ਨਕਲੀ ਕਰੰਸੀ ਸਣੇ ਇੱਕ ਲੜਕੀ ਗ੍ਰਿਫ਼ਤਾਰ
ਬਠਿੰਡਾ ਪੁਲਿਸ ਨੇ ਵੀਰਵਾਰ ਦੇਰ ਰਾਤ ਸਿਰਸਾ ਦੀ ਰਹਿਣ ਵਾਲੀ ਇੱਕ ਲੜਕੀ ਨੂੰ ਜਾਅਲੀ ਕਰੰਸੀ ਸਣੇ ਗ੍ਰਿਫ਼ਤਾਰ ਕੀਤਾ ਹੈ। ਆਰੋਪੀ ਲੜਕੀ ਦੀ ਪਹਿਚਾਣ ਰਮਨਜੀਤ ਕੌਰ ਵਜੋਂ ਹੋਈ ਹੈ। ਦੱਸਣਯੋਗ ਹੈ ਕਿ ਰਮਨਜੀਤ ਕੌਰ ਨੇ ਦੇਰ ਰਾਤ ਰੇਲਵੇ ਸਟੇਸ਼ਨ ਦੇ ਨਜ਼ਦੀਕ ਤੋਂ ਇੱਕ ਦੁਕਾਨ ਤੋਂ 50 ਰੁਪਏ ਦੇ ਸ਼ੈਂਪੂ ਦੇ ਪੈਕੇਟ ਖਰੀਦੇ ਤੇ ਦੁਕਾਨਦਾਰ ਨੂੰ 200 ਰੁਪਏ ਦਾ ਨਕਲੀ ਨੋਟ ਦੇ ਦਿੱਤਾ। ਦੁਕਾਨਦਾਰ ਵੱਲੋਂ ਜਦ ਨੋਟ ਨੂੰ ਚੈੱਕ ਕੀਤਾ ਗਿਆ ਤਾਂ ਉਹ ਨਕਲੀ ਸੀ। ਇਸ ਤੋਂ ਬਾਅਦ ਦੁਕਾਨਦਾਰ ਨੇ ਦੋ ਹੋਰ ਦੁਕਾਨਾਂ ਤੋਂ ਪੁਛਗਿੱਛ ਕੀਤੀ ਤਾਂ ਪਤਾ ਲੱਗਿਆ ਕਿ ਉਸ ਲੜਕੀ ਨੇ ਇਸੇ ਤਰ੍ਹਾਂ ਉਨ੍ਹਾਂ ਨਾਲ ਵੀ ਠੱਗੀ ਮਾਰੀ ਹੈ। ਇਸ ਘਟਨਾ ਤੋਂ ਬਾਅਦ ਲੋਕਾਂ ਨੇ ਪੁਲਿਸ ਨੂੰ ਸੂਚਿਤ ਕੀਤਾ ਤੇ ਥਾਣਾ ਕੋਤਵਾਲੀ ਦੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲੜਕੀ ਨੂੰ ਹਿਰਾਸਤ ਵਿੱਚ ਲਿਆ। ਕੋਤਵਾਲੀ ਦੇ ਐਸ.ਐਚ.ਓ. ਦਵਿੰਦਰ ਸਿੰਘ ਨੇ ਦੱਸਿਆ ਕਿ ਰਮਨਜੀਤ ਕੌਰ ਦੇ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ ਤੇ ਉਸ ਦੇ ਕੋਲੋਂ ਮਿਲੀ ਕਰੰਸੀ ਦੀ ਜਾਂਚ ਅਜੇ ਕੀਤੀ ਜਾ ਰਹੀ ਹੈ।