ਮਾਨਸਾ :ਮਾਨਸਾ ਜੇਲ੍ਹ ਵਿੱਚੋ ਰਿਹਾਅ ਹੋਏ ਸ਼ੁਭਾਸ਼ ਨਾਮੀ ਹਵਾਲਾਤੀ ਵੱਲੋ ਮਾਨਸਾ ਜੇਲ੍ਹ ਅੰਦਰ ਖੁਲ੍ਹੇਆਮ ਨਸ਼ਾ ਵੇਚਣ ,ਮੋਬਾਇਲ ਫੋਨ ਤੇ ਬੈਰਕਾਂ ਠੇਕੇ 'ਤੇ ਦੇਣ ਦੇ ਦੋਸ਼ ਲਗਾਏ ਗਏ ਸੀ ਤੇ ਕਈ ਜੇਲ੍ਹ ਅੰਦਰ ਦੀਆਂ ਵੀਡੀਓ ਪੇਸ਼ ਕੀਤੀਆ ਸੀ। ਜਿਸ 'ਤੇ ਕਾਰਵਾਈ ਕਰਦੇ ਹੋਏ ਡੀਆਈਜੀ ਜੇਲ੍ਹਾਂ ਵੱਲੋ ਜਾਂਚ ਦੋਰਾਨ 2 ਸਹਾਇਕ ਸੁਪਰਡੈਂਟ ਅਤੇ 4 ਜੇਲ੍ਹ ਵਾਰਡਰਾਂ ਨੂੰ ਦੋਸ਼ੀ ਪਾਉਂਦੇ ਹੋਏ ਫੋਰੀ ਡਿਊਟੀ ਤੋਂ ਮੁਅੱਤਲ ਕਰਨ ਦੇ ਹੁਕਮ ਜਾਰੀ ਕੀਤੇ ਹਨ। (Mansa Jail News)
ਸਹਾਇਕ ਸੁਪਰਡੈਂਟਾਂ ਸਮੇਤ ਵਾਰਡਰ ਸਸਪੈਂਡ: ਇਸ ਸਬੰਧੀ ਵਧੀਕ ਡਾਇਰੈਕਟਰ ਜਰਨਲ ਆਫ ਪੁਲਿਸ ਜੇਲ੍ਹ ਪੰਜਾਬ ਦੇ ਵੱਲੋਂ ਹੁਕਮ ਜਾਰੀ ਕਰਦੇ ਹੋਏ ਮਾਨਸਾ ਜੇਲ੍ਹ ਦੇ 2 ਸਹਾਇਕ ਸੁਪਰਡੈਂਟਾਂ ਸਮੇਤ 4 ਵਾਰਡਰਾਂ ਨੂੰ ਸਸਪੈਂਡ ਕਰ ਦਿੱਤਾ ਹੈ। ਜਾਰੀ ਹੁਕਮ ਵਿੱਚ ਉਨਾਂ ਕਿਹਾ ਕਿ ਮਾਨਸਾ ਜੇਲ੍ਹ ਤੋਂ ਰਿਹਾਅ ਹੋਏ ਬੰਦੀ ਸੁਭਾਸ਼ ਕੁਮਾਰ ਉਰਫ ਸੁਭਾਸ਼ ਆਰੋੜਾ ਪੁੱਤਰ ਮੱਖਣ ਲਾਲ ਵੱਲੋਂ ਟੀਵੀ ਚੈਨਲਾਂ ਨੂੰ ਦਿੱਤੀ ਇੰਟਰਵਿਊ ਵਿਚ ਲਾਏ ਗਏ ਦੋਸ਼ਾਂ ਦੀ ਪੜਤਾਲ ਡਿਪਟੀ ਇੰਸਪੈਕਟਰ ਜਨਰਲ ਜੇਲ੍ਹਾਂ (ਹੈਡਕੁਆਰਟਰ) ਵੱਲੋਂ ਕੀਤੀ ਗਈ।
ਇਲਜ਼ਾਮਾਂ 'ਤੇ ਦੋਸ਼ੀ ਨਿਕਲੇ ਮੁਲਾਜ਼ਮ: ਉਨ੍ਹਾਂ ਕਿਹਾ ਕਿ ਪੜਤਾਲ ਰਿਪੋਰਟ ਅਨੁਸਾਰ ਜੇਲ੍ਹ ਮਾਨਸਾ ਵਿੱਚ ਤੈਨਾਤ ਭਿਵਮ ਤੇਜ ਸਿੰਗਲਾ ਸਹਾਇਕ ਜੇਲ੍ਹ ਸੁਪਰਡੈਂਟ ਜੇਲ੍ਹ ਮਾਨਸਾ, ਕੁਲਜੀਤ ਸਿੰਘ ਸਹਾਇਕ ਸੁਪਰਡੈਂਟ ਜੇਲ੍ਹ ਮਾਨਸਾ, ਵਾਰਡਰ ਨਿਰਮਲ ਸਿੰਘ ਜੇਲ੍ਹ ਮਾਨਸਾ, ਵਾਰਡਰ ਹਰਪ੍ਰੀਤ ਸਿੰਘ ਜੇਲ੍ਹ ਮਾਨਸਾ, ਵਾਰਡਰ ਹਰਪ੍ਰੀਤ ਸਿੰਘ ਪੇਟੀ ਨੰਬਰ 1405 ਜੇਲ੍ਹ ਮਾਨਸਾ, ਵਾਰਡਰ ਸੁਖਵੰਤ ਸਿੰਘ ਜੇਲ੍ਹ ਮਾਨਸਾ ਨੂੰ ਦੋਸ਼ੀ ਪਾਉਂਦੇ ਹੋਏ ਤੁਰੰਤ ਡਿਊਟੀ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ।