ਗੁਰਦਾਸਪੁਰ:ਬਰਸਾਤੀ ਮੌਸਮ ਸ਼ੁਰੂ ਹੁੰਦਿਆਂ ਹੀ ਰਾਵੀ ਦਰਿਆ ਨੇੜੇ ਵੱਸਦੇ ਪਿੰਡਾਂ ਦੇ ਲੋਕਾਂ ਨੂੰ ਕਾਫੀ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪਿਛਲੇ ਤਿੰਨ ਦਿਨਾਂ ਤੋਂ ਲਗਾਤਾਰ ਹੋ ਰਹੀ ਬਰਸਾਤ ਕਾਰਨ ਉਝ ਦਰਿਆ ਵਿੱਚ ਪਾਣੀ ਦਾ ਪੱਧਰ ਕਾਫੀ ਵੱਧ ਗਿਆ ਹੈ। ਜਿਸ ਕਰਕੇ ਪ੍ਰਸ਼ਾਸਨ ਵੱਲੋਂ 2 ਲੱਖ ਕਿਊਸਿਕ ਪਾਣੀ ਰਾਵੀ ਦਰਿਆ ਵਿੱਚ ਛੱਡਿਆ ਗਿਆ ਹੈ । ਜਿਸ ਕਰਕੇ ਰਾਵੀ ਦਰਿਆ ਅੰਦਰ ਵੀ ਪਾਣੀ ਦਾ ਪੱਧਰ ਕਾਫੀ ਵਧ ਗਿਆ ਹੈ ।
ਘਰਾਂ ਨੂੰ ਕਰਵਾਇਆ ਖਾਲੀ: ਰਾਵੀ ਦਰਿਆ ਮਕੌੜਾ ਪੱਤਣ ਦੇ ਨੇੜਲੇ ਪਿੰਡਾਂ ਅੰਦਰ ਹੜ੍ਹਾਂ ਵਰਗੀ ਸਥਿਤੀ ਬਣ ਚੁੱਕੀ ਹੈ। ਪਿੰਡ ਵਾਸੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਾਣੀ ਦਾ ਪੱਧਰ ਵੱਧਣ ਕਰਕੇ ਜ਼ਿਲ੍ਹਾ ਪ੍ਰਸਾਸ਼ਨ ਨੇ ਰਾਵੀ ਦਰਿਆ ਦੇ ਨੇੜਲੇ ਕਈ ਪਿੰਡਾਂ ਨੂੰ ਖਾਲੀ ਕਰਵਾ ਦਿੱਤਾ ਹੈ ਅਤੇ ਗੂਜਰ ਭਾਈਚਾਰਿਆਂ ਦੇ ਡੇਰੇ ਵੀ ਖਾਲੀ ਕਰਵਾ ਦਿੱਤੇ ਗਏ ਹਨ। ਪਿੰਡ ਵਾਸੀਆਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ।ਕਿਸਾਨਾਂ ਦੀਆਂ ਫਸਲਾਂ ਵੀ ਖਰਾਬ ਹੋ ਚੁੱਕੀਆਂ ਹਨ ਅਤੇ ਰਾਵੀ ਦਰਿਆ ਤੋਂ ਪਾਰ ਵਸਦੇ ਸਭ ਪਿੰਡਾਂ ਦਾ ਸੰਪਰਕ ਦੇਸ਼ ਨਾਲੋਂ ਬਿਲਕੁਲ ਟੁੱਟ ਚੁੱਕਾ ਹੈ । ਪਹਿਲਾਂ ਕਿਸ਼ਤੀ ਦੇ ਜਰੀਏ ਪਿੰਡ ਦੇ ਲੋਕਾਂ ਨੂੰ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਪਹੁੰਚਾਇਆ ਜਾਂਦਾ ਸੀ ਪਰ ਪਾਣੀ ਵੱਧਣ ਕਰਕੇ ਹੁਣ ਕਿਸ਼ਤੀ ਵੀ ਬੰਦ ਹੋ ਚੁੱਕੀ ਹੈ ਅਤੇ ਇਹ ਸੱਤ ਪਿੰਡ ਇਕ ਟਾਪੂ ਬਣਕੇ ਰਹਿ ਚੁੱਕੇ ਹਨ ।