ਖੰਨਾ/ਲੁਧਿਆਣਾ :ਸਮਰਾਲਾ ਵਿਖੇ ਵਾਪਰੇ ਦਰਦਨਾਕ ਸੜਕ ਹਾਦਸੇ 'ਚ ਇੱਕ ਅਮੀਰਜਾਦੇ ਦੀ ਤੇਜ਼ ਰਫ਼ਤਾਰ ਥਾਰ ਕਾਰ ਨੇ ਮਸ਼ਹੂਰ ਗਾਇਕ ਬੱਬੂ ਮਾਨ ਦੇ ਉਸਤਾਦ ਮਾਸਟਰ ਤਰਲੋਚਨ ਸਿੰਘ ਦੀ ਜਾਨ ਲੈ ਲਈ ਹੈ। ਪੌਲੀਵੁਡ ਦੀਆਂ ਸੁਪਰਹਿੱਟ ਫ਼ਿਲਮਾਂ ਏਕਮ ਅਤੇ ਹਸ਼ਰ ਸਮੇਤ ਅਣਗਿਣਤ ਹੋਰ ਵੱਡੇ ਅਤੇ ਛੋਟੇ ਪਰਦੇ ਦੀਆਂ ਫਿਲਮਾਂ ਦੇ ਸਕਰਿਪ ਰਾਈਟਰ ਅਤੇ ਕਈ ਦਹਾਕਿਆਂ ਤੋਂ ਪੰਜਾਬੀ ਸਾਹਿਤਕ ਅਕਾਦਮੀ ਨਾਲ ਜੁੜੇ ਉੱਘੇ ਸਾਹਿਤਕਾਰ 65 ਸਾਲ ਦੇ ਤਰਲੋਚਨ ਸਿੰਘ ਦੀ ਸੜਕ ਹਾਦਸੇ ਦੌਰਾਨ ਮੌਤ ਹੋਈ।
ਸਮਰਾਲਾ 'ਚ ਤੇਜ਼ ਰਫ਼ਤਾਰ ਗੱਡੀ ਨੇ ਲਈ ਬੱਬੂ ਮਾਨ ਦੇ ਉਸਤਾਦ ਤਰਲੋਚਨ ਸਿੰਘ ਦੀ ਜਾਨ
ਸਮਰਾਲਾ ਵਿੱਚ ਤੇਜ਼ ਰਫ਼ਤਾਰ ਕਾਰ ਨੇ ਬੱਬੂ ਮਾਨ ਦੇ ਉਸਤਾਦ ਤਰਲੋਚਨ ਸਿੰਘ ਦੀ ਜਾਨ ਲੈ ਲਈ ਹੈ। ਜਾਣਕਾਰੀ ਅਨੁਸਾਰ ਥਾਰ ਗੱਡੀ ਨੇ ਉਨ੍ਹਾਂ ਦੀ ਐਕਟਿਵਾ ਨੂੰ ਜੋਰਦਾਰ ਟੱਕਰ ਮਾਰੀ ਅਤੇ ਉਨ੍ਹਾਂ ਦੀ ਮੌਤ ਹੋ ਗਈ।
ਸਕੂਟੀ 'ਤੇ ਜਾ ਰਹੇ ਸੀ ਘਰ :ਜਾਣਕਾਰੀ ਮੁਤਾਬਿਕ ਉਹ ਸ਼ਾਮੀ ਕਰੀਬ 5 ਵਜੇ ਸਥਾਨਕ ਭਗਵਾਨਪੁਰਾ ਰੋਡ ’ਤੇ ਸਥਿਤ ਆਪਣੀ ਰਿਹਾਇਸ਼ ਵੱਲ ਸਕੂਟਰੀ ’ਤੇ ਸਵਾਰ ਹੋ ਕੇ ਜਾ ਰਹੇ ਸਨ ਕਿ ਤੇਜ਼ ਰਫ਼ਤਾਰ ਲਾਲ ਰੰਗ ਦੀ ਥਾਰ ਗੱਡੀ ਨੇ ਉਨ੍ਹਾਂ ਨੂੰ ਆਪਣੀ ਚਪੇਟ ਵਿਚ ਲੈ ਲਿਆ ਅਤੇ ਇਹ ਗੱਡੀ ਦੂਰ ਤੱਕ ਉਨ੍ਹਾਂ ਨੂੰ ਘੜੀਸਦੀ ਹੋਈ ਲੈ ਗਈ। ਬੇਕਾਬੂ ਥਾਰ ਕੰਧ 'ਚ ਵੱਜ ਕੇ ਰੁਕੀ। ਕੰਧ ਅਤੇ ਜੀਪ ਵਿਚਕਾਰ ਬੁਰੀ ਤਰ੍ਹਾਂ ਦਰੜੇ ਜਾਣ ਨਾਲ ਮਾਸਟਰ ਤਰਲੋਚਨ ਸਿੰਘ ਦੀ ਮੌਤ ਹੋ ਗਈ। ਜੀਪ ਨੂੰ ਸਮਰਾਲਾ ਦੇ ਇੱਕ ਮਸ਼ਹੂਰ ਹਸਪਤਾਲ ਦੇ ਡਾਕਟਰ ਦਾ ਮੁੰਡਾ ਚਲਾ ਰਿਹਾ ਸੀ। ਜੋਕਿ ਹਾਦਸੇ ਮਗਰੋਂ ਫਰਾਰ ਦੱਸਿਆ ਜਾ ਰਿਹਾ ਹੈ। ਮਾਸਟਰ ਤਰਲੋਚਨ ਦੀ ਮੌਤ ਦੀ ਖ਼ਬਰ ਦਾ ਪਤਾ ਚੱਲਦੇ ਹੀ ਪੰਜਾਬੀ ਸਾਹਿਤਕ ਖੇਤਰਾਂ ਸਮੇਤ ਇਲਾਕੇ ਭਰ ਵਿਚ ਸੋਗ ਦੀ ਲਹਿਰ ਫੈਲ ਗਈ। ਹਾਦਸੇ ਦੀ ਸੂਚਨਾ ਮਿਲਣ ਮਗਰੋਂ ਡੀਐੱਸਪੀ ਜਸਪਿੰਦਰ ਸਿੰਘ ਗਿੱਲ ਮੌਕੇ 'ਤੇ ਪੁੱਜੇ। ਉਹਨਾਂ ਕਿਹਾ ਕਿ ਦੋਸ਼ੀ ਭਾਵੇਂ ਕੋਈ ਵੀ ਹੋਵੇ ਬਖਸ਼ਿਆ ਨਹੀਂ ਜਾਵੇਗਾ।
ਸੂਤਰਾਂ ਦੇ ਹਵਾਲੇ ਤੋਂ ਖ਼ਬਰ ਹੈ ਕਿ ਇੱਕ ਨੌਜਵਾਨ ਜੀਪ ਨੂੰ ਤੇਜ਼ ਰਫ਼ਤਾਰ ਦੇ ਨਾਲ ਚਲਾ ਰਿਹਾ ਸੀ। ਪਿੱਛੇ ਤੋਂ ਹੀ ਤੇਜ਼ ਆ ਰਿਹਾ ਸੀ। ਇਸੇ ਦੌਰਾਨ ਜੀਪ ਨੇ ਮਾਸਟਰ ਤਰਲੋਚਨ ਸਿੰਘ ਨੂੰ ਲਪੇਟ 'ਚ ਲੈ ਲਿਆ। ਜੇਕਰ ਜੀਪ ਦੀ ਬਰੇਕ ਲੱਗ ਜਾਂਦੀ ਅਤੇ ਜੀਪ ਉਪਰ ਕਾਬੂ ਹੁੰਦਾ ਤਾਂ ਸ਼ਾਇਦ ਮਾਸਟਰ ਤਰਲੋਚਨ ਸਿੰਘ ਬਚ ਜਾਂਦੇ। ਜੀਪ ਦੇ ਡਰਾਈਵਰ ਨੇ ਇੱਕਦਮ ਹੋਰ ਰੇਸ ਦਿੱਤੀ ਤਾਂ ਜੀਪ ਮਾਸਟਰ ਨੂੰ ਘਸੀਟਦੇ ਹੋਏ ਲੈ ਗਈ ਅਤੇ ਇੱਕ ਘਰ ਦੀ ਕੰਧ 'ਚ ਜਾ ਵੱਜੀ। ਇਸ ਨਾਲ ਮਾਸਟਰ ਤਰਲੋਚਨ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ।