ਫਰੀਦਕੋਟ :ਸਾਲ 2015 ਦੇ ਬਹੁਚਰਚਿਤ ਕੋਟਕਪੂਰਾ ਗੋਲੀਕਾਂਡ ਮਾਮਲੇ ਵਿਚ ਜਿੱਥੇ ਅੱਜ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਇਹਨਾਂ ਮਾਮਲਿਆ ਵਿਚ ਨਾਮਜਦ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਫਰੀਦਕੋਟ ਦੇ ਤਤਕਾਲੀ ਐਸਐਸਪੀ ਸੁਖਮਿੰਦਰ ਸਿੰਘ ਮਾਨ ਦੀ ਅਗਾਊਂ ਜ਼ਮਾਨਤ ਅਰਜ਼ੀ ਮਨਜ਼ੂਰ ਕਰ ਲਈ ਗਈ ਹੈ। ਉਥੇ ਹੀ ਫਰੀਦਕੋਟ ਦੇ ਵਧੀਕ ਜਿਲ੍ਹਾ ਅਤੇ ਸੈਸ਼ਨ ਜੱਜ ਰਾਜੀਵ ਕਾਲੜਾ ਦੀ ਅਦਾਲਤ ਵੱਲੋਂ ਇਸੇ ਮੁਕੱਦਮੇਂ ਵਿੱਚ ਨਾਮਜਦ ਤਤਕਾਲੀ ਡੀਜੀਪੀ ਸੁਮੇਧ ਸਿੰਘ ਸੈਣੀ, ਤਤਕਾਲੀ ਆਈਜੀ ਪਰਮਰਾਜ ਸਿੰਘ ਉਮਰਾਨੰਗਲ, ਤਤਕਾਲੀ ਐੱਸਐੱਸਪੀ ਮੋਗਾ ਚਰਨਜੀਤ ਸ਼ਰਮਾਂ ਅਤੇ ਤਤਕਾਲੀ ਐੱਸਐੱਚਓ ਥਾਨਾ ਸਿਟੀ ਫਰੀਦਕੋਟ ਗੁਰਦੀਪ ਸਿੰਘ ਪੰਧੇਰ ਦੀ ਅਗਾਊਂ ਜ਼ਮਾਨਤ ਅਰਜ਼ ਰੱਦ ਕਰ ਦਿੱਤੀ ਗਈ ਹੈ।
ਇਨ੍ਹਾਂ ਵਲੋਂ ਲਗਾਈਆਂ ਗਈਆਂ ਅਰਜ਼ੀਆਂ : ਕੋਟਕਪੂਰਾ ਗੋਲੀਕਾਡ ਮਾਮਲੇ ਵਿਚ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀਆ ਸਿਫਾਰਸ਼ਾਂ ਤੋਂ ਬਾਅਦ ਕੋਟਕਪੂਰਾ ਵਿਖੇ 14 ਅਕਤੂਬਰ 2015 ਨੂੰ ਪੁਲਿਸ ਅਤੇ ਪ੍ਰਦਰਸ਼ਨਕਾਰੀਆ ਵਿਚਕਾਰ ਹੋਏ ਟਕਰਾਅ ਦੌਰਾਨ ਕਥਿਤ ਜਖਮੀਂ ਹੋਏ ਅਜੀਤ ਸਿੰਘ ਨਾਮੀਂ ਵਿਅਕਤੀ ਦੇ ਬਿਆਨਾਂ ਉੱਤੇ ਦਰਜ ਕੀਤੇ ਗਏ ਮੁਕੱਦਮੇ ਵਿਚ ਵਿਸੇਸ਼ ਜਾਂਚ ਟੀਮ ਵੱਲੋਂ ਤਤਕਾਲੀ ਮੁੱਖ ਮੰਤਰੀ, ਤਤਕਾਲੀ ਗ੍ਰਹਿ ਮੰਤਰੀ, ਤਤਕਾਲੀ ਪੰਜਾਬ ਪੁਲਿਸ ਮੁੱਖੀ, ਤਤਕਾਲੀ ਪੁਲਿਸ ਕਮਿਸ਼ਨਰ ਲੁਧਿਆਣਾ ਪਰਮਰਾਜ ਸਿੰਘ ਉਮਾਨੰਗਲ, ਤਤਕਾਲੀ ਐਸਐਸਪੀ ਮੋਗਾ ਚਰਨਜੀਤ ਸ਼ਰਮਾਂ, ਤਤਕਾਲੀ ਡੀਆਈਜੀ ਅਮਰ ਸਿੰਘ ਚਹਿਲ, ਤਤਕਾਲੀ ਐਸਐਸਪੀ ਫਰੀਦਕੋਟ ਸੁਖਮਿੰਦਰ ਸਿੰਘ ਮਾਨ ਅਤੇ ਥਾਨਾ ਸਿਟੀ ਕੋਟਕਪੂਰਾ ਦੇ ਤਤਕਾਲੀ ਐਸਐਚਓ ਗੁਰਦੀਪ ਸਿੰਘ ਪੰਧੇਰ ਸਮੇਤ ਕੁੱਲ੍ਹ 8 ਲੋਕਾਂ ਨੂੰ ਨਾਮਜਦ ਕੀਤਾ ਗਿਆ ਸੀ ਜਿੰਨਾਂ ਵਿਚੋਂ ਹੁਣ ਤੱਕ 7 ਨਾਮਜਦਾਂ ਨੇ ਮਾਨਯੋਗ ਅਦਾਲਤ ਵਿਚ ਜਮਾਨਤ ਅਰਜੀਆ ਲਗਾਈਆਂ ਹਨ।