ਪੁਲਿਸ ਅਧਿਕਾਰੀ ਜਾਣਕਾਰੀ ਦਿੰਦੇ ਹੋਏ ਲੁਧਿਆਣਾ: ਭਾਜਪਾ ਦੇ ਸੀਨੀਅਰ ਆਗੂ ਜਗਮੋਹਨ ਸ਼ਰਮਾ ਉੱਪਰ ਪੈਸੇ ਦੇ ਲੈਣ ਦੇਣ ਨੂੰ ਲੈ ਕੇ ਕਾਰੋਬਾਰੀ ਨਾਲ ਕੁੱਟਮਾਰ ਕਰਨ ਦਾ ਮਾਮਲਾ ਦਰਜ ਕਰਵਾਇਆ ਗਿਆ ਹੈ। ਪੁਲਿਸ ਵੱਲੋਂ ਭਾਜਪਾ ਆਗੂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਜਗਮੋਹਨ ਸ਼ਰਮਾ ਭਾਜਪਾ ਅਤੇ ਪੰਜਾਬ ਲੋਕ ਕਾਂਗਰਸ ਦੇ ਸਾਂਝੇ ਉਮੀਦਵਾਰ ਵਜੋਂ ਲੁਧਿਆਣਾ ਈਸਟ ਤੋਂ 2022 ਦੀਆਂ ਵਿਧਾਨ ਸਭਾ ਚੋਣਾਂ ਲੜ ਚੁੱਕੇ ਹਨ। (FIR on BJP Leader in Ludhiana)
ਵਿਧਾਇਕੀ ਦੀ ਚੋਣ ਲੜ ਚੁੱਕਿਆ ਮੁਲਜ਼ਮ: ਦੱਸਿਆ ਜਾ ਰਿਹਾ ਹੈ ਕੇ ਭਾਜਪਾ ਆਗੂ ਜਗਮੋਹਨ ਸ਼ਰਮਾ ਦਾ ਕਿਸੇ ਸਟੀਲ ਫੈਕਟਰੀ ਮਾਲਕ ਦੇ ਨਾਲ ਪੈਸਿਆਂ ਦਾ ਲੈਣ ਦੇਣ ਸੀ ਅਤੇ ਦੇਰ ਸ਼ਾਮ ਜਗਮੋਹਣ ਸ਼ਰਮਾ ਅਤੇ ਉਸਦੇ ਪੁੱਤਰ ਸਮੇਤ ਉਸਦੇ ਕੁਝ ਹੋਰ ਸਾਥੀਆਂ ਨੇ ਫੈਕਟਰੀ ਮਾਲਕ 'ਤੇ ਤਾਬੜ ਤੋੜ ਹਮਲਾ ਕਰ ਦਿੱਤਾ ਅਤੇ ਉਸ ਦੀ ਕੁੱਟਮਾਰ ਕੀਤੀ। ਜਿਸ ਤੋਂ ਬਾਅਦ ਫੈਕਟਰੀ ਦੇ ਮਾਲਕ ਦੀ ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਭਾਜਪਾ ਆਗੂ ਜਗਮੋਹਨ ਸ਼ਰਮਾ 'ਤੇ ਮਾਮਲਾ ਦਰਜ ਕਰ ਦਿੱਤਾ ਹੈ।
ਕਾਰੋਬਾਰੀ ਦੀ ਕੁੱਟਮਾਰ ਅਤੇ ਧਮਕਾਉਣ ਦਾ ਦੋਸ਼:ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸੰਬੰਧਿਤ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪੈਸੇ ਦੇ ਲੈਣ ਨੂੰ ਦੇਣ ਨੂੰ ਲੈ ਕੇ ਭਾਜਪਾ ਆਗੂ ਵੱਲੋਂ ਦੂਸਰੇ ਕਾਰੋਬਾਰੀ ਨਾਲ ਕੁੱਟਮਾਰ ਕੀਤੀ ਗਈ ਸੀ। ਜਿਸ ਦੀ ਸ਼ਿਕਾਇਤ ਦੇ ਆਧਾਰ 'ਤੇ ਮਾਮਲਾ ਦਰਜ ਕੀਤਾ ਗਿਆ ਹੈ। ਇਸ 'ਚ ਭਾਜਪਾ ਆਗੂ, ਉਸਦੇ ਪੁੱਤਰ ਸਮੇਤ ਸੱਤ ਲੋਕਾਂ 'ਤੇ ਪਰਚਾ ਦਰਜ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਭਾਜਪਾ ਆਗੂ ਵੱਲੋਂ ਹਥਿਆਰ ਵੀ ਦਿਖਾਇਆ ਗਿਆ ਸੀ, ਜਿਸ ਦਾ ਕਵਰ ਵੀ ਉਹਨਾਂ ਨੇ ਬਰਾਮਦ ਕਰ ਲਿਆ ਹੈ। ਅਧਿਕਾਰੀ ਨੇ ਕਿਹਾ ਕਿ ਛਾਪੇਮਾਰੀ ਕੀਤੀ ਜਾ ਰਹੀ ਹੈ ਜਲਦ ਹੀ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ।
ਭਾਜਪਾ ਆਗੂ ਸਣੇ ਪੁੱਤ ਅਤੇ ਸਾਥੀਆਂ 'ਤੇ ਪਰਚਾ:ਪੁਲਿਸ ਅਧਿਕਾਰੀ ਨੇ ਦੱਸਿਆ ਕਿ ਅਸਲਾ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਫੈਕਟਰੀ ਮਾਲਕ ਨੇ ਪੁਲਿਸ ਨੂੰ ਦੱਸਿਆ ਹੈ ਕਿ ਜਗਮੋਹਨ ਸ਼ਰਮਾ ਨੇ ਮੇਰੇ 'ਤੇ ਰਿਵਾਲਵਰ ਤਾਣੀ ਸੀ। ਜਿਸ 'ਤੇ ਪੁਲਿਸ ਨੇ ਜਗਮੋਹਨ ਸ਼ਰਮਾ, ਉਸ ਦੇ ਬੇਟੇ ਅਤੇ ਨਾਲ ਦੇ 6 ਤੋਂ 7 ਅਣਪਛਾਤਿਆਂ 'ਤੇ ਵੀ ਮਾਮਲਾ ਦਰਜ ਕੀਤਾ ਹੈ। ਉਧਰ ਸ਼ਿਕਾਇਤਕਰਤਾ ਫੈਕਟਰੀ ਮਾਲਕ ਸ਼ਿਵਮ ਅਗਰਵਾਲ ਨੇ ਦੱਸਿਆ ਕਿ ਉਸ ਨੂੰ ਧਮਕੀਆਂ ਵੀ ਦਿੱਤੀ ਜਾ ਰਹੀਆਂ ਹਨ। ਦੱਸ ਦਈਏ ਕਿ ਜਗਮੋਹਨ ਸ਼ਰਮਾ ਭਾਜਪਾ ਦੇ ਸੀਨੀਅਰ ਆਗੂ ਰਹੇ ਹਨ ਅਤੇ ਉਹ 2022 ਵਿਧਾਨ ਸਭਾ ਚੋਣਾਂ ਦੇ ਵਿੱਚ ਭਾਜਪਾ ਅਤੇ ਪੰਜਾਬ ਲੋਕ ਕਾਂਗਰਸ ਦੇ ਸਾਂਝੇ ਉਮੀਦਵਾਰ ਵੀ ਰਹੇ ਸਨ। ਫਿਲਹਾਲ ਪੁਲਿਸ ਨੇ ਕਿਹਾ ਕਿ ਕਾਨੂੰਨ ਮੁਤਾਬਿਕ ਕਾਰਵਾਈ ਕੀਤੀ ਜਾਵੇਗੀ।