ਨਵਜੋਤ ਕੌਰ ਸਿੱਧੂ ਦਾ ਪਵਨ ਕੁਮਾਰ ਬਾਂਸਲ ਤੇ ਅਸਿੱਧਾ ਹਮਲਾ, ਚੰਡੀਗੜ੍ਹ ਕਾਂਗਰਸ ਵਿੱਚ ਧੜੇਬਾਜ਼ੀ ਨਜ਼ਰ ਆਈ
ਚੰਡੀਗੜ੍ਹ ਦੀ ਸਾਬਕਾ ਮੇਅਰ ਪੂਨਮ ਸ਼ਰਮਾ ਕਾਂਗਰਸ ਭਵਨ ਬਾਹਰ ਧਰਨੇ ਤੇ ਬੈਠੀ। ਸਾਬਕਾ ਮੇਅਰ ਨੇ ਇਲਜ਼ਾਮ ਲਗਾਇਆ ਕਿ ਪਵਨ ਕੁਮਾਰ ਬੰਸਲ ਨੇ ਚੰਡੀਗੜ੍ਹ ਵਿੱਚ ਹੋਣ ਵਾਲੇ ਨਵਜੋਤ ਕੌਰ ਸਿੱਧੂ ਦੇ ਪ੍ਰੋਗਰਾਮ ਨੂੰ ਰੱਦ ਕਰਵਾਉਣ ਦੀ ਸਾਜਸ਼ ਘੜੀ।
ਧਰਨੇ ਤੇ ਬੈਠੀ ਪੂਨਮ ਸ਼ਰਮਾ
ਚੰਡੀਗੜ੍ਹ: ਸ਼ੁੱਕਰਵਾਰ ਨੂੰ ਚੰਡੀਗੜ੍ਹ ਕਾਂਗਰਸ ਦੀ ਧੜੇਬੰਦੀ ਸਾਫ਼ ਨਜ਼ਰ ਆਈ। ਕਾਂਗਰਸ ਭਵਨ ਦੇ ਬਾਹਰ ਪਾਰਟੀ ਦੇ ਕੁੱਝ ਆਗੂਆਂ ਅਤੇ ਸਮਰਥਕਾਂ ਵੱਲੋਂ ਜਮ ਕੇ ਡਰਾਮਾ ਕੀਤਾ ਗਿਆ ਅਤੇ ਇਸ ਦੇ ਮੁੱਖ ਕਿਰਦਾਰ ਰਹੇ ਪੂਨਮ ਸ਼ਰਮਾ।
ਪੂਨਮ ਸ਼ਰਮਾ ਨੇ ਚੰਡੀਗੜ੍ਹ ਤੋਂ ਸਾਬਕਾ ਸੰਸਦ ਮੈਂਬਰ ਪਵਨ ਕੁਮਾਰ ਬੰਸਲ ਖਿਲਾਫ਼ ਸਿੱਧੇ ਤੌਰ ਤੇ ਇਲਜ਼ਾਮ ਲਾਇਆ ਕਿ ਪਵਨ ਕੁਮਾਰ ਬੰਸਲ ਵੱਲੋਂ ਨਵਜੋਤ ਕੌਰ ਸਿੱਧੂ ਦੇ ਪ੍ਰੋਗਰਾਮ ਨੂੰ ਰੱਦ ਕਰਵਾਉਣ ਦੀ ਸਾਜ਼ਿਸ਼ ਘੜੀ ਗਈ ਹੈ।
ਦਰਅਸਲ 8 ਮਾਰਚ ਨੂੰ ਮਹਿਲਾ ਦਿਵਸ ਮੌਕੇ ਕਾਂਗਰਸ ਭਵਨ ਵਿੱਚ ਨਵਜੋਤ ਕੌਰ ਸਿੱਧੂ ਦਾ ਪ੍ਰੋਗਰਾਮ ਸੀ ਪਰ ਇਸ ਤੋਂ ਪਹਿਲਾਂ ਹੀ ਕਾਂਗਰਸ ਦਫ਼ਤਰ ਦੇ ਬਾਹਰ ਜਿੰਦਰਾ ਲਾ ਦਿੱਤਾ ਗਿਆ। ਪੂਨਮ ਸ਼ਰਮਾ ਦਾ ਇਲਜ਼ਾਮ ਹੈ ਕਿ ਇਹ ਜਿੰਦਰਾ ਪਵਨ ਕੁਮਾਰ ਬਾਂਸਲ ਅਤੇ ਉਨ੍ਹਾਂ ਦੇ ਸਮਰਥਕਾਂ ਵੱਲੋਂ ਲਾਇਆ ਗਿਆ ਹੈ, ਜੋ ਕਿ ਸਰਾਸਰ ਗ਼ਲਤ ਹੈ।
ਇਸ ਦੇ ਵਿਰੋਧ ਵਿੱਚ ਪੂਨਮ ਸ਼ਰਮਾ ਕਾਂਗਰਸ ਦਫ਼ਤਰ ਬਾਹਰ ਹੀ ਧਰਨੇ ਤੇ ਬੈਠ ਗਈ ਅਤੇ ਪਵਨ ਕੁਮਾਰ ਬੰਸਲ ਤੇ ਜਮ ਕੇ ਭੜਾਸ ਕੱਢੀ।
ਦੱਸ ਦਈਏ ਕਿ ਲੋਕ ਸਭਾ ਚੋਣਾਂ ਲਈ ਚੰਡੀਗੜ੍ਹ ਦੀ ਕਾਂਗਰਸ ਦੀ ਟਿਕਟ ਹਾਸਲ ਕਰਨ ਲਈ ਪਾਰਟੀ ਅੰਦਰ ਜੰਗ ਛਿੜੀ ਹੋਈ ਹੈ। ਇੱਕ ਪਾਸੇ ਪਵਨ ਕੁਮਾਰ ਬਾਂਸਲ ਆਪਣੀ ਟਿਕਟ ਦੀ ਦਾਅਵੇਦਾਰੀ ਜਤਾ ਰਹੇ ਨੇ ਤੇ ਦੂਜੇ ਪਾਸੇ ਨਵਜੋਤ ਕੌਰ ਸਿੱਧੂ ਲੋਕਾਂ ਨਾਲ ਮੁਲਾਕਾਤ ਕਰ ਰਹੇ ਨੇ।