ਪੰਜਾਬ

punjab

Rain Alert In Punjab: ਲੋਕਾਂ ਨੂੰ ਚਿਤਾਵਨੀ, ਸਤਲੁਜ-ਬਿਆਸ-ਰਾਵੀ 'ਚ ਖ਼ਤਰਾ, ਭਾਖੜਾ ਡੈਮ ’ਚੋਂ ਵੀ ਛੱਡਿਆ ਜਾ ਸਕਦੈ ਪਾਣੀ !

By

Published : Jul 26, 2023, 1:32 PM IST

Rain Alert In Punjab: ਪੰਜਾਬ ਵਿੱਚ ਅਜੇ ਵੀ ਲੋਕਾਂ ਨੂੰ ਮੀਂਹ ਤੋਂ ਰਾਹਤ ਨਹੀਂ ਹੈ। ਸਤਲੁਜ-ਬਿਆਸ-ਰਾਵੀ ਦਰਿਆਵਾਂ ਵਿੱਚ ਪਾਣੀ ਦਾ ਪੱਧਰ ਉਪਰ ਆ ਚੁੱਕਾ ਹੈ। ਦੂਜੇ ਪਾਸੇ, ਮੌਸਮ ਵਿਭਾਗ ਵਲੋਂ ਵੀ ਅੱਜ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਭਾਖੜਾ ਡੈਮ ਵਿੱਚ ਪਾਣੀ ਖ਼ਤਰੇ ਦੇ ਨਿਸ਼ਾਨ ਤੋਂ 24 ਫੁੱਟ ਹੇਠਾਂ ਹੈ।

Rain Alert In Punjab
Rain Alert In Punjab

ਹੈਦਰਾਬਾਦ ਡੈਸਕ (Rain Alert In Punjab):ਪੰਜਾਬ ਦੇ ਮੌਸਮ ਵਿਭਾਗ ਨੇ ਅੱਜ ਪੂਰੇ ਸੂਬੇ ਵਿੱਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਹੈ। ਲੋਕਾਂ ਨੂੰ ਸੂਚੇਤ ਰਹਿਣ ਲਈ ਕਿਹਾ ਗਿਆ ਹੈ। ਵਿਭਾਗ ਦਾ ਕਹਿਣਾ ਹੈ ਕਿ ਪੰਜਾਬ ਅਤੇ ਪੰਜਾਬ ਦੇ ਤਿੰਨੋਂ ਖਿੱਤਿਆਂ, ਦੋਆਬਾ-ਮਾਜਾ ਅਤੇ ਮਾਲਵੇ ਵਿੱਚ ਗਰਜ ਅਤੇ ਬਿਜਲੀ ਦੇ ਨਾਲ ਮੀਂਹ ਪਵੇਗਾ। ਪੱਛਮੀ ਮਾਲਵੇ ਦੇ ਜ਼ਿਲ੍ਹਿਆਂ ਫਿਰੋਜ਼ਪੁਰ, ਫਰੀਦਕੋਟ, ਮੁਕਤਸਰ, ਬਠਿੰਡਾ, ਫਾਜ਼ਿਲਕਾ ਅਤੇ ਮੋਗਾ ਨੂੰ ਛੱਡ ਕੇ ਕੱਲ੍ਹ ਮੌਸਮ ਅਜਿਹਾ ਹੀ ਰਹੇਗਾ।

ਲੋਕਾਂ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਹਨ: ਦੂਜੇ ਪਾਸੇ ਮੌਸਮ ਵਿਭਾਗ ਨੇ ਜਿਸ ਤਰ੍ਹਾਂ ਦਾ ਅਲਰਟ ਜਾਰੀ ਕੀਤਾ ਹੈ, ਉਸ ਨਾਲ ਪੰਜਾਬ ਦੇ ਪਹਿਲਾਂ ਹੀ ਪਾਣੀ ਵਿਚ ਡੁੱਬੇ ਇਲਾਕਿਆਂ ਵਿਚ ਲੋਕਾਂ ਦੀਆਂ ਮੁਸ਼ਕਿਲਾਂ ਇਕ ਵਾਰ ਫਿਰ ਵਧਣ ਵਾਲੀਆਂ ਹਨ। ਭਾਵੇਂ ਪਿਛਲੇ 2-3 ਦਿਨਾਂ ਤੋਂ ਦਰਿਆਵਾਂ ਵਿਚ ਪਾਣੀ ਦਾ ਪੱਧਰ ਨਾ ਵਧਣ ਕਾਰਨ ਕੁਝ ਰਾਹਤ ਮਿਲੀ ਸੀ ਅਤੇ ਜਨਜੀਵਨ ਵੀ ਲੀਹ 'ਤੇ ਆਉਣਾ ਸ਼ੁਰੂ ਹੋ ਗਿਆ ਸੀ, ਪਰ ਹੁਣ ਮੁੜ ਮੀਂਹ ਪੈਣ ਕਾਰਨ ਪੰਜਾਬ ਦੇ ਦਰਿਆਵਾਂ ਵਿਚ ਪਾਣੀ ਦਾ ਪੱਧਰ ਵੱਧ ਸਕਦਾ ਹੈ। ਪਹਿਲਾਂ ਹੀ ਬਿਆਸ, ਰਾਵੀ ਅਤੇ ਸਤਲੁਜ ਦਰਿਆ ਤੇਜ਼ ਰਫ਼ਤਾਰ ਨਾਲ ਵਹਿ ਰਹੇ ਹਨ ਅਤੇ ਹੁਣ ਇਨ੍ਹਾਂ ਵਿੱਚ ਪਾਣੀ ਹੋਰ ਵਧ ਸਕਦਾ ਹੈ।

ਭਾਖੜਾ ਵਿੱਚ ਪਾਣੀ ਦਾ ਪੱਧਰ ਸਥਿਰ, ਪੌਂਗ ਤੋਂ ਪਾਣੀ ਛੱਡਿਆ ਗਿਆ:ਡੈਮਾਂ ਵਿੱਚ ਪਾਣੀ ਦੇ ਪੱਧਰ ਨੂੰ ਕੰਟਰੋਲ ਕਰਨ ਲਈ ਲਗਾਤਾਰ ਪਾਣੀ ਛੱਡਿਆ ਜਾ ਰਿਹਾ ਹੈ। ਹਾਲਾਂਕਿ ਮੰਗਲਵਾਰ ਨੂੰ ਭਾਖੜਾ ਡੈਮ 'ਚ ਪਾਣੀ ਦਾ ਪੱਧਰ ਨਹੀਂ ਵਧਿਆ। ਭਾਖੜਾ 'ਚ ਪਾਣੀ ਦਾ ਪੱਧਰ 1656 'ਤੇ ਸਥਿਰ ਹੈ, ਜਦਕਿ ਇੱਥੇ ਖ਼ਤਰੇ ਦਾ ਨਿਸ਼ਾਨ 1680 ਫੁੱਟ ਹੈ, ਜੋ ਸਿਰਫ਼ 24 ਫੁੱਟ ਹੇਠਾਂ ਹੈ। ਡੈਮ ਵਿੱਚ ਪਿੱਛੇ ਤੋਂ 54291 ਕਿਊਸਿਕ ਪਾਣੀ ਆ ਰਿਹਾ ਹੈ। ਮੈਨੇਜਮੈਂਟ ਨੇ ਡੈਮ ਦੀਆਂ ਸਾਰੀਆਂ ਟਰਬਾਈਨਾਂ ਚਲਾ ਕੇ 40387 ਕਿਊਸਿਕ ਪਾਣੀ ਛੱਡਿਆ ਹੈ।

ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਪੌਂਗ ਡੈਮ ਵਿੱਚ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ। ਬਿਆਸ ਦਰਿਆ 'ਤੇ ਬਣੇ ਇਸ ਡੈਮ 'ਚ ਪਾਣੀ ਦਾ ਪੱਧਰ 1677 ਫੁੱਟ 'ਤੇ ਹੈ। ਇਸ ਡੈਮ ਦੀ ਸਮਰੱਥਾ 1430 ਫੁੱਟ ਹੈ ਪਰ ਪਾਣੀ ਦੇ ਵਹਾਅ ਨੂੰ ਦੇਖਦੇ ਹੋਏ ਪੂਰਾ ਗੇਟ 1690 'ਤੇ ਖੋਲ੍ਹ ਦਿੱਤਾ ਗਿਆ ਹੈ। ਫਿਲਹਾਲ ਪ੍ਰਬੰਧਕਾਂ ਨੇ ਕੁਝ ਗੇਟ ਖੋਲ੍ਹ ਕੇ ਸਾਰੀਆਂ ਟਰਬਾਈਨਾਂ ਚਾਲੂ ਕਰ ਦਿੱਤੀਆਂ ਹਨ, ਜਿਨ੍ਹਾਂ ਰਾਹੀਂ 39602 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ।

ਮਾਨਸਾ ਵਿੱਚ ਘੱਗਰ ਦਰਿਆ ਦਾ ਕਹਿਰ: ਸਰਦੂਲਗੜ੍ਹ 'ਚ ਘੱਗਰ ਦੇ ਕਹਿਰ ਕਾਰਨ ਪਿੰਡਾਂ ਵਿੱਚ ਪਾਣੀ ਆ ਗਿਆ ਜਿਸ ਨੇ ਲੋਕਾਂ ਨੂੰ ਘਰੋਂ ਬੇਘਰ ਕਰ ਦਿੱਤਾ ਹੈ। ਮੌਕੇ ਉੱਤੇ ਲੋਕਾਂ ਨੂੰ ਸੁਰੱਖਿਅਤ ਥਾਵਾਂ ਉੱਤੇ ਪਹੁੰਚਾਇਆ ਗਿਆ। ਹੁਣ ਜਦੋਂ ਹਾਲਾਤ ਆਮ ਹੋਏ ਹਨ, ਤਾਂ ਕਈ ਪਰਿਵਾਰ ਮੁੜ ਤੋਂ ਆਪਣੇ ਘਰਾਂ ਵਿੱਚ ਰਹਿਣ ਬਸੇਰਾ ਕਰਨ ਤੋਂ ਵੀ ਡਰ ਰਹੇ ਹਨ, ਕਿਉਂਕਿ ਉਨ੍ਹਾਂ ਦੇ ਘਰਾਂ ਵਿੱਚ ਦਰਾਰਾਂ ਪੈ ਚੁੱਕੀਆਂ ਹਨ ਤੇ ਕਈ ਘਰ ਡਿੱਗ ਚੁੱਕੇ ਹਨ। ਘਰਾਂ ਦੇ ਅੰਦਰ ਹੜ੍ਹ ਦਾ ਮਲਬਾ ਇੱਕਠਾ ਹੋ ਚੁੱਕਾ ਹੈ। ਹੁਣ ਇਕ ਪੀੜਤ ਪਰਿਵਾਰ ਨੇ ਸਰਕਾਰ ਕੋਲੋਂ ਮੁਆਵਜ਼ੇ ਦੀ ਮੰਗ ਕੀਤੀ ਹੈ, ਤਾਂ ਜੋ ਉਹ ਅਪਣੇ ਘਰ ਦੀ ਮੁਰੰਮਤ ਕਰਵਾ ਸਕਣ।

ਹੁਣ ਤੱਕ ਹੜ੍ਹਾਂ ਕਾਰਨ 41 ਲੋਕਾਂ ਦੀ ਮੌਤ :ਪੰਜਾਬ ਸਰਕਾਰ ਦੇ ਅੰਕੜਿਆਂ ਅਨੁਸਾਰ ਸੂਬੇ ਵਿੱਚ ਆਏ ਭਿਆਨਕ ਹੜ੍ਹਾਂ ਵਿੱਚ ਹੁਣ ਤੱਕ 41 ਲੋਕਾਂ ਦੀ ਮੌਤ ਹੋ ਚੁੱਕੀ ਹੈ। 173 ਰਾਹਤ ਕੈਂਪਾਂ ਵਿਚ 1616 ਲੋਕ ਅਜੇ ਵੀ ਰਹਿ ਰਹੇ ਹਨ। ਹੜ੍ਹਾਂ ਨਾਲ ਪ੍ਰਭਾਵਿਤ 19 ਜ਼ਿਲ੍ਹੇ ਤਰਨਤਾਰਨ, ਫਿਰੋਜ਼ਪੁਰ, ਫਤਿਹਗੜ੍ਹ ਸਾਹਿਬ, ਫਰੀਦਕੋਟ, ਹੁਸ਼ਿਆਰਪੁਰ, ਰੂਪਨਗਰ, ਕਪੂਰਥਲਾ, ਪਟਿਆਲਾ, ਮੋਗਾ, ਲੁਧਿਆਣਾ, ਐਸਏਐਸ ਨਗਰ, ਜਲੰਧਰ, ਸੰਗਰੂਰ, ਐਸਬੀਐਸ ਨਗਰ, ਫਾਜ਼ਿਲਕਾ, ਗੁਰਦਾਸਪੁਰ, ਮਾਨਸਾ, ਬਠਿੰਡਾ ਅਤੇ ਪਠਾਨਕੋਟ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਸਰਕਾਰ ਅਤੇ ਬਚਾਅ ਏਜੰਸੀਆਂ ਨੇ ਪਾਣੀ ਭਰੇ ਇਲਾਕਿਆਂ ਤੋਂ 27,286 ਲੋਕਾਂ ਨੂੰ ਬਚਾਇਆ ਹੈ। ਮਾਲ ਵਿਭਾਗ ਦੀ ਰਿਪੋਰਟ ਮੁਤਾਬਕ ਹੜ੍ਹ 'ਚ 41 ਲੋਕਾਂ ਦੀ ਮੌਤ ਹੋ ਚੁੱਕੀ ਹੈ।

ABOUT THE AUTHOR

...view details