ਰੀਫਾਇੰਡ ਨਾਲ ਭਰਿਆ ਟੈਂਕਰ ਪਲਟਿਆ ਲੁਧਿਆਣਾ: ਸ਼ਹਿਰ ਦੇ ਚਾਂਦ ਸਿਨੇਮਾ ਨਜ਼ਦੀਕ ਇਕ ਵੱਡਾ ਹਾਦਸਾ ਵਾਪਰ ਗਿਆ। ਇਸ ਦੌਰਾਨ ਰਿਫਾਇੰਡ ਨਾਲ ਭਰਿਆ ਟੈਂਕਰ ਸੜਕ ਵਿਚਾਲੇ ਹੀ ਪਲਟ ਗਿਆ। ਜਿਸ ਦੇ ਚੱਲਦਿਆਂ ਆਉਣ ਜਾਣ ਵਾਲੇ ਲੋਕ ਤਿਲਕ ਕੇ ਸੜਕ ਵਿਚਾਲੇ ਡਿੱਗਣ ਲੱਗੇ। ਜਾਣਕਾਰੀ ਮੁਤਾਬਿਕ ਇੱਥੇ ਇੱਕ ਬਜ਼ੁਰਗ ਦੀ ਮੌਤ ਹੋ ਗਈ ਹੈ। ਇਹ ਜਾਣਕਾਰੀ ਥਾਣਾ ਦਰੇਸੀ ਦੇ ਬਾਹਰ ਸਮਾਜ ਸੇਵਕ ਗੌਰਵ ਵੱਲੋਂ ਦਿੱਤੀ ਗਈ। ਇੱਥੋਂ ਸਕੂਟਰ ਉੱਤੇ ਲੰਘ ਰਹੇ ਬਜ਼ੁਰਗ ਉੱਤੇ ਟੈਂਕਰ ਡਿੱਗ ਗਿਆ, ਜਿਸ ਕਾਰਨ ਉਨ੍ਹਾਂ ਨੂੰ ਸਿਵਲ ਹਸਪਤਾਲ ਲੁਧਿਆਣਾ ਲਿਆਂਦਾ ਗਿਆ, ਜਿੱਥੇ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਇਹ ਵੀ ਕਿਹਾ ਕਿ ਇਸ ਬਾਰੇ ਮੀਡੀਆ ਨੂੰ ਵੀ ਜਾਣਕਾਰੀ ਨਹੀਂ ਦਿੱਤੀ ਗਈ ਹੈ। ਉਨ੍ਹਾਂ ਪ੍ਰਸ਼ਾਸਨ ਨੂੰ ਇਸ ਹਾਦਸੇ ਲਈ ਜਿੰਮੇਵਾਰ ਦੱਸਿਆ ਹੈ।
ਹਾਦਸੇ ਸਬੰਧੀ ਜਾਣਕਾਰੀ ਦਿੰਦੇ ਹੋਏ ਸਮਾਜ ਸੇਵੀ ਗੌਰਵ। ਟੈਂਕਰ ਪਲਟਣ ਕਾਰਨ ਟ੍ਰੈਫਿਕ ਜਾਮ: ਇਸ ਹਾਦਸੇ ਕਾਰਨ ਤਿੰਨ ਲੋਕ ਜ਼ਖ਼ਮੀ ਵੀ ਹੋ ਗਏ। ਲਿਹਾਜਾ ਮੌਕੇ 'ਤੇ ਪਹੁੰਚੀ ਪੁਲਿਸ ਵਲੋਂ ਰਸਤੇ ਨੂੰ ਬੰਦ ਕਰਕੇ ਦੂਸਰੇ ਪਾਸੇ ਰਸਤਾ ਬਣਾਇਆ ਗਿਆ। ਇੱਥੇ ਇਹ ਵੀ ਦੱਸਣਯੋਗ ਹੈ ਟੈਂਕਰ ਪਲਟਣ ਕਾਰਨ ਕਾਫ਼ੀ ਲੰਮਾ ਟਰੈਫਿਕ ਜਾਮ ਵੀ ਹੋ ਗਿਆ। ਜਿਸ ਦੇ ਕਾਰਨ ਪੁਲਿਸ ਨੂੰ ਰੂਟ ਬਦਲਣਾ ਪਿਆ ਤਾਂ ਕਿ ਲੋਕ ਤਿਲਕ ਕੇ ਨਾ ਡਿੱਗ ਸਕਣ। ਇਸ ਹਾਦਸੇ ਸਬੰਧੀ ਮੌਕੇ 'ਤੇ ਪੁੱਜੇ ਲੋਕਾਂ ਨੇ ਕਿਹਾ ਕਿ ਸੜਕ 'ਤੇ ਤੇਲ ਡਿੱਗਣ ਕਰਕੇ ਕਾਫੀ ਲੋਕਾਂ ਨੂੰ ਪ੍ਰੇਸ਼ਾਨੀ ਆਈ ਹੈ।
ਜਾਨੀ ਨੁਕਸਾਨ ਤੋਂ ਰਿਹਾ ਬਚਾਅ: ਪੁਲਿਸ ਮੁਲਜ਼ਮ ਨੇ ਦੱਸਿਆ ਕਿ ਗੱਡੀ ਚ 32 ਟਨ ਦੇ ਕਰੀਬ ਤੇਲ ਸੀ। ਸਵੇਰੇ ਜਦੋਂ ਉਹ ਨੋ ਐਂਟਰੀ ਹੋਣ ਤੋਂ ਪਹਿਲਾਂ ਨਿਕਲਣ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਟੈਂਕਰ ਪਲਟ ਗਿਆ, ਜਿਸ ਕਰਕੇ ਇਹ ਹਾਦਸਾ ਵਾਪਰ ਗਿਆ। ਉਨ੍ਹਾਂ ਕਿਹਾ ਕਿ ਕਿਸੇ ਨੂੰ ਜਿਆਦਾ ਸੱਟਾਂ ਨਹੀਂ ਲੱਗਿਆ ਹਨ। ਉਨ੍ਹਾਂ ਨਾਲ ਹੀ ਕਿਹਾ ਕਿ ਅਸੀਂ ਰੂਟ ਬਦਲ ਦਿੱਤਾ ਹੈ ਨਾਲ ਹੀ ਸੜਕ ਵੀ ਸਾਫ਼ ਕਰਵਾ ਰਹੇ ਹਾਂ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਟੈਂਕਰ ਚਲਾਉਣ ਵਾਲੇ ਡਰਾਈਵਰ ਨੂੰ ਵੀ ਸੱਟਾਂ ਲੱਗੀਆਂ ਹਨ। ਉਨ੍ਹਾਂ ਕਿਹਾ ਕਿ ਅਸੀਂ ਤੇਲ 'ਤੇ ਮਿੱਟੀ ਵੀ ਪਾ ਰਹੇ ਹਾਂ ਤਾਂ ਜੋ ਸੜਕ 'ਤੇ ਟ੍ਰੈਫਿਕ ਸੁਚਾਰੂ ਢੰਗ ਨਾਲ ਚੱਲ ਸਕੇ।
ਰਫ਼ਤਾਰ ਤੇਜ਼ ਹੋਣ ਕਾਰਨ ਵਾਪਰਿਆ ਹਾਦਸਾ:ਉਥੇ ਹੀ ਸਥਾਨਕ ਲੋਕਾਂ ਦੇ ਮੁਤਾਬਕ ਟੈਂਕਰ ਦੀ ਰਫਤਾਰ ਕਾਫੀ ਤੇਜ਼ ਸੀ, ਜਿਸ ਕਰਕੇ ਇਹ ਹਾਦਸਾ ਵਾਪਰਿਆ ਹੈ। ਸਥਾਨਕ ਲੋਕਾਂ ਨੇ ਦੱਸਿਆ ਕੇ ਸੜਕ 'ਤੇ ਤੇਲ ਡਿੱਗਿਆ ਹੋਣ ਕਾਰਨ ਕਈ ਲੋਕ ਡਿੱਗੇ ਵੀ ਹਨ। ਇਸ ਦੌਰਾਨ ਕਈਆਂ ਨੂੰ ਸੱਟਾਂ ਵੀ ਲੱਗੀਆਂ ਹਨ। ਖਾਸ ਕਰਕੇ ਲੋਕ ਸਵੇਰੇ ਜਦੋਂ ਆਪੋ ਆਪਣੇ ਕੰਮਾਂ 'ਤੇ ਜਾ ਰਹੇ ਸਨ ਤਾਂ ਉਨ੍ਹਾਂ ਦੇ ਕੱਪੜੇ ਤੱਕ ਖਰਾਬ ਹੋ ਗਏ। ਹਾਲਾਂਕਿ ਕੋਈ ਵੱਡਾ ਹਾਦਸਾ ਹੋਣ ਤੋਂ ਜ਼ਰੂਰ ਟਲ ਗਿਆ ਕਿਉਂਕਿ ਜਦੋਂ ਟੈਂਕਰ ਪਲਟਿਆ ਉਸ ਵੇਲੇ ਦਿਨ ਚੜ੍ਹ ਚੁੱਕਾ ਸੀ।