ਜਲੰਧਰ: ਪੰਜਾਬ ਵਿਚ ਭ੍ਰਿਸ਼ਟਾਚਾਰ (Corruption in Punjab) ਇੱਕ ਵੱਡਾ ਮੁੱਦਾ ਹੈ ਜਿਸ ਨੂੰ ਲੈ ਕੇ ਹਰ ਰਾਜਨੀਤਕ ਪਾਰਟੀ ਚੋਣਾਂ ਦੌਰਾਨ ਇਸ ਮੁੱਦੇ ਤੇ ਵੱਡੇ ਵੱਡੇ ਵਾਅਦੇ ਕਰਦੀ ਹੈ। ਕੁਝ ਐਸਾ ਹੀ ਵਾਅਦਾ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕੀਤਾ ਗਿਆ ਹੈ। ਇਸੇ ਦੇ ਚੱਲਦੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਵਸ 23 ਮਾਰਚ ਨੂੰ ਇਕ ਹੈਲਪਲਾਈਨ ਨੰਬਰ 9501200200 ਜਾਰੀ ਕੀਤਾ ਗਿਆ ਸੀ ਜਿਸ ਵਿੱਚ ਕਿਹਾ ਗਿਆ ਸੀ ਕਿ ਪੰਜਾਬ ਵਿੱਚ ਕੋਈ ਵੀ ਵਿਅਕਤੀ ਕਰੱਪਸ਼ਨ ਕਰਦਾ ਹੈ, ਉਸ ਦੀ ਸ਼ਿਕਾਇਤ ਇਸ ਨੰਬਰ ਉੱਤੇ ਕੀਤੀ ਜਾ ਸਕਦੀ ਹੈ। ਪਰ, ਦੂਜੇ ਪਾਸੇ ਹੌਲੀ ਹੌਲੀ ਇਸ ਨੰਬਰ ਉੱਤੇ ਸ਼ਿਕਾਇਤਾਂ ਦਾ ਸਿਲਸਿਲਾ ਤੇਜ਼ੀ ਨਾਲ ਘੱਟ ਰਿਹਾ ਹੈ। ਇਕ ਪਾਸੇ ਜਿੱਥੇ ਸਰਕਾਰ ਕਹਿ ਰਹੀ ਹੈ ਕਿ ਭ੍ਰਿਸ਼ਟਾਚਾਰ ਖ਼ਤਮ ਹੋ ਗਈ ਹੈ, ਉਧਰ ਦੂਜੇ ਪਾਸੇ ਲੋਕਾਂ ਦਾ ਕਹਿਣਾ ਹੈ ਕਿ ਇਸ ਨੰਬਰ 'ਤੇ ਸ਼ਿਕਾਇਤ ਕਰਨ ਨਾਲ ਸਿਰਫ਼ ਖੱਜਲ ਖੁਆਰੀ ਹੁੰਦੀ ਹੈ, ਇਨਸਾਫ ਬਹੁਤ ਘੱਟ ਮਿਲ ਰਿਹਾ ਹੈ।
ਮੁੱਖ ਮੰਤਰੀ ਵੱਲੋਂ ਭ੍ਰਿਸ਼ਟਾਚਾਰ ਖ਼ਿਲਾਫ਼ ਨੰਬਰ ਜਾਰੀ ਕਰਨ ਤੋਂ ਬਾਅਦ ਲੱਗੀ ਸ਼ਿਕਾਇਤਾਂ ਦੀ ਝੜੀ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੁਰੱਪਸ਼ਨ ਖ਼ਿਲਾਫ਼ ਇੱਕ ਨੰਬਰ ਜਾਰੀ ਕਰ ਕਿਹਾ ਗਿਆ ਕਿ ਕੋਈ ਵੀ ਇਸ ਨੰਬਰ ਉੱਤੇ ਆਪਣੇ ਨਾਲ ਹੋ ਰਹੀ ਕਰੱਪਸ਼ਨ ਦੀ ਜਾਣਕਾਰੀ ਵੀਡੀਓ ਜਾਂ ਆਡੀਓ ਰਾਹੀਂ ਦੇ ਸਕਦਾ ਹੈ। ਇਸ ਤੋਂ ਬਾਅਦ ਫੌਰਨ ਉਸ ਦੀ ਸ਼ਿਕਾਇਤ ਉਪਰ 24 ਘੰਟੇ ਵਿੱਚ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਵੱਲੋਂ ਇਸ ਨੰਬਰ ਨੂੰ ਜਾਰੀ ਕੀਤੇ ਜਾਣ ਤੋਂ ਬਾਅਦ ਪੰਜਾਬ ਵਿਚ ਕਰੱਪਸ਼ਨ ਦੀਆਂ ਸ਼ਿਕਾਇਤਾਂ ਦੀ ਝੜੀ ਲੱਗ ਗਈ। ਨੰਬਰ ਦਾ ਲੋਕਾਂ ਉੱਤੇ ਇੰਨਾ ਅਸਰ ਪਿਆ ਕੇ 23 ਮਾਰਚ ਤੋ 30 ਅਪ੍ਰੈਲ ਤਕ ਇਸ ਨੰਬਰ ਉੱਤੇ ਪੰਜਾਬ ਸਰਕਾਰ ਨੂੰ ਪੰਜਾਬ ਦੇ ਲੋਕਾਂ ਦੀਆਂ 2 ਲੱਖ 16 ਇੱਕ ਹਜ਼ਾਰ, 342 ਸ਼ਿਕਾਇਤਾਂ ਦਰਜ ਕਰਾਈਆਂ ਗਈਆਂ। ਲੋਕਾਂ ਵੱਲੋਂ ਇਸ ਨੰਬਰ ਨੂੰ ਜਾਰੀ ਕੀਤੇ ਜਾਣ ਤੋਂ ਬਾਅਦ ਇਸ ਉੱਤੇ ਮਿਲੇ ਰਿਸਪਾਂਸ ਤੋਂ ਬਾਅਦ ਸਰਕਾਰ ਵੱਲੋਂ ਵੀ ਕੁਝ ਲੋਕਾਂ 'ਤੇ ਫੌਰਨ ਐਕਸ਼ਨ ਲਿਆ ਗਿਆ। ਕਈਆਂ ਉੱਤੇ ਮਾਮਲੇ ਦਰਜ ਹੋਏ, ਇੰਨਾ ਹੀ ਨਹੀਂ ਕਈ ਵੱਡੀਆਂ ਵੱਡੀਆਂ ਹਸਤੀਆਂ ਜੇਲ੍ਹ ਵੀ ਪਹੁੰਚ ਗਈਆਂ।
ਪਰ ਹੁਣ ਹੌਲੀ ਹੌਲੀ ਲੋਕਾਂ ਵਿੱਚ ਇਸ ਨੰਬਰ ਤੋਂ ਮੋਹ ਹੋ ਰਿਹਾ ਭੰਗ : ਕਰੱਪਸ਼ਨ ਖ਼ਿਲਾਫ਼ ਨੰਬਰ ਜਾਰੀ ਕਰਨ ਤੋਂ ਬਾਅਦ ਜਿੱਥੇ ਮਾਰਚ ਮਹੀਨੇ ਵਿੱਚ ਇਸ ਨੰਬਰ ਉਪਰ 119359 ਇਹ ਸ਼ਿਕਾਇਤਾਂ ਮਿਲੀਆਂ। ਅਪਰੈਲ ਮਹੀਨੇ ਵਿੱਚ 96983, ਮਈ ਵਿੱਚ 43562 , ਜੂਨ ਵਿੱਚ 27536 , ਜੁਲਾਈ ਵਿੱਚ 24315, ਅਗਸਤ ਵਿੱਚ 22506 ਅਤੇ ਸਤੰਬਰ ਵਿੱਚ ਇਸ ਨੰਬਰ ਉੱਤੇ ਮਹਿਜ਼ 4298 ਸ਼ਿਕਾਇਤਾਂ ਹੀ ਰਹਿ ਗਈਆਂ ਹਨ। ਲੋਕਾਂ ਵੱਲੋਂ ਇਸ ਨੰਬਰ 'ਤੇ ਸ਼ਿਕਾਇਤਾਂ ਦਾ ਸਿਲਸਿਲਾ ਹੁਣ ਹੌਲੀ ਹੌਲੀ (Helpline Number for Corruption Complaint Punjab) ਘੱਟਦਾ ਜਾ ਰਿਹਾ ਹੈ।
"ਹੈਲਪਲਾਈਨ ਨੰਬਰ 'ਤੇ ਸ਼ਿਕਾਇਤ ਦਾ ਨਿਪਟਾਰਾ ਘੱਟ ਦੀ ਖੱਜਲ ਖੁਆਰੀ ਜ਼ਿਆਦਾ" : ਕਪੂਰਥਲਾ ਸੁਭਾਨਪੁਰ ਇਲਾਕੇ ਦੇ ਸ਼ੇਰੂ ਭਾਟੀਏ ਨਾਮ ਦੇ ਇੱਕ ਜ਼ਿਮੀਂਦਾਰ ਮੁਤਾਬਕ ਉਸ ਦੀ ਜ਼ਮੀਨ ਦਾ ਇੰਤਕਾਲ ਪਟਵਾਰੀ ਵੱਲੋਂ ਗ਼ਲਤ ਚੜ੍ਹ ਜਾਣ ਤੋਂ ਬਾਅਦ ਉਸ ਨੂੰ ਠੀਕ ਕਰਨ ਲਈ ਪਟਵਾਰੀ ਵੱਲੋਂ ਉਸ ਕੋਲੋਂ ਸੱਤ ਲੱਖ ਰੁਪਏ ਲਏ ਗਏ। ਇਸ ਦੀ ਸ਼ਿਕਾਇਤ ਉਸ ਨੇ ਸੀਐਮ ਹੈਲਪਲਾਈਨ ਨੰਬਰ ਉੱਤੇ ਕੀਤੀ ਅਤੇ ਇਕ ਆਡੀਓ ਜਿਸ ਵਿੱਚ ਉਸ ਦੀ ਗੱਲ ਉਕਤ ਪਟਵਾਰੀ ਨਾਲ ਹੋ ਰਹੀ ਹੈ। ਇਸ ਨੰਬਰ ਉਤੇ ਭੇਜ ਦਿੱਤੀ। ਉਸ ਦੇ ਮੁਤਾਬਕ ਅਗਲੇ ਹੀ ਦਿਨ ਉਸ ਨੂੰ ਮਹਿਕਮੇ ਵੱਲੋਂ ਇਕ ਫੋਨ ਆਇਆ ਜਿਸ ਵਿੱਚ ਮਾਮਲੇ ਦੀ ਪੂਰੀ ਜਾਣਕਾਰੀ ਲਈ ਗਈ, ਪਰ ਅੱਜ ਤਕ ਉਸ ਦਾ ਕੋਈ ਹੱਲ ਨਹੀਂ ਨਿਕਲਿਆ।