ਅੰਮ੍ਰਿਤਸਰ: ਅੱਜ ਦੇ ਦੌਰ ਵਿਚ ਜ਼ਿਆਦਾਤਰ ਮਾਂ-ਬਾਪ ਇਕਲੌਤਾ ਬੱਚਾ ਰੱਖਣ ਦੇ ਚਾਹਵਾਨ ਹੁੰਦੇ ਹਨ। ਪਰ ਇਕਲੌਤੇ ਬੱਚੇ ਦੇ ਮਾਂ ਬਾਪ ਆਪਣੇ ਬੱਚੇ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਚਿੰਤਾਵਾਂ ਵਿੱਚ ਘਿਰੇ ਰਹਿੰਦੇ ਹਨ। ਇਕਲੌਤਾ ਬੱਚਾ ਅਕਸਰ ਲਾਡਲਾ ਹੁੰਦਾ ਹੈ ਜਿਸ ਲਈ ਮਾਂ-ਬਾਪ ਉਸ ਦੀ ਹਰ ਇੱਛਾ ਪੂਰੀ ਕਰਨ ਵਿਚ ਤਤਪਰ ਰਹਿੰਦੇ ਹਨ। ਧਿਆਨ ਦੇਣ ਯੋਗ ਹੈ ਕਿ ਇਕਲੌਤੇ ਬੱਚੇ ਦੀ ਪਰਵਰਿਸ਼ ਵਿੱਚ ਕਦੇ ਵੀ ਅਣਗਹਿਲੀ ਨਹੀਂ ਕਰਨੀ ਚਾਹੀਦੀ। ਮਾਨਸਿਕ ਰੋਗਾਂ ਦੇ ਮਾਹਿਰ ਡਾਕਟਰ ਮਨੀਸ਼ ਅਗਰਵਾਲ ਦਾ ਕਹਿਣਾ ਹੈ ਕਿ ਇਕਲੌਤੇ ਬੱਚੇ ਦੀ ਪਰਵਰਿਸ਼ ਦੂਜੇ ਬੱਚਿਆਂ ਦੇ ਮੁਕਾਬਲੇ ਜ਼ਿਆਦਾ ਧਿਆਨ ਨਾਲ ਕੀਤੀ ਜਾਣੀ ਬਹੁਤ ਜ਼ਰੂਰੀ ਹੈ। ਮਾਪਿਆਂ ਨੂੰ ਛੋਟੀਆਂ ਛੋਟੀਆਂ ਗੱਲਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ। ਇਕਲੌਤਾ ਬੱਚੇ ਨੂੰ ਕਦੇ ਵੀ ਇਕੱਲਾ ਨਾ ਛੱਡੋ ਅਤੇ ਦੂਜੇ ਬੱਚਿਆਂ ਨਾਲ ਮਿਲਜੁਲ ਕੇ ਖੇਡਣ ਦੀ ਆਦਤ ਪਾਓ ਤਾਂ ਕਿ ਉਸ ਨੂੰ ਬਾਕੀ ਲੋਕਾਂ ਨਾਲ ਅਤੇ ਸਮਾਜ ਵਿੱਚ ਵਿਚਰਣ ਦੀਆਂ ਕਦਰਾਂ ਕੀਮਤਾਂ ਦਾ ਪਤਾ ਲੱਗ ਸਕੇ। ਬੱਚਿਆਂ ਦੀ ਛੋਟੀਆਂ ਛੋਟੀਆਂ ਲੋੜਾਂ ਦਾ ਧਿਆਨ ਰੱਖੋ ਪਰ ਲੋੜ ਤੋਂ ਜ਼ਿਆਦਾ ਨਹੀਂ।
ਬੱਚੇ ਨੂੰ ਆਪਣੇ ਕੰਮ ਆਪ ਕਰਨ ਦੀ ਆਦਤ ਪਾਓ: ਡਾ. ਅਗਰਵਾਲ ਦਾ ਕਹਿਣਾ ਹੈ ਕਿ ਮਾਂ ਬਾਪ ਇਕਲੌਤੇ ਬੱਚੇ ਨੂੰ ਹੱਦ ਤੋਂ ਜ਼ਿਆਦਾ ਪਿਆਰ ਕਰਦੇ ਹਨ ਜੋ ਕਿ ਉਸ ਦੀ ਮਾਨਸਿਕ ਸਿਹਤ ਲਈ ਠੀਕ ਨਹੀਂ। ਹੱਦ ਤੋਂ ਜ਼ਿਆਦਾ ਪਿਆਰ ਬੱਚੇ ਨੂੰ ਮਾਨਸਿਕ ਤੌਰ ’ਤੇ ਕਮਜ਼ੋਰ ਬਣਾ ਦਿੰਦਾ ਹੈ। ਉਸ ਦੀ ਹਰ ਜ਼ਿੱਦ ਪੂਰੀ ਕਰਨਾ ਠੀਕ ਨਹੀਂ, ਬੱਚੇ ਦੀ ਹਰੇਕ ਦ ਜ਼ਿੱਪੂਰੀ ਕਰਨਾ ਸੰਭਵ ਨਹੀਂ ਕਈ ਵਾਰ ਉਹਨਾਂ ਦੀ ਮੰਗ ਪਹੁੰਚ ਤੋਂ ਦੂਰ ਹੁੰਦੀ ਹੈ। ਡਾਕਟਰ ਮਨੀਸ਼ ਅਗਰਵਾਲ ਦਾ ਕਹਿਣਾ ਹੈ ਕਿ ਅਕਸਰ ਮਾਂ ਬਾਪ ਬੱਚਿਆਂ ਦੇ ਕੰਮ ਖੁਦ ਕਰਦੇ ਹਨ ਅਜਿਹਾ ਕਰਨਾ ਠੀਕ ਨਹੀਂ। ਬੱਚੇ ਨੂੰ ਆਪਣੇ ਕੰਮ ਆਪ ਕਰਨ ਦੀ ਆਦਤ ਪਾਓ। ਬੱਚੇ ਨੂੰ ਤਿਆਰ ਹੋਣ ਤੋਂ ਲੈ ਕੇ ਰੋਟੀ ਖਾ ਕੇ ਭਾਂਡੇ ਚੁੱਕਣ ਤੱਕ ਨਿੱਕੇ ਨਿੱਕੇ ਕੰਮ ਕਰਨ ਦੀ ਆਦਤ ਪਾਓ।