ਫ਼ਤਿਹਗੜ੍ਹ ਸਾਹਿਬ : ਕਾਂਗਰਸ ਦੇ ਉਮੀਦਵਾਰ ਅਤੇ ਸੂਬਾ ਸਕੱਤਰ ਕੁਲਦੀਪ ਸਹੋਤਾ ਨੇ ਫ਼ਤਿਹਗੜ੍ਹ ਸਾਹਿਬ ਵਿਖੇ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਾਰਟੀ ਵਲੋਂ ਦੂਸਰੀ ਪਾਰਟੀਆਂ ਦੇ ਲੀਡਰਾਂ ਮਨਪ੍ਰੀਤ ਸਿੰਘ ਬਾਦਲ ਅਤੇ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਵਿੱਚ ਸ਼ਾਮਲ ਕਰਕੇ ਵੱਡੇ-ਵੱਡੇ ਅਹੁਦੇ ਦਿੱਤੇ ਗਏ ਹਨ, ਪਰ ਹੰਸਰਾਜ ਹੰਸ ਨਾਲ ਧੋਖਾ ਕੀਤਾ ਗਿਆ ਹੈ। ਕਾਂਗਰਸ ਨੇ ਜਿਲ੍ਹਾ ਪਰੀਸ਼ਦ ਦੀਆਂ ਚੋਣਾਂ ਦੌਰਾਨ ਹੁਣ ਐਮਪੀ ਦੀਆਂ ਚੋਣਾਂ ਦੌਰਾਨ ਵਾਲਮੀਕਿ ਭਾਈਚਾਰੇ ਨੂੰ ਅਣ-ਦੇਖਾ ਕੀਤਾ ਹੈ।
ਕਾਂਗਰਸ ਛੱਡ ਆਜ਼ਾਦ ਉਮੀਦਵਾਰ ਦੇ ਤੌਰ 'ਤੇ ਚੋਣ ਲੜਣਗੇ ਕੁਲਦੀਪ ਸਹੋਤਾ
ਫ਼ਤਿਹਗੜ੍ਹ ਸਾਹਿਬ ਤੋਂ ਕੁਲਦੀਪ ਸਿੰਘ ਸਹੋਤਾ ਰਾਸ਼ਟਰੀ ਵਾਲਮੀਕਿ ਸਭਾ ਦੇ ਚੇਅਰਮੈਨ ਵੀ ਹਨ, ਜਿਨ੍ਹਾਂ ਵਲੋਂ ਲੋਕ ਸਭਾ ਹਲਕਾ ਫ਼ਤਿਹਗੜ੍ਹ ਸਾਹਿਬ ਤੋਂ ਕਾਂਗਰਸ ਪਾਰਟੀ ਦੀ ਅਹੁਦੇਦਾਰੀ ਤੋਂ ਅਸਤੀਫ਼ਾ ਦੇ ਕੇ ਆਜ਼ਾਦ ਉਮੀਦਵਾਰ ਦੇ ਤੌਰ 'ਤੇ ਚੋਣ ਲੜਨ ਦਾ ਫ਼ੈਸਲਾ ਕੀਤਾ ਹੈ। ਚੋਣ ਪ੍ਰਚਾਰ ਦੀ ਸ਼ੁਰੂਆਤ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਤੋਂ ਮੱਥਾ ਟੇਕ ਕੇ ਕਰ ਦਿੱਤੀ ਹੈ।
ਲੋਕ ਸਭਾ ਹਲਕਾ ਫ਼ਤਿਹਗੜ੍ਹ ਸਾਹਿਬ ਤੋਂ ਕਈ ਕਾਂਗਰਸੀ ਆਗੂਆਂ ਨੇ ਟਿਕਟ ਲਈ ਅਪਲਾਈ ਕੀਤਾ ਸੀ ਪਰ ਕਾਂਗਰਸ ਹਾਈਕਮਾਨ ਦੇ ਵੱਲੋਂ ਲੋਕ ਸਭਾ ਹਲਕਾ ਫਤਿਹਗੜ ਸਾਹਿਬ ਤੋਂ ਡਾ ਅਮਰ ਸਿੰਘ ਨੂੰ ਉਮੀਦਵਾਰ ਦੇ ਤੌਰ ਉੱਤੇ ਚੋਣ ਮੈਦਾਨ ਵਿੱਚ ਉਤਾਰ ਦਿੱਤਾ ਹੈ, ਜਿਸਦੇ ਬਾਅਦ ਤੋਂ ਹੀ ਪਾਰਟੀ ਵਿੱਚ ਬਗਾਵਤ ਦੇ ਸ਼ੁਰ ਉੱਠਣੇ ਸ਼ੁਰੂ ਹੋ ਗਏ ਹਨ ਅਤੇ ਅਮਰ ਸਿੰਘ ਨੂੰ ਟਿਕਟ ਦਿੱਤੇ ਜਾਣ ਵਿਰੋਧ ਕੀਤਾ ਜਾ ਰਿਹਾ ਹੈ, ਜਿੰਨ੍ਹਾਂ ਵਿਚੋਂ ਸਭ ਤੋਂ ਪਹਿਲਾਂ ਸਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂੱਲੋਂ ਉਨ੍ਹਾਂ ਦੇ ਬਾਅਦ ਵਾਲਮੀਕ ਭਾਈਚਾਰੇ ਵਲੋਂ ਸਬੰਧਤ ਕਾਂਗਰਸ ਪਾਰਟੀ ਦੇ ਸੂਬਾ ਸਕੱਤਰ ਕੁਲਦੀਪ ਸਹੋਤਾ ਨੇ ਉਨ੍ਹਾਂ ਦਾ ਵਿਰੋਧ ਕਰਦੇ ਹੋਏ ਆਜ਼ਾਦ ਚੋਣ ਲੜਨ ਦੀ ਗੱਲ ਕਹੀ।
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੁਲਦੀਪ ਸਹੋਤਾ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਵਾਲਮੀਕਿ ਭਾਈਚਾਰੇ ਨਾਲ ਧੋਖਾ ਕੀਤਾ ਹੈ, ਜਿਸ ਕਾਰਨ ਉਨ੍ਹਾਂ ਨੇ ਬਗਾਵਤ ਕੀਤੀ ਹੈ। ਉਹ ਆਪਣੇ ਭਾਈਚਾਰੇ ਦੇ ਨਾਲ ਹਨ, ਭਾਈਚਾਰੇ ਦੇ ਹੱਕਾਂ ਲਈ ਉਹ ਹਰ ਕੁਰਬਾਨੀ ਦੇ ਸਕਦੇ ਹਨ। ਉਨ੍ਹਾਂ ਕਿਹਾ ਕਿ ਉਹ ਕਿਸੇ ਦੂਸਰੇ ਭਾਈਚਾਰੇ ਦੇ ਵਿਰੋਧੀ ਵੀ ਨਹੀ, ਸਿਰਫ਼ ਆਪਣੀ ਗਿਣਤੀ ਦੇ ਹਿਸਾਬ ਨਾਲ ਹੱਕਾਂ ਦੀ ਮੰਗ ਕਰ ਰਹੇ ਸਨ, ਜਿਸ ਦੀ ਕਾਂਗਰਸ ਨੇ ਕੋਈ ਪ੍ਰਵਾਹ ਨਹੀ ਕੀਤੀ। ਜਿਸ ਕਾਰਨ ਵਾਲਮੀਕਿ ਭਾਈਚਾਰੇ ਦੀ ਤਾਕਤ ਦਿਖਾਉਣ ਲਈ ਉਨ੍ਹਾਂ ਅਜਿਹਾ ਕੀਤਾ।