ਚੰਡੀਗੜ੍ਹ :ਪੁਲਿਸ ਦੀ ਗ੍ਰਿਫਤ ਤੋਂ ਦੂਰ ਅਤੇ ਭਗੌੜਾ ਕਰਾਰ ਦਿੱਤਾ ਗਿਆ ਅੰਮ੍ਰਿਤਪਾਲ ਸਿੰਘ ਆਖਿਰ ਸਾਹਮਣੇ ਆ ਹੀ ਗਿਆ। ਅੰਮ੍ਰਿਤਪਾਲ ਸਿੰਘ ਵਲੋਂ ਲਾਈਵ ਕੇ ਆਪਣੀ ਗੱਲ ਰੱਖੀ ਗਈ ਹੈ। ਅੰਮ੍ਰਿਤਪਾਲ ਦਾ ਵੀਡੀਓ ਸੰਦੇਸ਼ ਅੱਗ ਵਾਂਗ ਵਾਇਰਲ ਹੋ ਰਿਹਾ ਹੈ। ਉਸਨੇ ਕਿਹਾ ਕਿ ਮੇਰੀ ਗ੍ਰਿਫਤਾਰੀ ਦਾ ਮਸਲਾ ਵੱਡਾ ਨਹੀਂ, ਸਗੋਂ ਸਿੱਖ ਕੌਮ ਉੱਤੇ ਹੋਏ ਹਮਲੇ ਦਾ ਮਾਮਲਾ ਸਭ ਤੋਂ ਜ਼ਿਆਦਾ ਵੱਡਾ ਹੈ। ਉਸਨੇ ਕਿਹਾ ਕਿ ਜੇਕਰ ਸਰਕਾਰ ਦਾ ਉਦੇਸ਼ ਸਿਰਫ ਮੈਨੂੰ ਗ੍ਰਿਫਤਾਰ ਕਰਨਾ ਹੁੰਦਾ ਤਾਂ ਸਾਨੂੰ ਸਾਰਿਆਂ ਨੂੰ ਘਰੋਂ ਆ ਕੇ ਗ੍ਰਿਫਤਾਰ ਕਰਦੇ ਪਰ ਜਦੋਂ ਇੰਟਰਨੈੱਟ ਬੰਦ ਹੋ ਗਿਆ ਤਾਂ ਸਿੱਖ ਸੰਗਤ ਨਾਲ ਕੋਈ ਰਾਬਤਾ ਨਹੀਂ ਰੱਖਿਆ ਜਾ ਸਕਿਆ। ਅੰਮ੍ਰਿਤਪਾਲ ਸਿੰਘ ਨੇ ਇਸ ਵੀਡੀਓ ਵਿੱਚ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਲੰਘੇ ਕੱਲ੍ਹ ਹੋਈ ਮੀਟਿੰਗ ਦਾ ਉਚੇਚਾ ਜਿਕਰ ਕੀਤਾ ਹੈ।
ਸਰਕਾਰ ਨੇ ਜਥੇਦਾਰ ਨੂੰ ਟਿੱਚਰ ਕੀਤੀ :ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਸਰਕਾਰ ਹੁਣ ਜੁਲਮ ਦੀਆਂ ਹੱਦਾਂ ਟੱਪ ਚੁੱਕੀ ਹੈ। ਇਸ ਹਮਲੇ ਵਿੱਚ ਕਿਸੇ ਨੂੰ ਵੀ ਬਖਸ਼ਿਆ ਨਹੀਂ ਗਿਆ ਹੈ। ਅੰਮ੍ਰਿਤਪਾਲ ਨੇ ਕਿਹਾ ਕਿ ਮੈਨੂੰ ਗ੍ਰਿਫਤਾਰੀ ਦੇਣ ਤੋਂ ਕਦੇ ਡਰ ਨਹੀਂ ਲੱਗਿਆ ਹੈ। ਉਸਨੇ ਕਿਹਾ ਕਿ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਜੋ ਮੀਟਿੰਗ ਸੱਦ ਕੇ ਸਰਕਾਰ ਨੂੰ ਅਲਟੀਮੇਟਮ ਦਿੱਤਾ ਸੀ, ਉਸ ਉੱਤੇ ਵੀ ਸਰਕਾਰ ਨੇ ਜਥੇਦਾਰ ਨੂੰ ਟਵੀਟ ਕਰਕੇ ਟਿੱਚਰ ਕੀਤੀ ਹੈ। ਅੰਮ੍ਰਿਤਪਾਲ ਨੇ ਕਿਹਾ ਕਿ ਸਰਕਾਰ ਦਾ ਇਹ ਬਹੁਤ ਹੀ ਨਿਗੂਣਾ ਕੰਮ ਹੈ। ਸਾਡੀ ਕੌਮ ਛੋਟੇ-ਛੋਟੇ ਮੋਰਚੇ ਲਾ ਕੇ ਬੈਠੀ ਹੈ। ਬਹੁਤ ਸਾਰੇ ਬੇਕਸੂਰੇ ਲੋਕਾਂ ਨੂੰ ਜੇਲ੍ਹਾਂ ਵਿੱਚ ਤੁੰਨਿਆ ਗਿਆ ਹੈ, ਪਰ ਇਸਦੇ ਖਿਲਾਫ ਆਵਾਜ ਵੀ ਚੁੱਕਣੀ ਵੀ ਹੁਣ ਜ਼ਰੂਰੀ ਹੈ।
ਇਹ ਵੀ ਪੜ੍ਹੋ :Transfers of IPS and PPS officers: ਪੰਜਾਬ ਸਰਕਾਰ ਵੱਲੋਂ ਆਈਪੀਐੱਸ ਤੇ ਪੀਪੀਐੱਸ ਅਧਿਕਾਰੀਆਂ ਦੇ ਵੱਡੇ ਪੱਧਰ 'ਤੇ ਤਬਾਦਲੇ
ਪੰਜਾਬ ਦੇ ਲੋਕ ਬਣਨ ਸਰਬੱਤ ਖਾਲਸਾ ਦਾ ਹਿੱਸਾ:ਅੰਮ੍ਰਿਤਪਾਲ ਨੇ ਕਿਹਾ ਕਿ ਲੋਕਾਂ ਦੇ ਮਨਾਂ ਵਿੱਚ ਹਕੂਮਤ ਨੇ ਡਰ ਪੈਦਾ ਕੀਤਾ ਹੈ। ਜਥੇਦਾਰ ਨੂੰ ਆਪ ਅੱਗੇ ਆ ਕੇ ਵਿਸਾਖੀ ਮੌਕੇ ਸਰਬੱਤ ਖਾਲਸਾ ਦੀ ਸੱਦਣਾ ਚਾਹੀਦਾ ਹੈ ਅਤੇ ਇਸਦੀ ਅਗੁਵਾਈ ਕਰਨੀ ਚਾਹੀਦੀ ਹੈ। ਉਸਨੇ ਕਿਹਾ ਕਿ ਜੇ ਪੰਜਾਬ ਦੀ ਜਵਾਨੀ ਬਚਾਉਣੀ ਹੈ ਤਾਂ ਇਸ ਸਰਬੱਤ ਦਾ ਸਾਰਿਆਂ ਨੂੰ ਹਿੱਸਾ ਬਣਨਾ ਚਾਹੀਦਾ ਹੈ। ਮੈਂ ਚੜ੍ਹਦੀ ਕਲਾ ਵਿੱਚ ਹਾਂ ਤੇ ਮੇਰਾ ਕੋਈ ਵਾਲ ਵਿੰਗਾ ਨਹੀਂ ਕਰ ਸਕਦਾ।