ਰੂਪਨਗਰ: ਚੀਨ ਤੋਂ ਸ਼ੁਰੂ ਹੋਏ ਕੋਰੋਨਾ ਵਾਇਰਸ ਦਾ ਕਹਿਰ ਪੂਰੀ ਦੁਨੀਆਂ ਦੇ ਵਿੱਚ ਫੈਲ ਚੁੱਕਿਆ ਹੈ। ਭਾਰਤ ਵਿੱਚ ਵੀ ਕੋਰੋਨਾ ਵਾਇਰਸ ਦੇ ਹੁਣ ਤੱਕ 151 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ, ਜਿਨ੍ਹਾਂ ਵਿੱਚੋਂ 3 ਦੀ ਮੌਤ ਵੀ ਹੋ ਚੁੱਕੀ ਹੈ।
ਕੋਰੋਨਾ ਵਾਇਰਸ ਦੇ ਖਤਰੇ ਦੇ ਬਾਵਜੂਦ ਸੇਵਾ ਕੇਂਦਰਾਂ 'ਚ ਕੰਮਕਾਜ ਜਾਰੀ - Rupnagar news
ਰੂਪਨਗਰ ਦੇ ਸੇਵਾ ਕੇਂਦਰਾਂ ਦੇ ਵਿੱਚ ਕਰਮਚਾਰੀਆਂ ਅਤੇ ਲੋਕਾਂ 'ਤੇ ਕੋਰੋਨਾ ਵਾਇਰਸ ਦਾ ਖ਼ਤਰਾ ਮੰਡਰਾ ਰਿਹਾ ਹੈ ਪਰ ਸਰਕਾਰ ਅਤੇ ਪ੍ਰਸ਼ਾਸਨ ਇਸ ਪੱਖੋਂ ਲਾਪਰਵਾਹ ਹਨ।
ਇਸ 'ਤੇ ਅਹਿਤਿਆਤ ਵਜੋਂ ਪੰਜਾਬ ਸਰਕਾਰ ਵੱਲੋਂ ਐਡਵਾਈਜ਼ਰੀ ਜਾਰੀ ਕਰ ਸੂਬੇ ਵਿੱਚ ਮੈਰਿਜ ਪੈਲੇਸ, ਸਿਨੇਮਾ ਘਰ, ਜਿੰਮ ਕਲੱਬ ਅਤੇ ਕਈ ਜਨਤਕ ਸਥਾਨਾਂ 'ਤੇ ਇਕੱਠ ਕਰਨ 'ਤੇ ਪੂਰਨ ਤੌਰ 'ਤੇ ਪਾਬੰਦੀ ਲਗਾ ਦਿੱਤੀ ਹੈ, ਜੋ 31 ਮਾਰਚ ਤੱਕ ਜਾਰੀ ਰਹੇਗੀ, ਪਰ ਰੂਪਨਗਰ ਦੇ ਸਿਵਲ ਸੈਕਟਰੀਏਟ ਦੇ ਵਿੱਚ ਸਥਿਤ ਸੇਵਾ ਕੇਂਦਰ ਆਮ ਵਾਂਗ ਖੁੱਲ੍ਹੇ ਹਨ। ਇਸ ਸਥਾਨ 'ਤੇ ਰੋਜ਼ਾਨਾ ਸੈਂਕੜੇ ਦੀ ਗਿਣਤੀ ਦੇ ਵਿੱਚ ਲੋਕ ਆਪਣੇ ਕੰਮਕਾਰ ਕਰਾਉਣ ਵਾਸਤੇ ਆਉਂਦੇ ਹਨ।
ਇਸ ਸਥਾਨ 'ਤੇ ਕੋਰੋਨਾ ਦੇ ਫੈਲਣ ਦਾ ਖਦਸ਼ਾ ਬਣਿਆ ਹੋਇਆ ਹੈ। ਈਟੀਵੀ ਭਾਰਤ ਦੀ ਟੀਮ ਨੇ ਜਦੋਂ ਇਸ ਕੇਂਦਰ ਦਾ ਦੌਰਾ ਕੀਤਾ ਤਾਂ ਇੱਥੇ ਕੰਮ ਕਰਾਉਣ ਵਾਲੇ ਲੋਕਾਂ ਦੀ ਵੱਡੀ ਭੀੜ ਦੇਖਣ ਨੂੰ ਮਿਲੀ। ਇਸ ਕੇਂਦਰ ਦੇ ਵਿੱਚ ਕੰਮ ਕਰ ਰਹੇ ਕਰਮਚਾਰੀ ਅਤੇ ਕੰਮ ਕਰਵਾਉਣ ਵਾਲੇ ਆਮ ਲੋਕ ਕੋਰੋਨਾ ਵਾਇਰਸ ਦੀ ਦਹਿਸ਼ਤ ਦੇ ਹੇਠ ਹਨ ਇਨ੍ਹਾਂ ਦੀ ਮੰਗ ਹੈ ਕਿ ਸੂਬਾ ਸਰਕਾਰ ਇਨ੍ਹਾਂ ਵੱਲ ਵੀ ਧਿਆਨ ਦੇਵੇ।