ਪਟਿਆਲਾ: ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਲੋਕ ਮਾਰੂ, ਰਾਸ਼ਟਰ ਵਿਰੋਧੀ ਨੀਤੀਆਂ, ਫਿਰਕੂ ਫਾਸੀਵਾਦੀ ਅਤੇ ਪੰਜਾਬ ਦੇ ਕਿਰਤੀਆਂ ਦੀਆਂ ਹੱਕੀ ਮੰਗਾਂ ਨੂੰ ਲੈ ਕੇ ਹਿੰਦ ਖੇਤ ਮਜ਼ਦੂਰ ਯੂਨੀਅਨ ਅਤੇ ਹਿੰਦ ਕਿਸਾਨ ਸਭਾ ਨੇ ਸਾਂਝੇ ਤੌਰ ਉੱਤੇ ਨਾਭਾ ਤਹਿਸੀਲ ਕੰਪਲੈਕਸ ਦੇ ਬਾਹਰ ਔਰਤਾਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ।
ਕਾਮਰੇਡ ਧਰਮਪਾਲ ਸਿੰਘ ਨੇ ਕਿਹਾ ਕਿ ਫਾਈਨਾਂਸ ਕੰਪਨੀਆਂ ਪਹਿਲਾਂ ਪਿੰਡਾਂ ਵਿੱਚ ਗਰੁੱਪ ਬਣਾ ਕੇ ਬੀਬੀਆਂ ਨੂੰ ਪੈਸੇ ਦਿੰਦੀਆਂ ਸਨ ਅਤੇ ਹੁਣ ਕੋਰੋਨਾ ਵਾਇਰਸ ਦੀ ਮਹਾਂਮਾਰੀ ਦੇ ਚੱਲਦਿਆਂ ਪੈਸੇ ਮੋੜਨ ਵਿੱਚ ਅਸਮਰੱਥ ਹਨ ਤੇ ਫਾਈਨੈਂਸ ਕੰਪਨੀਆਂ ਪਿੰਡਾਂ ਦੇ ਵਿੱਚ ਜਾ ਕੇ ਔਰਤਾਂ ਨੂੰ ਪੈਸੇ ਮੋੜਨ ਲਈ ਮਜ਼ਬੂਰ ਕਰ ਰਹੇ ਹਨ। ਉਨ੍ਹਾਂ ਨੇ ਮੰਗ ਕੀਤੀ ਕਿ ਐਮਐਲਏ, ਐਮਪੀਜ਼ ਤਿੰਨ ਜਾਂ ਚਾਰ ਪੈਨਸ਼ਨਾਂ ਲੈਂਦੇ ਹਨ ਉਨ੍ਹਾਂ ਨੂੰ ਰੱਦ ਕਰਕੇ ਇਨ੍ਹਾਂ ਗ਼ਰੀਬ ਮਜ਼ਦੂਰਾਂ ਦੇ ਕਰਜ਼ਿਆਂ ਨੂੰ ਮਾਫ਼ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਮਜ਼ਦੂਰ ਵਿਰੋਧੀ ਹੈ ਅਤੇ ਇਹ ਗਰੀਬ ਲੋਕਾਂ ਦਾ ਖ਼ੂਨ ਚੂਸ ਕੇ ਕਾਰਪੋਰੇਟ ਘਰਾਨਿਆਂ ਦਾ ਢਿੱਡ ਭਰ ਰਹੀ ਹੈ। ਪ੍ਰਾਈਵੇਟ ਫਾਇਨਾਂਸ ਕੰਪਨੀ ਦੇ ਰਿਕਵਰੀ ਮੈਨ ਪਿੰਡਾਂ ਵਿੱਚ ਔਰਤਾਂ ਨੂੰ ਮਜ਼ਬੂਰ ਕਰਦੇ ਹਨ ਅਤੇ ਨਾਲ ਔਰਤਾਂ ਨਾਲ ਬਦਸਲੂਕੀ ਕਰਦੇ ਹਨ ਅਸੀਂ ਮੰਗ ਕਰਦੇ ਹਾਂ ਕਿ ਇਨ੍ਹਾਂ ਨੂੰ ਰੋਕਿਆ ਜਾਵੇ ਅਤੇ ਗਰੀਬ ਔਰਤਾਂ ਦੇ ਕਰਜ਼ਿਆਂ ਨੂੰ ਮੁਆਫ ਕੀਤਾ ਜਾਵੇ।