ਚੰਡੀਗੜ੍ਹ :ਪੰਜਾਬ ਪੁਲਿਸ ਦੀਆਂ ਲਿਸਟਾਂ ਵਿੱਚ ਭਗੌੜਾ ਦੱਸਿਆ ਜਾ ਰਿਹਾ ਅੰਮ੍ਰਿਤਪਾਲ ਸਿੰਘ ਕਈ ਸੀਸੀਟੀਵੀ ਫੁਟੇਜ ਦੀਆਂ ਤਸਵੀਰਾਂ ਵਿੱਚ ਨਜਰ ਆ ਰਿਹਾ ਹੈ। ਹਾਲਾਂਕਿ ਇਹ ਤਸਵੀਰਾਂ ਲੋਕਾਂ ਲਈ ਵੀ ਬੁਝਾਰਤ ਬਣੀਆਂ ਹੋਈਆਂ ਹਨ। ਕੋਈ ਇਹ ਕਹਿ ਰਿਹਾ ਹੈ ਕਿ ਇਹ ਐਡਿਟ ਕੀਤੀਆਂ ਗਈਆਂ ਹਨ ਤੇ ਕੋਈ ਕਹਿ ਰਿਹਾ ਹੈ ਕਿ ਅੰਮ੍ਰਿਤਪਾਲ ਸਿੰਘ ਦੇ ਰਾਹ ਵਿੱਚ ਇੰਨੇ ਸੀਸੀਟੀਵੀ ਕੈਮਰੇ ਕਿਵੇਂ ਲੱਗੇ ਹੋਏ ਹਨ। ਹਾਲਾਂਕਿ ਮੀਡੀਆ ਰਿਪੋਰਟਾਂ ਵਿੱਚ ਇਨ੍ਹਾਂ ਤਸਵੀਰਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਜਾ ਰਹੀ ਹੈ। ਪਰ ਸਵਾਲ ਇਹ ਵੀ ਹੈ ਕਿ ਅੰਮ੍ਰਿਤਪਾਲ ਸਿੰਘ ਦੇ ਦਰਅਸਲ ਭੱਜਣ ਦਾ ਕਿਹੜਾ ਰੂਟ ਰਿਹਾ ਹੈ। ਜਦੋਂ ਪੁਲਿਸ ਨੂੰ ਪਤਾ ਸੀ ਕਿ ਉਹ ਫਰਾਰ ਹੋਇਆ ਹੈ ਤਾਂ ਉਹ ਇੰਨੀ ਅਸਾਨੀ ਨਾਲ ਪੁਲਿਸ ਨੂੰ ਕਿਵੇਂ ਝਕਾਨੀ ਦੇ ਗਿਆ।
ਦਰਅਸਲ ਅੰਮ੍ਰਿਤਪਾਲ ਸਿੰਘ ਨਾਲ ਜੋ ਵੀ ਤਸਵੀਰਾਂ ਵਾਇਰਲ ਹੋ ਰਹੀਆਂ ਹਨ, ਉਸ ਵਿੱਚ ਉਸਦੇ ਕਈ ਰੂਪ ਸਾਹਮਣੇ ਆ ਰਹੇ ਹਨ। ਪਹਿਲੇਂ ਦਿਨ ਕੋਈ ਹੋਰ ਰੂਪ ਸੀ ਤੇ ਅਗਲੇ ਦਿਨ ਉਸਦੀ ਸਵਾਰੀ ਵੀ ਬਦਲੀ ਹੋਈ ਸੀ। ਹੁਣ ਇਕ ਹੋਰ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਅੰਮ੍ਰਿਤਪਾਲ ਸਿੰਘ ਛਤਰੀ ਲੈ ਕੇ ਗਲੀ ਵਿੱਚ ਜਾਂਦਾ ਨਜ਼ਰ ਆ ਰਿਹਾ ਹੈ। ਇਸ ਤੋਂ ਪਹਿਲਾਂ ਉਸਦੇ ਭੱਜਣ ਦੇ ਹੋਰ ਤਰੀਕਿਆਂ ਦੀ ਵੀ ਚਰਚਾ ਜ਼ਰੂਰੀ ਹੈ...
ਇਸ ਤਸਵੀਰ ਨੇ ਜ਼ਰੂਰ ਇਕ ਵਾਰ ਪੰਜਾਬੀਆਂ ਨੂੰ ਸੋਚਣ ਲਈ ਮਜ਼ਬੂਰ ਕੀਤਾ ਸੀ। ਇਸ ਤਸਵੀਰ ਵਿੱਚ ਅੰਮ੍ਰਿਤਪਾਲ ਸਿੰਘ ਇਕ ਪਲਟੀਨਾ ਮੋਟਰਸਾਇਕਲ ਉੱਤੇ ਗੁਲਾਬੀ ਰੰਗ ਦੀ ਪੱਗ ਬੰਨ੍ਹ ਕੇ ਪਿੱਛੇ ਬੈਠਾ ਹੈ। ਅੱਖਾਂ ਉੱਤੇ ਕਾਲੀ ਐਨਕ ਲੱਗੀ ਹੋਈ ਹੈ। ਇਸ ਤਸਵੀਰ ਵਿੱਚ ਉਸਦੇ ਕੱਪੜੇ ਵੀ ਬਦਲੇ ਹੋਏ ਹਨ। ਉਦੋਂ ਸਵਾਲ ਇਹ ਵੀ ਉਠੇ ਸੀ ਕਿ ਉਸਨੇ ਕਿਸੇ ਗ੍ਰੰਥੀ ਦੇ ਘਰ ਇਹ ਸਾਰਾ ਕੁੱਝ ਬਦਲਿਆ ਸੀ।
ਅੰਮ੍ਰਿਤਪਾਲ ਦੀ ਇਹ ਤਸਵੀਰ ਕਈ ਮੀਡੀਆ ਅਦਾਰਿਆਂ ਨੇ ਛਾਪੀ ਤੇ ਦਿਖਾਈ ਵੀ ਹੈ। ਇਸ ਵਿੱਚ ਅੰਮ੍ਰਿਤਪਾਲ ਸਿੰਘ ਇਕ ਜੁਗਾੜੂ ਰੇਹੜੀ ਦੇ ਪਿੱਛੇ ਬੈਠਾ ਹੈ। ਇਕ ਹੋਰ ਸਾਥੀ ਵੀ ਨਾਲ ਹੈ। ਪਰ ਤਸਵੀਰ ਦੀ ਖਾਸੀਅਤ ਇਹ ਹੈ ਕਿ ਇਸ ਵਿੱਚ ਰੇਹੜੀ ਉੱਤੇ ਉਹੀ ਮੋਟਰਸਾਇਕਲ ਵੀ ਲੱਦਿਆ ਹੋਇਆ ਹੈ, ਜਿਸ ਉੱਤੇ ਉਸਦੇ ਫਰਾਰ ਹੋਣ ਦੀਆਂ ਖਬਰਾਂ ਆਈਆਂ ਸਨ। ਕਈ ਲੋਕਾਂ ਨੇ ਇਸਨੂੰ ਐਡਿਟ ਕੀਤੀ ਫੋਟੋ ਦੱਸਿਆ ਹੈ। ਪਰ ਮੀਡੀਆ ਅਦਾਰੇ ਪੁਸ਼ਟੀ ਵੀ ਕਰ ਰਹੇ ਹਨ। ਕਈਆਂ ਨੇ ਇਹ ਵੀ ਲਿਖਿਆ ਕਿ ਹੋ ਸਕਦਾ ਹੈ ਕਿ ਅੰਮ੍ਰਿਤਪਾਲ ਸਿੰਘ ਜਿਸ ਮੋਟਰਸਾਇਕਲ ਉੱਤੇ ਫਰਾਰ ਹੋਇਆ ਸੀ, ਉਸਦਾ ਪੈਟਰੋਲ ਮੁੱਕ ਗਿਆ ਜਾਂ ਖਰਾਬ ਹੋ ਗਿਆ ਹੈ।
ਅੰਮ੍ਰਿਤਪਾਲ ਸਿੰਘ ਨਾਲ ਜੁੜੀ ਇਹ ਤਸਵੀਰ ਰਾਹੀਂ ਕਈ ਖੁਲਾਸੇ ਹੋਏ ਹਨ। ਇਹ ਤਸਵੀਰ ਉਸ ਮੋਟਰਸਾਇਕਲ ਦੀ ਹੈ, ਜਿਸ ਉੱਤੇ ਉਹ ਫਰਾਰ ਹੋਇਆ ਹੈ। ਮੋਟਰਸਾਇਕਲ ਦੀ ਬਰਾਮਦਗੀ ਤੋਂ ਬਾਅਦ ਇਹ ਤਸਵੀਰ ਪੁਲਿਸ ਨੇ ਮੀਡੀਆ ਲਈ ਜਨਤਕ ਕੀਤੀ ਸੀ। ਇਸਦੇ ਮਾਲਿਕ ਦੀ ਵੀ ਪੁਸ਼ਟੀ ਹੋ ਚੁੱਕੀ ਹੈ। ਇਸ ਨਾਲ ਉਨ੍ਹਾਂ ਸਵਾਲਾਂ ਨੂੰ ਵਿਰਾਮ ਲੱਗਿਆ ਹੈ, ਜਿਨ੍ਹਾਂ ਵਿਚ ਇਹ ਕਿਹਾ ਜਾ ਰਿਹਾ ਸੀ ਕਿ ਉਹ ਮੋਟਰਸਾਇਕਲ ਉੱਤੇ ਕਿਵੇਂ ਫਰਾਰ ਹੋ ਸਕਦਾ ਹੈ।
ਅੰਮ੍ਰਿਤਪਾਲ ਸਿੰਘ ਦੀ ਇਹ ਚੌਥੀ ਤਸਵੀਰ ਵੀ ਸੀਸੀਟੀਵੀ ਫੁਟੇਜ ਤੋਂ ਲਈ ਗਈ ਹੈ। ਇਸ ਵਿੱਚ ਉਹ ਛੱਤਰੀ ਲੈ ਕੇ ਗਲੀ ਵਿੱਚ ਜਾਂਦਾ ਨਜਰ ਆ ਰਿਹਾ ਹੈ। ਮੀਂਹ ਪੈ ਰਿਹਾ ਹੈ ਤੇ ਉਸਦੇ ਹੱਥਾਂ ਵਿਚ ਇਕ ਕੈਰੀ ਬੈਗ ਵੀ ਹੈ। ਹਾਲਾਂਕਿ ਉਸਦੀ ਪਿੱਠ ਹੀ ਨਜ਼ਰ ਆ ਰਹੀ ਹੈ। ਪਰ ਪੁਲਿਸ ਨੇ ਜ਼ਰੂਰ ਇਸਦੀ ਪੁਸ਼ਟੀ ਕਰ ਦਿੱਤੀ ਹੈ।
ਇਹ ਵੀ ਪੜ੍ਹੋ :ਨਹੀਂ ਲੱਭਿਆ ਅੰਮ੍ਰਿਤਪਾਲ ! ਆਈ ਜੀ ਸੁਖਚੈਨ ਗਿੱਲ ਨੇ ਕੀਤੇ ਆਪ੍ਰੇਸ਼ਨ ਅੰਮ੍ਰਿਤਪਾਲ 'ਚ ਕੀਤੇ ਨਵੇਂ ਖੁਲਾਸੇ
ਇਹ ਤਸਵੀਰ ਉਸੇ ਜੁਗਾੜੂ ਰੇਹੜੀ ਦੀ ਹੈ, ਜਿਸ ਵਿੱਚ ਅੰਮ੍ਰਿਤਪਾਲ ਸਿੰਘ ਆਪਣਾ ਮੋਟਰਸਾਇਕਲ ਲੱਦ ਕੇ ਲੈ ਕੇ ਜਾ ਰਿਹਾ ਸੀ। ਇਸਦੀ ਵੀ ਤਸਵੀਰ ਖੂਬ ਵਾਇਰਲ ਹੋਈ ਹੈ। ਕਈ ਲੋਕਾਂ ਨੇ ਇਸਨੂੰ ਐਡਿਟ ਕੀਤੀ ਹੋਈ ਦੱਸਿਆ ਹੈ ਪਰ ਇਸ ਬਾਰੇ ਰੇਹੜੀ ਦੇ ਮਾਲਿਕ ਲਖਵੀਰ ਸਿੰਘ ਲੱਖਾ ਨੇ ਵੀ ਖੁਲਾਸੇ ਕੀਤੇ ਹਨ। ਉਸਨੇ ਕਿਹਾ ਕਿ ਦੋ ਨੌਜਵਾਨ ਉਸਨੂੰ ਉਦੋਵਾਲ ਤੋਂ ਰਾਮੂਵਾਲ ਰੋਡ ਉੱਤੇ ਮਿਲੇ ਅਤੇ ਉਸਨੂੰ ਰੋਕ ਕੇ ਕਿਹਾ ਸੀ ਕਿ ਉਨ੍ਹਾਂ ਦਾ ਮੋਟਰਸਾਇਕਲ ਪੈਂਚਰ ਹੋ ਗਿਆ ਹੈ। ਉਨ੍ਹਾਂ ਦੇ ਕਹਿਣ ਉੱਤੇ ਹੀ ਉਸਨੇ ਮੋਟਰਸਾਇਕਲ ਆਪਣੀ ਰੇਹੜੀ ਵਿੱਚ ਲੱਦਿਆ ਸੀ। ਇਸ ਲਈ ਉਸਨੂੰ 100 ਰੁਪਏ ਦਿੱਤੇ ਗਏ। ਰੇਹੜੀ ਦੇ ਮਾਲਕ ਨੇ ਇਹ ਜਰੂਰ ਕਿਹਾ ਹੈ ਕਿ ਉਸਨੂੰ ਇਹ ਬਾਅਦ ਵਿੱਚ ਪਤਾ ਲੱਗਿਆ ਕਿ ਉਹ ਅੰਮ੍ਰਿਤਪਾਲ ਸਿੰਘ ਹੈ ਪਰ ਉਹ ਉਸਨੂੰ ਨਹੀਂ ਜਾਣਦਾ। ਉਸਨੇ ਦੱਸਿਆ ਕਿ ਇਸਦਾ ਪਤਾ ਉਦੋਂ ਲੱਗਾ ਜਦੋਂ ਤਸਵੀਰ ਵਾਇਰਲ ਹੋਈ ਹੈ।
ਕੀ ਸੱਚੀਂ ਹਰਿਆਣਾ ਟੱਪ ਗਿਆ ਅੰਮ੍ਰਿਤਪਾਲ :ਅੰਮ੍ਰਿਤਪਾਲ ਨਾਲ ਜੁੜੀ ਇਕ ਵੀਡੀਓ ਸ਼ਾਹਕੋਟ ਥਾਣੇ ਦੀ ਵੀ ਵਾਇਰਲ ਹੋਈ ਸੀ। ਉਸ ਵਿੱਚ ਵੀ ਵੀਡੀਓ ਬਣਾਉਣ ਵਾਲੇ ਨੇ ਇਹ ਦਾਅਵਾ ਕੀਤਾ ਸੀ ਕਿ ਅੰਮ੍ਰਿਤਪਾਲ ਸਿੰਘ ਪੁਲਿਸ ਵਲੋਂ ਫੜ ਲਿਆ ਗਿਆ ਹੈ। ਪਰ ਬਾਅਦ ਵਿੱਚ ਪੁਲਿਸ ਵਲੋਂ ਕੋਈ ਪੁਸ਼ਟੀ ਨਹੀਂ ਹੋਈ ਸੀ। ਹੁਣ ਜੋ ਤਾਜ਼ਾ ਜਾਣਕਾਰੀ ਆ ਰਹੀ ਹੈ, ਉਸ ਵਿੱਚ ਅੰਮ੍ਰਿਤਪਾਲ ਦਾ ਟਿਕਾਣਾ ਹਰਿਆਣਾ ਦਾ ਸ਼ਾਹਬਾਦ ਇਲਾਕਾ ਦੱਸਿਆ ਜਾ ਰਿਹਾ ਹੈ। ਇੱਥੋਂ ਦੀ ਇਕ ਮਹਿਲਾ ਵੀ ਪੁਲਿਸ ਨੇ ਗ੍ਰਿਫਤਾਰ ਕੀਤੀ ਹੈ। ਪਰ ਸਵਾਲ ਇਹ ਵੀ ਹੈ ਕਿ ਜਦੋਂ ਪੰਜਾਬ ਪੁਲਿਸ ਹਾਈਅਲਰਟ ਉੱਤੇ ਹੈ ਤਾਂ ਇਹ ਕਿਵੇਂ ਸੰਭਵ ਹੈ ਕਿ ਅੰਮ੍ਰਿਤਪਾਲ ਸਿੰਘ ਹਰਿਆਣਾ ਪਹੁੰਚ ਗਿਆ ਹੈ। ਹਾਲਾਂਕਿ ਇਸ ਸਵਾਲ ਉੱਤੇ ਪੁਲਿਸ ਦੀ ਵੀ ਆਪਣੀ ਰਾਇ ਹੋ ਸਕਦੀ ਹੈ। ਕਿਉਂ ਫਿਲਹਾਲ ਅੰਮ੍ਰਿਤਪਾਲ ਜਾਂਚ ਦਾ ਵਿਸ਼ਾ ਹੈ ਅਤੇ ਇਹ ਸਸਪੈਂਸ ਬਰਕਰਾਰ ਹੈ ਕਿ ਉਹ ਗ੍ਰਿਫਤਾਰ ਹੈ ਜਾਂ ਨਹੀਂ।