ਅਮਲੋਹ : ਪੰਜਾਬ ਸਰਕਾਰ ਦੇ ਵੱਲੋਂ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹਦੇ ਬੱਚਿਆਂ ਨੂੰ ਹੋਰ ਬਿਹਤਰ ਸਹੂਲਤਾਂ ਦੇਣ ਦੇ ਲਈ ਪੰਜਾਬ ਦੇ 117 ਹਲਕਿਆਂ ਵਿਚ 117 ਸਕੂਲਾਂ ਨੂੰ ਸਕੂਲ ਆਫ ਐਮੀਨੈਂਸ ਵਜੋਂ ਚੁਣਿਆ ਗਿਆ, ਜਿਸਦੇ ਤਹਿਤ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਹਲਕਾ ਅਮਲੋਹ ਦੇ ਸਰਕਾਰੀ ਸੀਨੀਅਰ ਸੇਕੈਂਡਰੀ ਸਮਾਟ ਸਕੂਲ ਲੜਕੇ, ਦੀ ਚੋਣ ਵੀ ਸਕੂਲ ਆਫ ਐਮੀਨੈਂਸ ਦੇ ਤੌਰ ਉਤੇ ਹੋਈ। ਸਕੂਲ ਦਾ ਉਦਘਾਟਨ ਕਰਨ ਲਈ ਹਲਕਾ ਅਮਲੋਹ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਮੁੱਖ ਮਹਿਮਾਨ ਦੇ ਤੌਰ ਉਤੇ ਪਹੁੰਚੇ।
ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਡਿੰਪਲ ਮਦਾਨ ਤੇ ਐਸਡੀਐਮ ਗੁਰਵਿੰਦਰ ਸਿੰਘ ਜੌਹਲ ਵੀ ਮੌਜੂਦ ਰਹੇ। ਇਸ ਮੌਕੇ ਗੱਲਬਾਤ ਕਰਦੇ ਹੋਏ ਹਲਕਾ ਅਮਲੋਹ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਨੇ ਕਿਹਾ ਕਿ ਇਹ ਸਕੂਲ ਮੀਲ ਪੱਥਰ ਸਾਬਤ ਹੋਵੇਗਾ, ਕਿਉਂਕਿ ਇਹ ਉਸ ਤਰ੍ਹਾਂ ਦਾ ਸਕੂਲ ਬਣਨ ਜਾ ਰਿਹਾ ਹੈ, ਜਿਸ ਤਰ੍ਹਾਂ ਦਾ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਦੀ ਪਤਨੀ ਨੇ ਦਿੱਲੀ ਦੇ ਵਿਚ ਦੇਖਿਆ ਸੀ। ਵਿਧਾਇਕ ਗੈਰੀ ਬੜਿੰਗ ਨੇ ਕਿਹਾ ਕਿ ਸੀਐਮ ਦੇ ਫੰਡ ਵਿੱਚੋਂ ਕੁਝ ਪੈਸੇ ਮਿਲੇ ਸੀ। ਜਿਨ੍ਹਾਂ ਨੂੰ ਦੁਸਰੇ ਸਕੂਲਾਂ ਲਈ ਵਰਤਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਸਕੀਮ ਦੇ ਤਹਿਤ ਪ੍ਰਾਇਵੇਟ ਸਕੂਲਾਂ ਦੀ ਤਰ੍ਹਾਂ ਹੀ ਵੱਡੇ ਤੇ ਵਧੀਆ ਸਹੂਲਤਾਂ ਵਾਲੇ ਕਮਰੇ ਮਿਲਣਗੇ। ਪੀਸੀਬੀ ਤੇ ਆਈਪੀਐਸੀ ਦੀ ਤਿਆਰੀ ਲਈ ਕੋਚਿੰਗ ਮਿਲੇਗੀ। ਸਕੂਲਾਂ ਵਿਚ ਖੇਡਾਂ ਦੇ ਲਈ ਵੀ ਕੋਚ ਮੁਹੱਈਆ ਕਰਵਾਏ ਜਾਣਗੇ।