ਚੰਡੀਗੜ੍ਹ :ਪੰਜਾਬ ਪੁਲਿਸ ਨੇ ਸੂਬੇ ਵਿਚ ਕਰਫਿਊ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਹੋਰ ਸਖ਼ਤਾਈ ਕਰਨ ਦੇ ਮੱਦੇਨਜ਼ਰ ਡਰੋਨ ਨਿਗਰਾਨੀ ਸ਼ੁਰੂ ਕੀਤੀ ਹੈ। ਇਸ ਨਾਲ ਕਾਲਾ ਬਾਜ਼ਾਰੀ ਕਰਨ ਵਾਲਿਆਂ ਅਤੇ ਜਮ੍ਹਾਂਖੋਰਾਂ `ਤੇ ਭਾਰੀ ਰੋਕ ਲਗੇਗੀ।
ਡੀਜੀਪੀ ਦਿਨਕਰ ਗੁਪਤਾ ਨੇ ਸ਼ੁੱਕਰਵਾਰ ਸ਼ਾਮ ਨੂੰ ਦੱਸਿਆ ਕਿ ਸ਼ੁੱਕਰਵਾਰ ਨੂੰ ਕੁੱਲ 62 ਇਕਾਈਆਂ `ਤੇ ਛਾਪੇ ਮਾਰੇ ਗਏ ਅਤੇ ਇਨ੍ਹਾਂ ਵਿਚ 23 ਇਕਾਈਆਂ ਕਾਲਾ ਬਜ਼ਾਰੀ ਤੇ ਜਮ੍ਹਾਂਖੋਰੀ ਵਿਚ ਸ਼ਾਮਲ ਪਾਈਆਂ ਗਈਆਂ। ਜਿਨ੍ਹਾਂ ਵਿਚ ਗੁਰਦਾਸਪੁਰ (10), ਪਠਾਨਕੋਟ (4), ਕਪੂਰਥਲਾ (4) ਅਤੇ ਜਲੰਧਰ ਦੀ 5 ਇਕਾਈਆਂ ਸ਼ਾਮਲ ਹਨ।ਉਨ੍ਹਾਂ ਦੱਸਿਆ ਕਿ ਇਸ ਇਲਾਵਾ ਫਿਰੋਜ਼ਪੁਰ ਵਿੱਚ ਪੰਜ ਹੋਰ ਚਲਾਨ ਕੀਤੇ ਗਏ ਅਤੇ ਬਣਦੀ ਕਾਰਵਾਈ ਤੋਂ ਬਾਅਦ ਜ਼ੁਰਮਾਨਾ ਲਗਾਇਆ ਗਿਆ।
ਵੀਰਵਾਰ ਨੂੰ ਸ਼ੁਰੂ ਕੀਤੀ ਡਰੋਨ ਨਿਗਰਾਨੀ ਸਬੰਧੀ ਦੱਸਦਿਆਂ ਡੀਜੀਪੀ ਨੇ ਕਿਹਾ ਕਿ ਡਰੋਨ ਹੁਣ ਤੱਕ ਮੁਹਾਲੀ, ਸੰਗਰੂਰ, ਫਾਜ਼ਿਲਕਾ, ਹੁਸ਼ਿਆਰਪੁਰ, ਐਸ ਬੀ ਐਸ ਨਗਰ, ਬਰਨਾਲਾ, ਜਲੰਧਰ (ਦਿਹਾਤੀ), ਮੋਗਾ, ਰੋਪੜ ਅਤੇ ਫਤਿਹਗੜ ਸਾਹਿਬ ਵਰਗੇ 10 ਜ਼ਿਲ੍ਹਿਆਂ ਵਿੱਚ 34 ਥਾਵਾਂ ‘ਤੇ ਤਾਇਨਾਤ ਕੀਤੇ ਗਏ ਹਨ।
ਕਰਫਿਊ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ, ਮਨੁੱਖੀ ਸ਼ਕਤੀ ਦੀ ਕੁਸ਼ਲ ਢੰਗ ਨਾਲ ਵਰਤੋਂ ਕਰਨ ਅਤੇ ਵੱਡੇ ਖੇਤਰਾਂ ਦੀ ਕਵਰੇਜ ਲਈ ਡ੍ਰੋਨ ਨਿਗਰਾਨੀ ਬਹੁਤ ਪ੍ਰਭਾਵਸ਼ਾਲੀ ਪਾਈ ਗਈ, ਸ਼ੁੱਕਰਵਾਰ ਸ਼ਾਮ ਤੱਕ 15 ਐਫ.ਆਈ.ਆਰਜ਼. ਦਰਜ ਕੀਤੀਆਂ ਗਈਆਂ ਅਤੇ ਉਲੰਘਣਾ ਕਰਨ ਵਾਲੇ 20 ਵਾਹਨਾਂ ਨੂੰ ਕਬਜੇ ਵਿੱਚ ਲਿਆ ਗਿਆ।