ਚੰਡੀਗੜ੍ਹ: ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਧੁੰਦ ਤੇ ਤੇਜ਼ ਹਵਾਵਾਂ ਨੇ ਠੰਢ ਹੋਰ ਵਧਾ ਦਿੱਤੀ ਹੈ। ਧੁੰਦ ਨੂੰ ਲੈ ਕੇ ਯੈਲੋ ਅਲਰਟ ਵੀ ਜਾਰੀ ਕੀਤਾ ਗਿਆ ਹੈ। ਸ਼ੀਤ ਲਹਿਰ ਕਾਰਨ ਠੰਢ ਦੇ ਦਿਨਾਂ ਦੀ ਸਥਿਤੀ ਬਣੀ ਰਹੇਗੀ। ਮੌਸਮ ਵਿਭਾਗ ਦਾ ਮੰਨਣਾ ਹੈ ਕਿ ਇਹ ਹਾਲਾਤ 15 ਜਨਵਰੀ ਤੱਕ ਰਹਿਣਗੇ। ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਲੁਧਿਆਣਾ, ਬਰਨਾਲਾ, ਮਾਨਸਾ, ਸੰਗਰੂਰ, ਫਤਿਹਗੜ੍ਹ ਸਾਹਿਬ ਅਤੇ ਪਟਿਆਲਾ ਵਿੱਚ ਹੋਰ ਧੁੰਦ ਪਏਗੀ।
ਹੋਰ ਠੰਢ ਦੀ ਚਿਤਾਵਨੀ: ਪੰਜਾਬ ਵਿੱਚ 13 ਤੋਂ 15 ਜਨਵਰੀ ਦਰਮਿਆਨ ਸਖ਼ਤ ਠੰਢ ਪੈਣ ਦੀ ਸੰਭਾਵਨਾ ਹੈ। ਚੰਡੀਗੜ੍ਹ ਵਿੱਚ ਮੌਸਮ ਆਮ ਵਾਂਗ ਰਹੇਗਾ। ਸਵੇਰ ਵੇਲੇ ਧੁੰਦ ਛਾਈ ਰਹੇਗੀ ਜਦਕਿ ਦੁਪਹਿਰ ਵੇਲੇ ਧੁੱਪ ਨਿਕਲਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਹਰਿਆਣਾ 'ਚ ਸੰਘਣੀ ਧੁੰਦ ਅਤੇ ਠੰਢ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਸੂਬੇ ਦਾ ਤਾਪਮਾਨ ਆਮ ਨਾਲੋਂ ਹੇਠਾਂ ਰਹੇਗਾ। ਦਿਨ ਅਤੇ ਰਾਤ ਦੇ ਤਾਪਮਾਨ ਵਿੱਚ ਗਿਰਾਵਟ ਆਵੇਗੀ।
ਦਿੱਲੀ ਦਾ ਮੌਸਮ:ਦਿੱਲੀ-ਐੱਨਸੀਆਰ ਇਸ ਸਮੇਂ ਕੜਾਕੇ ਦੀ ਠੰਢ ਦੀ ਲਪੇਟ 'ਚ ਹੈ। ਤਾਪਮਾਨ ਲਗਾਤਾਰ ਡਿੱਗ ਰਿਹਾ ਹੈ। ਸੰਘਣੀ ਧੁੰਦ ਕਾਰਨ ਰੇਲ ਅਤੇ ਹਵਾਈ ਆਵਾਜਾਈ ਵੀ ਪ੍ਰਭਾਵਿਤ ਹੋ ਰਹੀ ਹੈ। ਸ਼ੁੱਕਰਵਾਰ ਨੂੰ ਦਿੱਲੀ 'ਚ ਆਸਮਾਨ ਸਾਫ ਰਹੇਗਾ। ਸਵੇਰ ਵੇਲੇ ਹਲਕੀ ਤੋਂ ਦਰਮਿਆਨੀ ਧੁੰਦ ਪੈਣ ਦੀ ਸੰਭਾਵਨਾ ਹੈ। ਦੁਪਹਿਰ ਤੋਂ ਬਾਅਦ ਅੰਸ਼ਕ ਬੱਦਲ ਦਿਖਾਈ ਦੇ ਸਕਦੇ ਹਨ। ਫਿਲਹਾਲ ਰਾਜਧਾਨੀ ਦਿੱਲੀ 'ਚ ਤਾਪਮਾਨ 6 ਡਿਗਰੀ ਦਰਜ ਕੀਤਾ ਗਿਆ ਹੈ।
ਮੌਸਮ ਵਿਭਾਗ ਅਨੁਸਾਰ ਅੱਜ ਵੱਧ ਤੋਂ ਵੱਧ ਤਾਪਮਾਨ 17 ਡਿਗਰੀ ਅਤੇ ਘੱਟੋ-ਘੱਟ ਤਾਪਮਾਨ 5 ਡਿਗਰੀ ਰਹਿ ਸਕਦਾ ਹੈ। ਹਵਾ ਵਿੱਚ ਨਮੀ ਦਾ ਪੱਧਰ 96 ਫੀਸਦੀ ਤੱਕ ਰਹੇਗਾ। ਇਸ ਦੇ ਨਾਲ ਹੀ ਅੱਜ ਦਿੱਲੀ ਵਿੱਚ 10 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲਣਗੀਆਂ। ਇਸ ਸਮੇਂ ਦਿੱਲੀ ਐਨਸੀਆਰ ਦੇ ਫਰੀਦਾਬਾਦ ਵਿੱਚ 7 ਡਿਗਰੀ, ਗਾਜ਼ੀਆਬਾਦ ਵਿੱਚ 6 ਡਿਗਰੀ, ਗੁਰੂਗ੍ਰਾਮ ਵਿੱਚ 7 ਡਿਗਰੀ, ਨੋਇਡਾ ਵਿੱਚ 7 ਡਿਗਰੀ ਅਤੇ ਗ੍ਰੇਟਰ ਨੋਇਡਾ ਵਿੱਚ 6 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਹੈ। ਜਦਕਿ 13 ਤੋਂ 17 ਜਨਵਰੀ ਤੱਕ ਵੱਧ ਤੋਂ ਵੱਧ ਤਾਪਮਾਨ 19 ਤੋਂ 20 ਡਿਗਰੀ ਦੇ ਵਿਚਕਾਰ ਰਹਿ ਸਕਦਾ ਹੈ। ਘੱਟੋ-ਘੱਟ ਤਾਪਮਾਨ 8 ਤੋਂ 9 ਡਿਗਰੀ ਦੇ ਵਿਚਕਾਰ ਰਹੇਗਾ।
ਮੌਸਮ ਦੀ ਭਵਿੱਖਬਾਣੀ ਕਰਨ ਵਾਲੀ ਏਜੰਸੀ ਸਕਾਈਮੇਟ ਦੇ ਅਨੁਸਾਰ, ਅੱਜ ਦੱਖਣੀ ਤਾਮਿਲਨਾਡੂ ਅਤੇ ਲਕਸ਼ਦੀਪ ਵਿੱਚ 1 ਜਾਂ 2 ਥਾਵਾਂ 'ਤੇ ਹਲਕੀ ਬਾਰਿਸ਼ ਹੋ ਸਕਦੀ ਹੈ। ਇਸ ਦੇ ਨਾਲ ਹੀ ਉੱਤਰੀ ਰਾਜਸਥਾਨ ਦੇ ਕੁਝ ਸਥਾਨਾਂ 'ਤੇ ਸਵੇਰੇ ਸੰਘਣੀ ਤੋਂ ਬਹੁਤ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ। ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਅਸਾਮ, ਮੇਘਾਲਿਆ, ਮਿਜ਼ੋਰਮ, ਤ੍ਰਿਪੁਰਾ, ਜੰਮੂ ਡਿਵੀਜ਼ਨ, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਉੱਤਰੀ ਮੱਧ ਪ੍ਰਦੇਸ਼, ਉੜੀਸਾ, ਬਿਹਾਰ, ਪੱਛਮੀ ਬੰਗਾਲ ਅਤੇ ਸਿੱਕਮ ਵਿੱਚ ਕੁਝ ਥਾਵਾਂ 'ਤੇ ਸੰਘਣੀ ਧੁੰਦ ਪੈ ਸਕਦੀ ਹੈ। ਪੰਜਾਬ, ਉੱਤਰ ਪ੍ਰਦੇਸ਼ ਅਤੇ ਰਾਜਸਥਾਨ 'ਚ ਕੁਝ ਥਾਵਾਂ 'ਤੇ ਸ਼ੀਤ ਲਹਿਰ ਦੀ ਸੰਭਾਵਨਾ ਹੈ।