ਲੁਧਿਆਣਾ: ਪੰਜਾਬ ਵਿੱਚ ਇੱਕ ਪਾਸੇ ਜਿੱਥੇ ਜਿਮਨੀ ਚੋਣਾਂ ਨੂੰ ਲੈ ਕੇ ਸਿਆਸਤ ਭੱਖੀ ਹੋਈ ਹੈ ਉੱਥੇ ਹੀ ਦੂਜੇ ਪਾਸੇ ਸਿੱਖ ਨੌਜਵਾਨ ਦੀ ਪੱਗ ਲੱਥਣ ਦਾ ਮਾਮਲਾ ਗਰਮਾਇਆ ਹੋਇਆ ਹੈ। ਜ਼ਿਮਨੀ ਚੋਣਾਂ ਵਿੱਚ ਮੁੱਲਾਂਪੁਰ ਦਾਖਾ ਤੋਂ ਅਕਾਲੀ ਦਲ ਦੇ ਉਮੀਦਵਾਰ ਦਾ ਪ੍ਰਚਾਰ ਕਰਨ ਪਹੁੰਚੇ ਸੁਖਬੀਰ ਬਾਦਲ ਨੇ ਕਾਂਗਰਸੀ ਚੋਣ ਦਫ਼ਤਰ ਦੇ ਬਾਹਰ ਸਿੱਖ ਨੌਜਵਾਨ ਦੀ ਪੱਗ ਲੱਥਣ ਦੇ ਸਖਤ ਨੋਟਿਸ ਲਿਆ ਅਤੇ ਜਮ ਕੇ ਕਾਂਗਰਸ ਤੇ ਨਿਸ਼ਾਨੇ ਸਾਧੇ।
ਬਰਗਾੜੀ ਦੇ ਸਵਾਲ ਤੋਂ ਭੱਜੇ ਸੁਖਬੀਰ ਬਾਦਲ, ਕਾਂਗਰਸ 'ਤੇ ਸਾਧਿਆ ਨਿਸ਼ਾਨਾ
ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਮਨਪ੍ਰੀਤ ਇਆਲੀ ਦੇ ਹੱਕ 'ਚ ਪ੍ਰਚਾਰ ਕਰਨ ਲਈ ਮੁੱਲਾਂਪੁਰ ਦਾਖਾ ਪਹੁੰਚੇ।ਕਾਂਗਰਸ ਦੇ ਮੁੱਖ ਚੋਣ ਦਫ਼ਤਰ ਦੇ ਬਾਹਰ ਲੱਗ ਰਹੇ ਧਰਨਿਆਂ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਕਾਂਗਰਸ ਦੀ ਕਾਰਗੁਜ਼ਾਰੀ ਕਰਕੇ ਲੋਕ ਪ੍ਰੇਸ਼ਾਨ ਹੋ ਰਹੇ ਹਨ।
ਇਸ ਮੌਕੇ ਸੁਖਬੀਰ ਬਾਦਲ ਨੇ ਭਾਰਤ ਭੂਸ਼ਨ ਆਸ਼ੂ 'ਤੇ ਵੀ ਸਵਾਲ ਖੜ੍ਹੇ ਕੀਤੇ ਅਤੇ ਜਦੋਂ ਉਨ੍ਹਾਂ ਨੂੰ ਬਰਗਾੜੀ ਦੇ ਚਾਰ ਸਾਲ ਪੂਰੇ ਹੋਣ ਬਾਰੇ ਸਵਾਲ ਕੀਤਾ ਗਿਆ ਤਾਂ ਉਹ ਧੰਨਵਾਦ ਕਹਿ ਕੇ ਲੰਘਦੇ ਬਣੇ।
ਉੱਥੇ ਹੀ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਸਿੱਖ ਨੌਜਵਾਨ ਦੀ ਕੁੱਟਮਾਰ ਬਾਰੇ ਕਿਹਾ ਕਿ ਉਨ੍ਹਾਂ ਨੇ ਵੀਡੀਓ ਤਾਂ ਨਹੀਂ ਵੇਖੀ ਪਰ ਇਹ ਵੀ ਹੋ ਸਕਦਾ ਹੈ ਕਿ ਇਸ ਪਿੱਛੇ ਵੀ ਬਾਦਲਾਂ ਦਾ ਹੀ ਹੱਥ ਹੋਵੇ ਅਤੇ ਪੈਸੇ ਦੇ ਕੇ ਇਹ ਸਾਰਾ ਕੰਮ ਕਰਵਾਇਆ ਹੋਵੇ। ਸਿੱਖ ਨੌਜਵਾਨ ਦੀ ਵੀਡੀਓ ਵਾਇਰਲ ਹੋਣ ਤੇ ਜਿੱਥੇ ਇੱਕ ਪਾਸੇ ਅਕਾਲੀ ਦਲ ਵੱਲੋਂ ਕਾਂਗਰਸ ਤੇ ਇਲਜ਼ਾਮ ਲਾਏ ਜਾ ਰਹੇ ਨੇ ਉੱਥੇ ਹੀ ਸਰਨਾ ਨੇ ਇਸ ਨੂੰ ਸਿਆਸਤ ਤੋਂ ਪ੍ਰੇਰਿਤ ਦੱਸਿਆ।