ਜਲੰਧਰ: ਕੋਰੋਨਾ ਮਹਾਂਮਾਰੀ ਕਾਰਨ ਲੱਗੇ ਲੌਕਡਾਊਨ 'ਚ ਜਿੱਥੇ ਲੋਕਾਂ ਦਾ ਜਨਜੀਵਨ ਪ੍ਰਭਾਵਿਤ ਹੋਇਆ ਹੈ, ਉੱਥੇ ਹੀ ਛੋਟੇ-ਵੱਡੇ ਦੋਹਾਂ ਤਰ੍ਹਾਂ ਦੇ ਕਾਰੋਬਾਰਾਂ ਨੂੰ ਵੀ ਮੰਦੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਛੋਟੇ ਕਾਰੋਬਾਰੀਆਂ ਨੂੰ ਘਰ ਤੇ ਦੁਕਾਨਾਂ ਨੂੰ ਚਲਾਉਣ ਲਈ ਕਈ ਦਿੱਕਤਾਂ ਹੋ ਰਹੀਆਂ ਹਨ। ਕੁਝ ਦੁਕਾਨਦਾਰਾਂ ਨੇ ਆਪਣਾ ਗੁਜ਼ਾਰਾ ਕਰਨ ਲਈ ਆਪਣੇ ਕੰਮ ਦੇ ਨਾਲ ਦੂਜੇ ਕੰਮ ਨੂੰ ਵੀ ਕਰਨਾ ਸ਼ੁਰੂ ਕਰ ਲਿਆ ਹੈ। ਜਲੰਧਰ ਦੇ ਸੰਤੋਸ਼ ਕੁਮਾਰ ਜੋ ਕਿ ਪਹਿਲਾਂ ਮੋਬਾਈਲ ਰਿਪੇਅਰਿੰਗ ਦਾ ਕੰਮ ਕਰਦੇ ਸੀ ਹੁਣ ਉਹ ਮੋਬਾਈਲ ਰਿਪੇਅਰ ਦੇ ਨਾਲ ਕਰਿਆਨੇ ਦਾ ਵੀ ਕੰਮ ਕਰ ਰਹੇ ਹਨ।
ਦੁਕਾਨਦਾਰ ਸੰਤੋਸ਼ ਕੁਮਾਰ ਨੇ ਦੱਸਿਆ ਕਿ ਲੌਕਡਾਊਨ ਤੋਂ ਪਹਿਲਾਂ ਉਨ੍ਹਾਂ ਦਾ ਮੋਬਾਈਲ ਰਿਪੇਅਰ ਦਾ ਕੰਮ ਬਹੁਤ ਵਧੀਆ ਚਲ ਰਿਹਾ ਸੀ। ਅਚਾਨਕ ਲੌਕਡਾਊਨ ਲੱਗਣ ਨਾਲ ਉਨ੍ਹਾਂ ਦਾ ਕੰਮ ਠੱਪ ਹੋ ਗਿਆ ਹੈ ਜਿਸ ਕਾਰਨ ਉਨ੍ਹਾਂ ਨੂੰ ਘਰ ਦਾ ਗੁਜ਼ਾਰਾ ਕਰਨ ਲਈ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਲੌਕਡਾਊਨ 'ਚ ਤਾਂ ਉਨ੍ਹਾਂ ਨੇ ਪਹਿਲੀ ਜਮਾਂ ਪੁੰਜੀ ਨਾਲ ਗੁਜ਼ਾਰਾ ਕਰ ਲਿਆ ਸੀ ਹੁਣ ਉਹ ਜਮਾਂ ਪੂੰਜੀ ਵੀ ਖ਼ਤਮ ਹੋ ਗਈ ਹੈ ਤੇ ਕੰਮ ਵੀ ਮੰਦਾ ਚੱਲ ਰਿਹਾ ਹੈ।