ਫ਼ਿਰੋਜਪੁਰ: ਪੰਜਾਬ ਵਿੱਚ ਪਏ ਭਾਰੀ ਮੀਂਹ ਅਤੇ ਭਾਖੜਾ ਡੈਮ ਤੋਂ ਪਾਣੀ ਛੱਡੇ ਜਾਣ ਤੋਂ ਬਾਅਦ ਪੰਜਾਬ ਦੇ ਕਈ ਪਿੰਡਾਂ ਵਿੱਚ ਹੜ੍ਹ ਵਰਗੀ ਸਥਿਤੀ ਬਣੀ ਹੋਈ ਹੈ। ਫ਼ਿਰੋਜਪੁਰ ਦੇ ਨਾਲ ਲੱਗਦੇ ਸਰਹੱਦੀ ਪਿੰਡਾਂ ਵਿੱਚ ਲੋਕਾਂ ਦੇ ਘਰਾਂ 'ਚ ਪਾਣੀ ਆ ਗਿਆ ਹੈ। ਉੱਥੇ ਹੀ ਪਾਣੀ ਆਉਣ ਦੇ ਨਾਲ ਤਸਕਰੀ ਦਾ ਖਦਸ਼ਾ ਵੀ ਬਣਿਆ ਹੋਇਆ ਹੈ।
ਸਰਹੱਦੀ ਇਲਾਕੇ ਵਿੱਚ ਭਰਿਆ ਪਾਣੀ, ਪਾਕਿਸਤਾਨ ਵੱਲੋਂ ਤਸਕਰੀ ਦਾ ਖ਼ਤਰਾ
ਸਤਲੁਜ ਵਿੱਚ ਪਾਣੀ ਦਾ ਪੱਧਰ ਵੱਧਣ ਕਾਰਨ ਫ਼ਿਰੋਜਪੁਰ ਨਾਲ ਲੱਗਦੇ ਸਰਹੱਦੀ ਪਿੰਡਾਂ ਵਿੱਚ ਪਾਣੀ ਆ ਗਿਆ ਹੈ। ਬੀ.ਐਸ.ਐਫ਼ ਦੀ ਕੰਡਿਆਲੀ ਤਾਰ ਅਤੇ ਟਾਵਰ ਵੀ ਪਾਣੀ ਵਿੱਚ ਡੁੱਬ ਗਏ ਹਨ ਜਿਸ ਨਾਲ ਪਾਕਿਸਤਾਨ ਵਲੋਂ ਤਸਕਰੀ ਦਾ ਖਤਰਾ ਬਣਿਆ ਹੋਇਆ ਹੈ।
ਪਾਣੀ ਭਰਨ ਕਾਰਨ ਬੀ.ਐਸ.ਐਫ਼ ਦਾ ਟਾਵਰ, ਕੰਡਿਆਲੀ ਤਾਰ ਵੀ ਡੁੱਬ ਗਈ ਹੈ ਜਿਸ ਕਾਰਨ ਪਾਕਿਸਤਾਨੀ ਤਸਕਰ ਇਸ ਦਾ ਫਾਇਦਾ ਚੁੱਕ ਸਕਦੇ ਹਨ। ਹਾਲਾਂਕਿ, ਬੀ.ਐਸ.ਐਫ ਆਪਣੀ ਪੇਟ੍ਰੋਲਿੰਗ ਲਗਾਤਾਰ ਮੋਟਰ ਬੋਟ ਰਾਹੀਂ ਕਰ ਰਹੀ ਹੈ। ਪਿੰਡਾਂ 'ਚ ਪਾਣੀ ਭਰ ਜਾਣ ਕਾਰਨ ਲੋਕਾਂ ਦੀਆਂ ਫ਼ਸਲਾਂ ਖ਼ਰਾਬ ਹੋ ਗਈਆਂ ਹਨ। ਲੋਕ ਪਾਣੀ ਤੋਂ ਬੱਚਣ ਲਈ ਆਪਣੇ ਘਰਾਂ ਦੀਆਂ ਛੱਤਾਂ 'ਤੇ ਚੜੇ ਹੋਏ ਹਨ। ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਵੱਲੋਂ ਅਜੇ ਤੱਕ ਕੋਈ ਵੀ ਮਦਦ, ਉਨ੍ਹਾਂ ਤੱਕ ਨਹੀਂ ਪਹੁੰਚੀ ਹੈ। ਬਲਕਿ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਕੈਂਪ ਵਿੱਚ ਆਉਣ ਲਈ ਕਿਹਾ ਗਿਆ ਹੈ। ਦੱਸਣਯੋਗ ਹੈ ਕਿ ਪਾਣੀ ਦੇ ਵੱਧਦੇ ਪੱਧਰ ਨੂੰ ਵੇਖਦਿਆਂ ਫ਼ਿਰੋਜ਼ਪੁਰ ਦੇ ਡੀ.ਸੀ. ਚੰਦਰ ਗੈਂਦ ਨੇ 52 ਪਿੰਡਾਂ ਨੂੰ ਖ਼ਾਲੀ ਕਰਨ ਦੇ ਹੁਕਮ ਦਿੱਤੇ ਸਨ।
ਜ਼ਿਕਰਯੋਗ ਹੈ ਕਿ ਪੰਜਾਬ ਅਤੇ ਹਿਮਾਚਲ ਵਿੱਚ ਪਏ ਭਾਰੀ ਮੀਂਹ ਦੇ ਕਾਰਨ ਭਾਖੜਾ ਡੈਮ ਵਿੱਚ ਪਾਣੀ ਦਾ ਪੱਧਰ ਵੱਧ ਗਿਆ ਜਿਸ ਕਾਰਨ ਡੈਮ ਵਿਚੋਂ ਪਾਣੀ ਛੱਡਣਾ ਪਿਆ। ਇਸ ਨਾਲ ਸਤਲੁਜ ਦਰਿਆ ਵਿੱਚ ਪਾਣੀ ਦਾ ਪੱਧਰ ਵੱਧ ਜਾਣ ਕਾਰਨ ਦਰਿਆ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਹੜ੍ਹ ਵਰਗੀ ਸਥਿਤੀ ਬਣੀ ਹੋਈ ਹੈ। ਰੋਪੜ, ਜਲੰਧਰ, ਲੁਧਿਆਣਾ ਅਤੇ ਹੋਰ ਕਈ ਸ਼ਹਿਰਾਂ ਦੇ ਕਈ ਪਿੰਡ ਇਸ ਦੀ ਚਪੇਟ ਵਿੱਚ ਹਨ।