ਚੰਡੀਗੜ੍ਹ: ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਹੈ ਕਿ, ਸੂਬਾ ਸਰਕਾਰ ਸਰਕਾਰੀ ਨੌਕਰੀਆਂ ਵਿੱਚ ਅੰਗਹੀਣ ਬੱਚਿਆਂ ਦਾ ਬੈਕਲਾਗ ਭਰਨ ਲਈ ਵਚਨਬੱਧ ਹੈ ਅਤੇ ਇਸ ਦਿਸ਼ਾ ਵਿੱਚ ਨਿਰੰਤਰ ਕਾਰਜਸ਼ੀਲ ਹੈ।
ਫ਼ੇਜ਼-8 ਸਥਿਤ ਭਾਰਤ ਸਰਕਾਰ ਦੀਆਂ ਵੱਖ ਵੱਖ ਸਕੀਮਾਂ ਅਧੀਨ ਚਲਦੇ ਮੈਂਟਰ ਸਕਿੱਲਜ਼ ਇੰਡੀਆ ਦੇ ਪ੍ਰਧਾਨ ਮੰਤਰੀ ਕੌਸ਼ਲ ਕੇਂਦਰ ਵਿਖੇ ਦਿਵਿਆਂਗ ਵਿਅਕਤੀਆਂ ਦੇ ਕੌਮਾਂਤਰੀ ਦਿਵਸ ਸਬੰਧੀ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਉਨਾਂ ਕਿਹਾ ਕਿ ਸਰਕਾਰ ਦੇ ਅਹਿਮ ਲੋਕ-ਪੱਖੀ ਏਜੰਡਿਆਂ ਵਿੱਚ ਸੂਬੇ ਦੀ ਨੌਜਵਾਨੀ ਨੂੰ ਰੋਜ਼ਗਾਰ ਮੁਹੱਈਆ ਕਰਾਉਣਾ ਇੱਕ ਹੈ।
ਨਾਲ ਹੀ ਉਨ੍ਹਾਂ ਕਿਹਾ ਕਿ, ਪਸ਼ੂ ਪਾਲਣ ਅਤੇ ਕਿਰਤ ਵਿਭਾਗ ਦੇ ਮੰਤਰੀ ਬਣਦਿਆਂ ਹੀ ਉਨਾਂ ਨੇ ਦਿਵਿਆਂਗ ਵਿਅਕਤੀਆਂ ਦਾ ਨੌਕਰੀਆਂ ਦਾ ਬੈਕਲਾਗ ਭਰਿਆ। ਉਨਾਂ ਕਿਹਾ ਕਿ, ਪੰਜਾਬ ਸਰਕਾਰ ਦੀ ਵੱਕਾਰੀ ਘਰ-ਘਰ ਰੋਜ਼ਗਾਰ ਯੋਜਨਾ ਤਹਿਤ ਆਮ ਨੌਜਵਾਨਾਂ ਦੇ ਨਾਲ-ਨਾਲ ਵਿਸ਼ੇਸ਼ ਲੋੜਾਂ ਵਾਲੇ ਵਿਅਕਤੀਆਂ ਨੂੰ ਨੌਕਰੀ ਦਿਵਾਉਣ ਲਈ ਤਰਜੀਹ ਦਿੱਤੀ ਜਾਂਦੀ ਹੈ।
ਉਨਾਂ ਇਸ ਦਿਹਾੜੇ ਮੌਕੇ ਆਪਣੇ ਵੱਡੇ ਭਰਾ ਬਲਦੇਵ ਸਿੰਘ ਸਿੱਧੂ ਦਾ ਉਚੇਚੇ ਤੌਰ ’ਤੇ ਜ਼ਿਕਰ ਕਰਦਿਆਂ ਕਿਹਾ, ‘‘ਮੈਨੂੰ ਦਿਵਿਆਂਗ ਵਿਅਕਤੀਆਂ ਦੀ ਸੇਵਾ ਦੀ ਗੁੜਤੀ ਪਰਿਵਾਰ ਵਿੱਚੋਂ ਮਿਲੀ ਹੈ।’’ ਉਨਾਂ ਦੱਸਿਆ ਕਿ, ਫ਼ੌਜ ਦੇ ਆਲਾ ਅਫ਼ਸਰ ਹੁੰਦਿਆਂ ਉਨਾਂ ਦੇ ਭਰਾ ਜੰਗ ਦੌਰਾਨ ਅਪਾਹਜ ਹੋ ਗਏ ਸਨ ਪਰ ਉਨਾਂ ਨੇ ਹਿੰਮਤ ਨਹੀਂ ਹਾਰੀ ਅਤੇ ਤਾਅ ਉਮਰ ਦਿਵਿਆਂਗ ਵਿਅਕਤੀਆਂ ਦੇ ਹੱਕਾਂ ਲਈ ਲੜਦੇ ਰਹੇ।