ਜਲੰਧਰ:15 ਅਗਸਤ ਦੇ ਦਿਹਾੜੇ ਨੂੰ ਹਰ ਸਾਲ ਆਜ਼ਾਦੀ ਦਿਹਾੜੇ ਜਾਂ ਸੁਤੰਤਰਤਾ ਦਿਵਸ ਵਜੋਂ ਮਨਾਇਆ ਜਾਂਦਾ ਹੈ। 15 ਅਗਸਤ ਦੇ ਦਿਨ ਨੂੰ ਅਸੀਂ ਖੁਸ਼ੀਆਂ ਨਾਲ ਮਨਾਉਂਦੇ ਹਾਂ, ਉਸ ਪਿੱਛੇ ਹਜ਼ਾਰਾਂ ਅਜਿਹੇ ਲੋਕਾਂ ਦੀ ਕੁਰਬਾਨੀ ਹੈ, ਜਿਨ੍ਹਾਂ ਕਰਕੇ ਅੱਜ ਅਸੀਂ ਅਜ਼ਾਦ ਹਵਾ ਵਿੱਚ ਸਾਹ ਲੈ ਰਹੇ ਹਾਂ। ਜਿਨ੍ਹਾਂ ਲੋਕਾਂ ਨੇ ਜਾਂ ਉਨ੍ਹਾਂ ਦੇ ਪਰਿਵਾਰਾਂ ਨੇ ਆਪਣੀ ਕੁਰਬਾਨੀ ਦਿੱਤੀ ਅਤੇ ਤਸੀਹੇ ਝੱਲ ਕੇ ਸਾਡੇ ਲਈ ਇਹ ਦਿਨ ਲਿਆਂਦਾ, ਉਨ੍ਹਾਂ ਨੂੰ ਅਸੀਂ ਆਜ਼ਾਦੀ ਦਿਹਾੜੇ ਮੌਕੇ ਜ਼ਰੂਰ ਯਾਦ ਕਰਦੇ ਹਾਂ। ਅਜਿਹੇ ਹੀ ਇੱਕ ਅਜ਼ਾਦੀ ਦੇ ਹੀਰੋ ਹਨ, ਜਲੰਧਰ ਦੇ ਰਹਿਣ ਵਾਲੇ ਦੇਵ ਵ੍ਰਤ ਸ਼ਰਮਾ, ਜੋ ਕਿ ਦੇਸ਼ ਦੀ ਅਜ਼ਾਦੀ ਵੇਲ੍ਹੇ ਕਰੀਬ 20 ਸਾਲ ਦੇ ਸੀ, ਜੋ ਉਹਨਾਂ ਨੇ ਤਸੀਹੇ ਉਸ ਸਮੇਂ ਝੱਲੇ, ਅੱਜ ਵੀ ਉਹ ਕੱਲ੍ਹਾ-ਕੱਲ੍ਹਾ ਪਲ ਉਹਨਾਂ ਨੂੰ ਯਾਦ ਹੈ।
ਜੇਲ੍ਹ ਵਿੱਚ ਫਹਿਰਾਇਆ ਤਿਰੰਗਾ:ਦੇਵ ਵ੍ਰਤ ਦੀ ਉਮਰ ਭਾਵੇਂ ਹੁਣ 95 ਸਾਲ ਹੋ ਚੁੱਕੀ ਹੈ, ਪਰ ਆਜ਼ਾਦੀ ਲਈ ਕੀਤੇ ਸੰਘਰਸ਼ ਵੇਲ੍ਹੇ ਦਾ ਹਰ ਮੰਜਰ ਅੱਜ ਵੀ ਉਨ੍ਹਾਂ ਦੀਆਂ ਅੱਖਾਂ ਸਾਹਮਣੇ ਸਾਫ ਹੈ। ਈਟੀਵੀ ਭਾਰਤ ਦੀ ਟੀਮ ਨਾਲ ਖਾਸ ਗੱਲਬਾਤ ਕਰਦੇ ਹੋਏ ਦੇਵ ਵ੍ਰਤ ਸ਼ਰਮਾ ਦੱਸਦੇ ਹਨ ਕਿ ਉਨ੍ਹਾਂ ਦਾ ਜਨਮ ਨਵਾਂਸ਼ਹਿਰ ਦੇ ਬੰਗਾ ਇਲਾਕੇ ਦੇ ਪਿੰਡ ਖੁਣਖੁਨਾ ਵਿਖੇ 1928 ਨੂੰ ਹੋਇਆ। ਉਨ੍ਹਾਂ ਨੇ ਆਪਣੀ ਸਕੂਲੀ ਸਿੱਖਿਆ ਵੀ ਉੱਥੋਂ ਹੀ ਹਾਸਿਲ ਕੀਤੀ। ਕਰੀਬ 14 ਸਾਲ ਦੀ ਉਮਰ ਵਿੱਚ ਅਜ਼ਾਦੀ ਲਈ ਵਰਤੀ ਜਾਣ ਵਾਲੀ ਸੱਮਗਰੀ ਸਮੇਤ ਅੰਗਰੇਜ਼ਾਂ ਨੇ ਉਨ੍ਹਾਂ ਨੂੰ ਫੜ੍ਹ ਲਿਆ ਅਤੇ ਖੂਬ ਤਸੀਹੇ ਦਿੱਤੇ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਪੰਡਿਤ ਮੂਲ ਰਾਜ ਸ਼ਰਮਾ ਉਸ ਵੇਲ੍ਹੇ ਇੱਕ ਉਘੇ ਸੁਤੰਤਰਤਾ ਸੈਨਾਨੀ ਵਜੋਂ ਜਾਣੇ ਜਾਂਦੇ ਸੀ, ਜਿਨ੍ਹਾਂ ਨੇ ਅਜ਼ਾਦੀ ਦੀ ਲੜਾਈ ਵਿੱਚ 8 ਸਾਲ ਜੇਲ੍ਹ ਕੱਟੀ। ਉਨ੍ਹਾਂ ਦੇ ਪਿਤਾ ਵੱਲੋਂ ਉਸ ਸਮੇਂ ਜੇਲ ਵਿੱਚ ਹੀ ਲੀਰਾਂ ਇੱਕਠੀਆਂ ਕਰ ਕੇ ਤਿਰੰਗਾ ਝੰਡਾ ਜੇਲ੍ਹ ਵਿੱਚ ਫਹਿਰਾਇਆ ਸੀ। ਉਨ੍ਹਾਂ ਦੇ ਉਸ ਵੇਲ੍ਹੇ ਦੇ ਦੋਸਤ ਬਾਬਾ ਲਾਭ ਸਿੰਘ ਦਾ ਕਤਲ ਕਰ ਦਿੱਤਾ ਗਿਆ ਸੀ। ਉਹ ਦੱਸਦੇ ਹਨ ਕਿ ਜਲੰਧਰ ਦਾ ਰੈਣਕ ਬਾਜ਼ਾਰ ਵਾਲਾ ਇਲਾਕਾ ਉਸ ਸਮੇਂ ਮੁਸਲਿਮ ਇਲਾਕਾ ਸੀ ਅਤੇ ਵੰਡ ਦੌਰਾਨ ਇੱਥੇ ਬਹੁਤ ਦੰਗੇ ਹੋਏ ਸੀ, ਜੋ ਅੱਜ ਵੀ ਉਨ੍ਹਾਂ ਨੂੰ ਪੂਰੀ ਤਰ੍ਹਾਂ ਯਾਦ ਹਨ।