਵ ਖਰੌੜ, ਜਿਸ ਵਿੱਚ ਉਹ ਇੱਕ ਵਾਰ ਫਿਰ ਅਪਣੇ ਚਿਰ ਪਰਿਚਤ ਐਕਸ਼ਨ ਅਵਤਾਰ ਦੁਆਰਾ ਦਰਸ਼ਕਾਂ ਦੇ ਸਨਮੁੱਖ ਹੋਣਗੇ, ਜਿੰਨ੍ਹਾਂ ਦੀ ਇਸ ਫਿਲਮ ਦਾ ਦਰਸ਼ਕਾਂ ਵੱਲੋਂ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ: