ਲੁਧਿਆਣਾ: ਈਟੀਵੀ ਭਾਰਤ ਵੱਲੋਂ ਲਗਾਤਾਰ ਆਰਥਿਕ ਮੰਦੀ 'ਚੋਂ ਲੰਘ ਰਹੇ ਗਾਇਕਾਂ, ਲੋਕਾਂ ਅਤੇ ਕਲਾਕਾਰਾਂ ਦੀ ਖ਼ਬਰਾਂ ਨਸ਼ਰ ਕੀਤੀਆਂ ਜਾ ਰਹੀਆਂ ਹਨ, ਜਿਸ ਦਾ ਅਸਰ ਵੀ ਵਿਖਾਈ ਦੇ ਰਿਹਾ ਹੈ। ਲਗਾਤਾਰ ਸਮਾਜ ਸੇਵੀ ਸੰਸਥਾਵਾਂ ਤੇ ਸਿਆਸੀ ਲੀਡਰ ਇਨ੍ਹਾਂ ਲੋਕਾਂ ਦੀ ਮਦਦ ਕਰਨ ਲਈ ਪਹੁੰਚ ਰਹੇ ਹਨ।
ਇਸੇ ਤਹਿਤ ਈਟੀਵੀ ਭਾਰਤ ਵੱਲੋਂ ਗਾਇਕ ਕੇ ਦੀਪ ਦੇ ਹਾਲਾਤਾਂ ਦੀ ਖ਼ਬਰ ਪ੍ਰਮੁੱਖਤਾ ਨਾਲ ਨਸ਼ਰ ਕੀਤੀ ਗਈ ਸੀ, ਜਿਸ ਤੋਂ ਬਾਅਦ ਭਾਜਪਾ ਦੇ ਸੰਸਦ ਮੈਂਬਰ ਅਤੇ ਪੰਜਾਬੀ ਗਾਇਕ ਹੰਸ ਰਾਜ ਹੰਸ ਉਨ੍ਹਾਂ ਦੀ ਮਦਦ ਲਈ ਉਨ੍ਹਾਂ ਦੇ ਘਰ ਪਹੁੰਚੇ, ਹਾਲ ਜਾਣਿਆ ਅਤੇ ਪਰਿਵਾਰ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ। ਇਸ ਦੌਰਾਨ ਹੰਸ ਰਾਜ ਹੰਸ ਨੇ ਪਰਿਵਾਰ ਦੀ ਮਦਦ ਲਈ 51 ਹਜ਼ਾਰ ਰੁਪਏ ਦਾ ਚੈੱਕ ਭੇਟ ਕੀਤਾ।
ਇਸ ਦੇ ਨਾਲ ਹੀ ਸਰਬੱਤ ਦਾ ਭਲਾ ਟਰੱਸਟ ਵੱਲੋਂ ਵੀ ਕੇ ਦੀਪ ਦੀ ਮਦਦ ਲਈ ਮਹੀਨਾਵਾਰ 10 ਹਜ਼ਾਰ ਰੁਪਏ ਦੀ ਮਦਦ ਦੇਣ ਦਾ ਐਲਾਨ ਕੀਤਾ ਗਿਆ, ਇਸ ਦੌਰਾਨ ਹੰਸ ਰਾਜ ਹੰਸ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਇਹ ਅਪੀਲ ਵੀ ਕੀਤੀ ਕਿ ਪੁਰਾਣੇ ਕਲਾਕਾਰ ਇਨ੍ਹੀਂ ਦਿਨੀਂ ਬੁਰੇ ਦੌਰ 'ਚ ਲੰਘ ਰਹੇ ਹਨ, ਲੋੜ ਹੈ, ਉਨ੍ਹਾਂ ਦੀ ਸਾਰ ਲੈਣ ਦੀ, ਉਨ੍ਹਾਂ ਦੀ ਮਦਦ ਕਰਨ ਦੀ, ਕਿਉਂਕਿ ਉਹ ਆਰਥਿਕ ਪੱਖ ਤੋਂ ਬਹੁਤੇ ਮਜ਼ਬੂਤ ਨਹੀਂ ਹਨ।