ਜਲੰਧਰ: ਪੰਜਾਬ ਵਿਧਾਨਸਭਾ ਚੋਣਾਂ 2022 (Punjab Assembly Elections 2022 ) ਵਿੱਚ ਕਾਂਗਰਸ ਨੂੰ ਵੱਡੀ ਹਾਰ ਮਿਲੀ ਹੈ। ਹਾਰ ਤੋਂ ਬਾਅਦ ਪੰਜਾਬ ਕਾਂਗਰਸ ਦੀ ਆਪਸੀ ਖਾਨਾਜੰਗੀ ਇੱਕ ਮੁੜ ਤੋਂ ਸਾਹਮਣੇ ਆਉਣ ਲੱਗੀ ਹੈ। ਪਾਰਟੀ ਦੇ ਵੱਡੇ ਸਿਆਸੀ ਦਿੱਗਜ ਹਾਰ ਦਾ ਠੀਕਰਾ ਇੱਕ ਦੂਜੇ ਦੇ ਸਿਰ ਭੰਨਦੇ ਨਜ਼ਰ ਆ ਰਹੇ ਹਨ। ਕਾਂਗਰਸ ਵਿਚਕਾਰ ਛਿੜੀ ਇਸ ਖਾਨਾਜੰਗੀ ਅਤੇ ਚੋਣਾਂ ਵਿੱਚ ਜਿੱਤੀ ਆਮ ਆਦਮੀ ਪਾਰਟੀ ਨੂੰ ਲੈਕੇ ਜਲੰਧਰ ਛਾਉਣੀ ਤੋਂ ਜੇਤੂ ਕਾਂਗਰਸ ਦੇ ਸਾਬਕਾ ਸਿੱਖਿਆ ਮੰਤਰੀ ਪਰਗਟ ਸਿੰਘ ਨਾਲ ਖਾਸ ਗੱਲਬਾਤ ਕੀਤੀ ਗਈ ਹੈ। ਇਸ ਦੌਰਾਨ ਪਰਗਟ ਸਿੰਘ ਨੇ ਭਗਵੰਤ ਮਾਨ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਜੇ ਭਗਵੰਤ ਮਾਨ ਲੋਕਾਂ ਲਈ ਕੁਝ ਚੰਗਾ ਕਰ ਪਾਉਂਦੇ ਹਨ ਤਾਂ ਇਹ ਬਹੁਤ ਵਧੀਆ ਗੱਲ ਹੈ।
ਇਸਦੇ ਨਾਲ ਹੀ ਪਰਗਟ ਸਿੰਘ ਨੇ ਭਗਵੰਤ ਮਾਨ ਅਤੇ ਕੇਜਰੀਵਾਲ ’ਤੇ ਸਵਾਲ ਚੁੱਕੇ ਹਨ। ਉਨ੍ਹਾਂ ਸਵਾਲ ਚੁੱਕਦੇ ਕਿਹਾ ਕਿ ਉਨ੍ਹਾਂ ਵੱਲੋਂ ਹਰ ਮਹੀਨੇ 18 ਸਾਲ ਤੋਂ ਉੱਪਰ ਦੀਆਂ ਮਹਿਲਾਵਾਂ ਨੂੰ 1 ਹਜ਼ਾਰ ਦੇਣ ਦਾ ਵਾਅਦਾ ਕੀਤਾ ਹੈ ਜੋ ਕਿ 12 ਹਜ਼ਾਰ ਕਰੋੜ ਰੁਪਏ ਬਣਦਾ ਹੈ। ਉਨ੍ਹਾਂ ਸਵਾਲ ਕਰਦੇ ਕਿਹਾ ਕਿ ਆਦਮੀ ਪਾਰਟੀ 12 ਹਜ਼ਾਰ ਕਿੱਥੋਂ ਲਿਆਵੇਗੀ। ਇਸਦੇ ਨਾਲ ਹੀ ਮੁਫ਼ਤ ਬਿਜਲੀ ਦੇਣ ਦੇ ਵਾਅਦੇ ਉਪਰ ਵੀ ਉਨ੍ਹਾਂ ਆਪ ਨੂੰ ਘੇਰਿਆ ਹੈ। ਉੱਧਰ ਕਾਂਗਰਸ ਪਾਰਟੀ ਦੇ ਆਗੂਆਂ ਵੱਲੋਂ ਇੱਕ ਦੂਜੇ ’ਤੇ ਇਲਜ਼ਾਮ ਲਗਾਉਣ ਤੇ ਉਨ੍ਹਾਂ ਕਿਹਾ ਕਿ ਕਿਸੇ ਉੱਪਰ ਇਲਜ਼ਾਮ ਨਹੀਂ ਲਗਾਉਣਾ ਚਾਹੀਦਾ।