ਛੋਟੇ ਡਰੋਨਾਂ ਰਾਹੀਂ ਪੰਜਾਬ 'ਚ ਪਹੁੰਚਾਈ ਗਈ ਹੈਰੋਇਨ ਤਰਨਤਾਰਨ: ਨਸ਼ਾ ਤਸਕਰਾਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਤਹਿਤ ਜ਼ਿਲ੍ਹੇ ਅੰਦਰ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਮੁਤਾਬਿਕ ਉਨ੍ਹਾਂ ਨੇ ਇਹ ਕਾਰਵਾਈ ਗੁਪਤ ਸੂਚਨਾ ਦੇ ਅਧਾਰ ਉੱਤੇ ਕੀਤੀ ਹੈ। ਐੱਸਐੱਸਪੀ ਗੁਰਮੀਤ ਸਿੰਘ ਚੌਹਾਨ ਨੇ ਆਖਿਆ ਕਿ ਉਨ੍ਹਾਂ ਨੂੰ ਇਤਲਾਹ ਮਿਲੀ ਸੀ ਕਿ ਮੁਲਜ਼ਮ ਲਵਪ੍ਰੀਤ ਸਿੰਘ ਵਾਸੀ ਮਾਨਕਪੁਰਾ ਅਤੇ ਅਕਾਸ਼ਦੀਪ ਸਿੰਘ ਵਾਸੀ ਮਾਨਕਪੁਰਾ ਜੋ ਕਿ ਹੈਰੋਇਨ ਅਤੇ ਨਜ਼ਾਇਜ਼ ਹਥਿਆਰਾਂ ਦੀ ਤਸਕਰੀ ਕਰਦੇ ਹਨ, ਉਹ ਹੈਰੋਇਨ ਅਤੇ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤੇ ਜਾ ਸਕਦੇ ਹਨ।
ਡਰੱਗ ਮਨੀ ਅਤੇ ਹਥਿਆਰ ਵੀ ਬਰਾਮਦ: ਪੁਲਿਸ ਨੇ ਇਤਲਾਹ ਮਿਲਣ ਦੇ ਤੁਰੰਤ ਬਾਅਦ ਐਕਸ਼ਨ ਵਿੱਚ ਆਕੇ ਰੇਡ ਕੀਤੀ ਤਾਂ ਪਿੰਡ ਭੂਸੇ ਮੋੜ ਉੱਤੇ ਨਾਕਾਬੰਦੀ ਕੀਤੀ ਗਈ। ਥੋੜੇ ਸਮੇਂ ਬਾਅਦ ਇੱਕ ਵਰਨਾ ਗੱਡੀ ਆਉਂਦੀ ਦਿਖਾਈ ਦਿੱਤੀ, ਜਿਸ ਨੂੰ ਪੁਲਿਸ ਪਾਰਟੀ ਵੱਲੋਂ ਰੁਕਣ ਦਾ ਇਸ਼ਾਰਾ ਕੀਤਾ ਗਿਆ। ਪੁਲਿਸ ਨੂੰ ਦੇਖ ਕੇ ਮੁਲਜ਼ਮ ਗੱਡੀ ਵਾਪਸ ਮੋੜ ਕੇ ਭੱਜਣ ਲੱਗੇ। ਇਸ ਦੌਰਾਨ ਪੁਲਿਸ ਪਾਰਟੀ ਨੇ ਮੁਲਜ਼ਮਾਂ ਨੂੰ ਕਾਬੂ ਕਰ ਲਿਆ। ਇਸ ਦੌਰਾਨ 3 ਕਿੱਲੋ 290 ਗ੍ਰਾਮ ਹੈਰੋਇਨ, 30 ਲੱਗ ਡਰੱਗ ਮਨੀ ਤੋਂ ਇਲਾਵਾ ਹਥਿਆਰਾਂ ਸਮੇਤ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ।
ਦਿਨ ਸਮੇਂ ਹੈਰੋਇਨ ਦੀ ਸਪਲਾਈ:ਐੱਸਐੱਸਪੀ ਗੁਰਮੀਤ ਸਿੰਘ ਚੌਹਾਨ ਮੁਤਾਬਿਕ ਨਸ਼ੇ ਦੀ ਤਸਕਰੀ ਲਈ ਹੁਣ ਦੇਸ਼ ਦੇ ਦੁਸ਼ਮਣ ਸਰਹੱਦ ਪਾਰੋਂ ਦਿਨ-ਦਿਹਾੜੇ ਪੰਜਾਬ ਵਿੱਚ ਛੋਟੇ ਡਰੋਨਾਂ ਰਾਹੀਂ ਬੰਦ ਪੈਕਟਾਂ ਅੰਦਰ ਨਸ਼ੇ ਦੀ ਸਪਲਾਈ ਕਰਦੇ ਹਨ। ਬਰਾਮਦ ਕੀਤੇ ਗਏ ਡਰੋਨ ਨੂੰ ਵੀ ਐੱਸਐੱਸਪੀ ਵੱਲੋਂ ਮੀਡੀਆ ਸਾਹਮਣੇ ਜਨਤਕ ਕੀਤਾ ਗਿਆ। ਪੁਲਿਸ ਮੁਤਾਬਿਕ ਕਾਬੂ ਕੀਤੇ ਗਏ ਤਸਕਰਾਂ ਕੋਲੋਂ ਪੁੱਛਗਿੱਛ ਦੌਰਾਨ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ। ਫਿਲਹਾਲ ਮੁਲਜ਼ਮਾਂ ਖ਼ਿਲਾਫ਼ ਅਸਲਾ ਅਤੇ ਐੱਨਡੀਪੀਐੱਸ ਐਕਟ ਤਹਿਤ ਮਾਮਲੇ ਦਰਜ ਕੀਤੇ ਗਏ ਹਨ।
ਇਸ ਤੋਂ ਪਹਿਲਾਂ ਅੱਜ ਸਰਹੱਦੀ ਜ਼ਿਲ੍ਹੇ ਅੰਮ੍ਰਿਤਸਰ ਤੋਂ ਸਪੈਸ਼ਲ ਟਾਸਕ ਫੋਰਸ ਨੇ ਕਰੋੜਾਂ ਦੀ ਹੈਰੋਇਨ ਸਮੇਤ ਤਿੰਨ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ । ਇਹ ਹੈਰੋਇਨ ਡਰੋਨ ਰਾਹੀਂ ਨਹੀਂ ਸਗੋਂ ਦਰਿਆ ਰਾਹੀਂ ਲਿਆਂਦੀ ਗਈ ਸੀ। ਬੀਤੇ ਦਿਨ ਵੀ ਅਜਿਹਾ ਹੀ ਕੁੱਝ ਹੋਇਆ ਜਦੋਂ ਬੀਐਸਐਫ ਅਤੇ ਕਾਊਂਟਰ ਇੰਟੈਲੀਜੈਂਸ ਨੇ ਮਿਲ ਕੇ ਫਿਰੋਜ਼ਪੁਰ ਸੈਕਟਰ ਵਿੱਚ 29 ਕਿਲੋ ਹੈਰੋਇਨ ਬਰਾਮਦ ਕੀਤੀ । ਇਸ ਦੇ ਨਾਲ ਹੀ ਦੋ ਪਾਕਿਸ ਤਸਕਰ ਵੀ ਫੜੇ ਗਏ, ਜੋ ਇੱਕ ਡਰੰਮ ਵਿੱਚ ਟਾਇਰ ਪਾ ਕੇ ਸਤਲੁਜ ਦਰਿਆ ਪਾਰ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਇਸ ਸਬੰਧੀ ਡਾਇਰੈਕਟਰ ਜਨਰਲ ਆਫ ਪੰਜਾਬ ਪੁਲਿਸ ਗੌਰਵ ਯਾਦਵ ਨੇ ਵੀ ਟਵੀਟ ਕਰਕੇ ਜਾਣਕਾਰੀ ਸਾਂਝੀ ਕੀਤੀ ਸੀ।