ਲੁਧਿਆਣਾ :ਪਾਵਰਕੌਮ ਦੇ ਠੇਕੇ ਉੱਤੇ ਭਰਤੀ ਮੁਲਾਜਮਾਂ ਵੱਲੋਂ ਅੱਜ ਲੁਧਿਆਣਾ ਵਿੱਚ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਭਾਰਤ ਨਗਰ ਚੌਂਕ ਨੂੰ ਪੂਰੀ ਤਰ੍ਹਾਂ ਜਾਮ ਕਰ ਦਿੱਤਾ ਗਿਆ। ਇਸ ਦੌਰਾਨ ਟਰੈਫਿਕ ਦੀਆਂ ਬਰੇਕਾਂ ਲੱਗ ਗਈਆਂ ਅਤੇ ਮੌਕੇ ਉੱਤੇ ਪਹੁੰਚੀ ਪੁਲਿਸ ਨੂੰ ਰੂਟ ਡਾਈਵਰਟ ਕਰਵਾਉਣਾ ਪਿਆ। ਪਾਵਰਕੌਮ ਦੇ ਮੁਲਾਜ਼ਮਾਂ ਦੇ ਨਾਲ ਉਹ ਪਰਿਵਾਰ ਸਨ ਜਿਨ੍ਹਾਂ ਦੇ ਆਪਣਿਆਂ ਦੀ ਕਰੰਟ ਲੱਗਣ ਕਰਕੇ ਬੀਤੇ ਸਾਲਾਂ ਦੇ ਦੌਰਾਨ ਮੌਤ ਹੋ ਗਈ ਸੀ। ਉਹਨਾਂ ਦੇ ਪਰਿਵਾਰਕ ਮੈਂਬਰ ਆਪਣੇ ਬੱਚਿਆਂ ਨੂੰ ਲੈ ਕੇ ਪਹੁੰਚੇ ਅਤੇ ਕਿਹਾ ਕਿ ਉਹਨਾਂ ਨੂੰ ਹਾਲੇ ਤੱਕ ਇਹ ਮੁਆਵਜ਼ਾ ਨਹੀਂ ਮਿਲਿਆ ਅਤੇ ਨਾ ਹੀ ਉਨ੍ਹਾਂ ਦੇ ਪਰਿਵਾਰ ਵਿਚੋਂ ਕਿਸੇ ਨੂੰ ਨੌਕਰੀ ਮਿਲੀ
ਮੁੱਖ ਮੰਤਰੀ ਨਾਲ ਨਹੀਂ ਹੋ ਰਹੀ ਮੀਟਿੰਗ : ਗੱਲਬਾਤ ਕਰਦਿਆਂ ਪਾਵਰਕੌਮ ਠੇਕਾ ਮੁਲਾਜ਼ਮ ਦੇ ਸੂਬਾ ਪ੍ਰਧਾਨ ਬੰਜਾਰ ਸਿੰਘ ਨੇ ਦੱਸਿਆ ਕਿ 9 ਵਾਰ ਭਗਵੰਤ ਮਾਨ ਦੇ ਨਾਲ ਉਨ੍ਹਾਂ ਦੀ ਬੈਠਕ ਦਾ ਸਮਾਂ ਤੈਅ ਕੀਤਾ ਗਿਆ ਪਰ ਉਨ੍ਹਾਂ ਨਾਲ ਮੁੱਖ ਮੰਤਰੀ ਨੇ ਬੈਠਕ ਨਹੀਂ ਕੀਤੀ, ਜਿਸ ਕਰਕੇ ਮਜਬੂਰੀਵਸ ਉਹਨਾਂ ਨੂੰ ਧਰਨੇ ਪ੍ਰਦਰਸ਼ਨ ਕਰਨੇ ਪੈ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਅੱਜ ਉਹ ਭਾਰਤ ਨਗਰ ਚੌਂਕ ਜਾਮ ਕਰਕੇ ਬੈਠੇ ਹਨ। ਮੁਖ ਮੰਤਰੀ ਜੇਕਰ ਉਨ੍ਹਾਂ ਦਾ ਇਮਤਿਹਾਨ ਲੈ ਰਹੇ ਨੇ ਤਾਂ ਏਦਾਂ ਈ ਸਹੀ। ਉਨ੍ਹਾਂ ਕਿਹਾ ਕਿ ਸਾਡੀਆਂ ਮੁੱਖ ਮੰਗਾਂ ਹਨ ਜਿਨ੍ਹਾਂ ਵਿਚ ਸਾਡੇ ਜਿਹੜੇ ਵਰਕਰਾਂ ਦੀ ਕਰੰਟ ਲੱਗਣ ਕਾਰਨ ਮੌਤ ਹੋਈ ਹੈ, ਉਹਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦਿੱਤਾ ਜਾਵੇ। ਮੈਂਬਰਾਂ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। ਉਨ੍ਹਾਂ ਦੇ ਪਰਿਵਾਰ ਵਿੱਚੋਂ ਇੱਕ ਜੀ ਨੂੰ ਪੱਕਾ ਕੀਤਾ ਜਾਵੇ।