ਹੁਸ਼ਿਆਰਪੁਰ :ਪੰਜਾਬ ਵਿਧਾਨਸਭਾ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਕਿਹਾ ਕਿ ਹੁਸ਼ਿਆਰਪੁਰ ਨੂੰ ਸਭ ਤੋਂ ਵੱਧ ਪੜ੍ਹੇ-ਲਿਖੇ ਅਤੇ ਸਭ ਤੋਂ ਵੱਧ ਅਫ਼ਸਰਾਂ ਦਾ ਜ਼ਿਲ੍ਹਾ ਹੋਣ ਦਾ ਮਾਣ ਪ੍ਰਾਪਤ ਹੈ ਅਤੇ ਇਹ ਮਾਣ ਇਥੋਂ ਦੇ ਬਜ਼ੁਰਗਾਂ ਦੀ 100 ਸਾਲ ਪਹਿਲਾਂ ਦੀ ਵੱਡੀ ਸੋਚ ਦਾ ਨਤੀਜਾ ਹੈ। ਸੰਤ ਅਤਰ ਸਿੰਘ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਪਾਲਦੀ ਦੇ 100 ਸਾਲਾ ਸਥਾਪਨਾ ਦਿਵਸ ਸਮਾਰੋਹ ਕਰਵਾਇਆ ਗਿਆ, ਜਿਸਦੇ ਵਿੱਚ ਪੰਜਾਬ ਵਿਧਾਨ ਸਭਾ ਸਪੀਕਰ ਮੁੱਖ ਮਹਿਮਾਨ ਦੇ ਰੂਪ ਵਿੱਚ ਸ਼ਾਮਿਲ ਹੋਏ। ਇਸ ਮੌਕੇ ਉਨ੍ਹਾਂ ਇਹ ਗੱਲ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੀ।
ਸਕੂਲ ਨੂੰ 10 ਲੱਖ ਰੁੁਪਏ ਦੇਣ ਦਾ ਐਲਾਨ:ਉਨ੍ਹਾਂ ਕਿਹਾ ਕਿ ਇਥੋਂ ਦੇ ਐਨ.ਆਰ.ਆਈ ਪਰਿਵਾਰ ਵਿਦੇਸ਼ਾਂ ਵਿਚ ਤਰੱਕੀ ਦੀਆਂ ਬੁਲੰਦੀਆਂ ਛੂਹ ਕੇ ਵੀ ਅੱਜ ਵੀ ਆਪਣੀ ਮਿੱਟੀ ਨਾਲ ਜੁੜੇ ਹੋਏ ਹਨ, ਜੋ ਕਿ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਇਥੋਂ ਗਏ ਐਨ.ਆਰ.ਆਈ ਭਰਾਵਾਂ ਨੇ ਸਿੰਗਾਪੁਰ ਅਤੇ ਕੈਨੇਡਾ ਵਿਚ ਵੀ ਪਾਲਦੀ ਪਿੰਡ ਵਸਾ ਦਿੱਤੇ ਹਨ। ਉਨ੍ਹਾਂ ਆਪਣੇ ਇਖਤਿਆਰੀ ਫੰਡ ਵਿਚੋਂ 10 ਲੱਖ ਰੁਪਏ ਸਕੂਲ ਨੂੰ ਦੇਣ ਦਾ ਐਲਾਨ ਕਰਦਿਆਂ ਕਿਹਾ ਕਿ ਅਜਿਹੀਆਂ ਸੰਸਥਾਵਾਂ ਨੂੰ ਵਿੱਤੀ ਤੌਰ ’ਤੇ ਕਿਸੇ ਵੀ ਤਰ੍ਹਾਂ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਇਥੋਂ ਦੀ ਫੁੱਟਬਾਲ ਖਿਡਾਰਨ ਮਨੀਸ਼ਾ ਕਲਿਆਣ ਨੇ ਵਿਦੇਸ਼ੀ ਧਰਤੀ ’ਤੇ ਭਾਰਤ ਦਾ ਨਾਮ ਚਮਕਾਇਆ ਹੈ।