Charanjit Singh Atwal Join BJP: ਪੰਜਾਬ ਦੇ ਸਾਬਕਾ ਸਪੀਕਰ ਚਰਨਜੀਤ ਸਿੰਘ ਅਟਵਾਲ ਭਾਜਪਾ ਵਿੱਚ ਸ਼ਾਮਲ ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਚਰਨਜੀਤ ਸਿੰਘ ਅਟਵਾਲ ਨੇ ਬੁੱਧਵਾਰ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਸੀ ਤੇ ਅੱਜ ਉਨ੍ਹਾਂ ਨੇ ਭਾਜਪਾ ਦਾ ਪੱਲਾ ਫੜ ਲਿਆ ਹੈ। ਅਟਵਾਲ ਜੇਪੀ ਨੱਡਾ ਦੀ ਅਗਵਾਈ ਹੇਠ ਭਾਜਪਾ ਵਿੱਚ ਸ਼ਾਮਲ ਹੋਏ ਹਨ। ਕੁਝ ਦਿਨ ਪਹਿਲਾਂ ਉਨ੍ਹਾਂ ਦਾ ਪੁੱਤਰ ਇੰਦਰ ਇਕਬਾਲ ਸਿੰਘ ਅਟਵਾਲ ਭਾਜਪਾ 'ਚ ਸ਼ਾਮਲ ਹੋਇਆ ਸੀ। ਭਾਜਪਾ ਨੇ ਹਾਲ ਹੀ ਵਿੱਚ ਅਕਾਲੀ ਦਲ ਛੱਡ ਕੇ ਆਏ ਇੰਦਰ ਇਕਬਾਲ ਸਿੰਘ ਅਟਵਾਲ ਨੂੰ ਜਲੰਧਰ ਲੋਕ ਸਭਾ ਜ਼ਿਮਨੀ ਚੋਣ ਲਈ ਆਪਣਾ ਉਮੀਦਵਾਰ ਬਣਾਇਆ ਹੈ।
ਬੀਤੇ ਦਿਨੀਂ ਦਿੱਤਾ ਸੀ ਅਸਤੀਫਾ : ਦੱਸ ਦਈਏ ਕਿ ਚਰਨਜੀਤ ਸਿੰਘ ਅਟਵਾਲ ਨੇ ਬੁੱਧਵਾਰ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਸੀ। ਚਰਨਜੀਤ ਸਿੰਘ ਅਟਵਾਲ 2004 ਤੋਂ 2009 ਤੱਕ ਲੋਕ ਸਭਾ ਦੇ ਡਿਪਟੀ ਸਪੀਕਰ ਰਹੇ। ਉਹ ਕਿਸੇ ਸਮੇਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਕਰੀਬੀ ਮੰਨੇ ਜਾਂਦੇ ਸਨ। ਚਰਨਜੀਤ ਸਿੰਘ ਅਟਵਾਲ ਨੇ ਕਿਹਾ ਕਿ ਉਨ੍ਹਾਂ ਨੇ ਨੈਤਿਕ ਆਧਾਰ 'ਤੇ ਅਕਾਲੀ ਦਲ ਨੂੰ ਛੱਡ ਕੇ ਉਨ੍ਹਾਂ ਦੇ ਪੁੱਤਰ ਅਤੇ ਪਰਿਵਾਰ ਦੇ ਹੋਰ ਮੈਂਬਰ ਭਾਜਪਾ 'ਚ ਸ਼ਾਮਲ ਹੋ ਗਏ ਹਨ।
ਪਾਰਟੀ ਛੱਡਣ ਲੱਗਿਆਂ ਅਟਵਾਲ ਦਾ ਬਿਆਨ :ਚਰਨਜੀਤ ਸਿੰਘ ਅਟਵਾਲ ਨੇ ਕਿਹਾ, ‘ਮੈਂ ਅਕਾਲੀ ਦਲ ਨੂੰ ਪੱਤਰ ਲਿਖਿਆ ਹੈ ਕਿ ਮੈਂ ਅੱਜ ਮੁੱਢਲੀ ਮੈਂਬਰਸ਼ਿਪ ਅਤੇ ਹੋਰ ਜ਼ਿੰਮੇਵਾਰੀਆਂ ਤੋਂ ਅਸਤੀਫਾ ਦੇ ਦਿੱਤਾ ਹੈ। ਮੈਂ ਅਜਿਹਾ ਇਸ ਲਈ ਕੀਤਾ ਕਿਉਂਕਿ ਮੈਨੂੰ ਲੱਗਦਾ ਹੈ ਕਿ ਮੇਰੇ ਪੁੱਤਰ ਇੰਦਰ ਇਕਬਾਲ ਸਿੰਘ, ਜਸਜੀਤ ਸਿੰਘ ਅਤੇ ਮੇਰੇ ਭਤੀਜੇ ਸੁਖਜਿੰਦਰਜੀਤ ਸਿੰਘ ਅਕਾਲੀ ਦਲ ਛੱਡ ਕੇ ਭਾਜਪਾ ਵਿਚ ਸ਼ਾਮਲ ਹੋ ਗਏ ਹਨ।
ਇਹ ਵੀ ਪੜ੍ਹੋ :Ludhiana Gas leak case: ਮੈਜਿਸਟ੍ਰੇਟ ਪੱਧਰ ਦੀ ਜਾਂਚ ਰਿਪੋਰਟ ਵਿੱਚ ਫੈਕਟਰੀ ਨੂੰ ਕਲੀਨ ਚਿੱਟ, ਹਾਈਡ੍ਰੋਜਨ ਸਲਫਾਈਡ ਗੈਸ ਨੂੰ ਦੱਸਿਆ ਮੌਤਾਂ ਦਾ ਕਾਰਨ
ਜਲੰਧਰ ਜ਼ਿਮਨੀ ਚੋਣ ਨੂੰ ਦੱਸਿਆ ਦੂਜਾ ਕਾਰਨ : ਅਟਵਾਲ ਨੇ ਕਿਹਾ, "ਦੂਜਾ, ਮੇਰਾ ਵੱਡਾ ਬੇਟਾ ਇੰਦਰ ਇਕਬਾਲ ਸਿੰਘ ਜਲੰਧਰ ਲੋਕ ਸਭਾ ਉਪ ਚੋਣ ਵਿੱਚ ਭਾਜਪਾ ਦਾ ਉਮੀਦਵਾਰ ਹੈ। ਨੈਤਿਕ ਤੌਰ 'ਤੇ, ਮੈਨੂੰ ਲੱਗਦਾ ਹੈ ਕਿ ਅਕਾਲੀ ਦਲ ਛੱਡਣਾ ਜ਼ਰੂਰੀ ਸੀ।" ਦੱਸ ਦੇਈਏ ਕਿ ਜਲੰਧਰ ਸੰਸਦੀ ਸੀਟ ਲਈ 10 ਮਈ ਨੂੰ ਵੋਟਾਂ ਪੈਣਗੀਆਂ, ਜਦਕਿ ਵੋਟਾਂ ਦੀ ਗਿਣਤੀ 13 ਮਈ ਨੂੰ ਹੋਵੇਗੀ। ਜਨਵਰੀ 'ਚ ਭਾਰਤ ਜੋੜੋ ਯਾਤਰਾ ਦੌਰਾਨ ਕਾਂਗਰਸੀ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਦੀ ਮੌਤ ਹੋ ਜਾਣ ਕਾਰਨ ਇਸ ਸੀਟ 'ਤੇ ਉਪ ਚੋਣ ਹੋ ਰਹੀ ਹੈ।