ਬਠਿੰਡਾ ਦੇ ਇੰਡਸਟਰੀਅਲ ਗਰੋਥ ਸੈਂਟਰ ਦੇ ਪ੍ਰਧਾਨ ਰਾਮ ਪ੍ਰਕਾਸ਼ ਨਾਲ ਖਾਸ ਗੱਲਬਾਤ ਬਠਿੰਡਾ:ਭਗਵੰਤ ਮਾਨ ਸਰਕਾਰ ਵੱਲੋਂ ਪੰਜਾਬ ਵਿੱਚ ਉਦਯੋਗ ਨੂੰ ਪ੍ਰਫੁੱਲਤ ਕਰਨ ਲਈ ਆਏ ਦਿਨ ਉਦਯੋਗਪਤੀਆਂ ਤੋਂ ਸੁਝਾਅ ਮੰਗੇ ਜਾ ਰਹੇ ਹਨ ਅਤੇ ਬੈਠਕਾਂ ਦਾ ਦੌਰ ਲਗਾਤਾਰ ਜਾਰੀ ਹੈ। ਪਰ ਫਿਰ ਵੀ ਉਦਯੋਗਪਤੀਆਂ ਵੱਲੋਂ ਪੰਜਾਬ ਵਿੱਚ ਉਦਯੋਗ ਲਗਾਉਣ ਵਿੱਚ ਬਹੁਤੀ ਰੂਚੀ ਨਹੀਂ ਵਿਖਾਈ ਜਾ ਰਹੀ, ਜਿਸ ਕਰਕੇ ਉਦਯੋਗਪਤੀਆਂ ਵੱਲੋਂ ਕਈ ਵੱਡੇ ਕਾਰਨ ਦੱਸੇ ਜਾ ਰਹੇ ਹਨ।
ਪੁਰਾਣੇ ਉਦਯੋਗਪਤੀਆਂ ਨੂੰ ਕੋਈ ਚੰਗੀ ਸਹੂਲਤ ਨਹੀਂ:ਇਸ ਦੌਰਾਨ ਹੀ ਬਠਿੰਡਾ ਦੇ ਇੰਡਸਟਰੀਅਲ ਗਰੋਥ ਸੈਂਟਰ ਦੇ ਪ੍ਰਧਾਨ ਰਾਮ ਪ੍ਰਕਾਸ਼ ਨੇ ਗੱਲਬਾਤ ਦੌਰਾਨ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਉਦਯੋਗ ਨੂੰ ਪ੍ਰਫੁੱਲਤ ਕਰਨ ਲਈ ਲਗਾਤਾਰ ਉਦਯੋਗਪਤੀਆਂ ਤੋਂ ਸੁਝਾਅ ਮੰਗੇ ਜਾ ਰਹੇ ਹਨ, ਜਿਸ ਦਾ ਉਹ ਸਵਾਗਤ ਕਰਦੇ ਹਨ। ਉਹਨਾਂ ਨੇ ਕਿਹਾ ਸਰਕਾਰ ਵੱਲੋਂ ਪੁਰਾਣੇ ਉਦਯੋਗਪਤੀਆਂ ਨੂੰ ਕੋਈ ਬਹੁਤ ਹੀ ਚੰਗੀ ਸਹੂਲਤ ਨਹੀਂ ਦਿੱਤੀ ਜਾ ਰਹੀ।
ਬਠਿੰਡਾ ਦੇ ਗਰੋਥ ਸੈਂਟਰ 'ਚ ਵਿਕਾਸ ਦੇ ਕਾਰਜ ਅਧੂਰੇ:ਪ੍ਰਧਾਨ ਰਾਮ ਪ੍ਰਕਾਸ਼ ਨੇ ਕਿਹਾ ਕਿ ਬਠਿੰਡਾ ਦੇ ਗਰੋਥ ਸੈਂਟਰ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਸਰਕਾਰ ਵੱਲੋਂ ਹਾਲੇ ਤੱਕ ਪੀਣ ਦੇ ਸਾਫ ਪਾਣੀ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ, ਲੇਬਰ ਲਈ ਪੀਣ ਦਾ ਪਾਣੀ ਬਾਹਰੋਂ ਮੰਗਵਾਉਣਾ ਪੈਂਦਾ ਹੈ। ਸਰਕਾਰ ਵੱਲੋਂ ਇੰਡਸਟਲ ਏਰੀਏ ਵਿੱਚ ਨਵੀਆਂ ਸੜਕਾਂ ਬਣਾਉਣ ਦਾ ਐਲਾਨ ਕੀਤਾ ਗਿਆ ਹੈ, ਇਸ ਐਲਾਨ ਦਾ ਉਹ ਸਵਾਗਤ ਕਰਦੇ ਹਨ। ਪਰ ਸਰਕਾਰ ਨੂੰ ਚਾਹੀਦਾ ਹੈ ਕਿ ਪਿਛਲੇ ਕਈ ਸਾਲਾਂ ਤੋਂ ਟੁੱਟੀਆਂ ਸੜਕਾਂ ਗਰੋਥ ਸੈਂਟਰ ਦੀ ਨੁਹਾਰ ਨੂੰ ਧੱਬਾ ਲਾ ਰਹੀਆਂ ਹਨ, ਇਹ ਜਲਦ ਤੋਂ ਜਲਦ ਬਣਾਈਆਂ ਜਾਣੀਆਂ ਚਾਹੀਦੀਆਂ ਹਨ।
ਓਟ ਸੈਂਟਰ ਕਾਰਨ ਉਦਯੋਗਪਤੀ ਪਰੇਸ਼ਾਨ:ਰਾਮ ਪ੍ਰਕਾਸ਼ ਨੇ ਕਿਹਾ ਕਿ ਸੁਰੱਖਿਆ ਪ੍ਰਬੰਧਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਗਰੋਥ ਸੈਂਟਰ ਵਿੱਚ ਬਣਾਏ ਗਏ ਓਟ ਸੈਂਟਰ ਕਾਰਨ ਉਦਯੋਗਪਤੀ ਸਭ ਤੋਂ ਵੱਧ ਪਰੇਸ਼ਾਨ ਨਜ਼ਰ ਆ ਰਹੇ ਹਨ। ਕਿਉਂਕਿ ਇਨ੍ਹਾਂ ਓਟ ਸੈਂਟਰਾਂ ਵਿੱਚ ਨਸ਼ਾ ਛੱਡਣ ਦੀ ਦਵਾਈ ਲੈਣ ਆਉਣ ਵਾਲੇ ਨੌਜਵਾਨਾਂ ਵੱਲੋਂ ਅਪਰਾਧਿਕ ਘਟਨਾਵਾਂ ਨੂੰ ਅੰਜ਼ਾਮ ਦਿੱਤਾ ਜਾਂਦਾ ਹੈ ਅਤੇ ਇੰਡਸਟਰੀਅਲ ਏਰੀਏ ਵਿੱਚ ਕੰਮ ਕਰਦੀ ਲੇਬਰ ਨਾਲ ਲੁੱਟ ਖੋਹ ਕੀਤੀ ਜਾਂਦੀ ਹੈ। ਪ੍ਰਧਾਨ ਰਾਮ ਪ੍ਰਕਾਸ਼ ਨੇ ਕਿਹਾ ਕਿ ਪ੍ਰਸ਼ਾਸਨ ਨੂੰ ਵਾਰ-ਵਾਰ ਅਪੀਲ ਕਰਨ ਦੇ ਬਾਵਜੂਦ ਵੀ ਇੰਡਸਟਰੀਅਲ ਏਰੀਏ ਵਿੱਚ ਪੁਲਿਸ ਚੌਂਕੀ ਸਥਾਪਤ ਨਹੀਂ ਕੀਤੀ ਜਾ ਰਹੀ।
ਆਨਲਾਈਨ NOC ਲੈਣ 'ਚ ਖੱਜਲ-ਖੁਆਰੀ:ਪ੍ਰਧਾਨ ਰਾਮ ਪ੍ਰਕਾਸ਼ ਨੇ ਕਿਹਾ ਇਸ ਸਮੇਂ ਪੰਜਾਬ ਵਿੱਚ ਨਵਾਂ ਉਦਯੋਗ ਲਾਉਣ ਲਈ ਕਿਸੇ ਵੀ ਕਾਰੋਬਾਰੀ ਨੂੰ 14 ਤਰ੍ਹਾਂ ਦੀਆਂ ਐਨ.ਓ.ਸੀ ਲੈਣੀਆਂ ਪੈਂਦੀਆਂ ਹਨ, ਪਰ ਭਗਵੰਤ ਮਾਨ ਸਰਕਾਰ ਵੱਲੋਂ ਆਨਲਾਈਨ ਐਨਓਸੀ 30 ਦਿਨਾਂ ਵਿੱਚ ਜਾਰੀ ਕਰਨ ਦੇ ਦਾਅਵੇ ਕੀਤੇ ਜਾਂਦੇ, ਪਰ ਆਨਲਾਈਨ ਐਨ.ਓ.ਸੀ ਫਿਰ ਵੀ ਨਹੀਂ ਮਿਲ ਰਹੀ। ਪ੍ਰਧਾਨ ਰਾਮ ਪ੍ਰਕਾਸ਼ ਨੇ ਕਿਹਾ ਕਿ ਉਦਯੋਗਪਤੀਆਂ ਨੂੰ ਅਲੱਗ-ਅਲੱਗ ਦਫ਼ਤਰਾਂ ਦੇ ਗੇੜੇ ਕੱਢਣੇ ਪੈਂਦੇ ਹਨ। ਇਹੀ ਹਾਲ ਲੋਕਲ ਬੋਡੀ ਵਿਭਾਗ ਦਾ ਹੈ, ਜਿਨ੍ਹਾਂ ਵੱਲੋਂ ਐਨ.ਓ.ਸੀ ਸਮੇਂ ਸਿਰ ਉਦਯੋਗਪਤੀਆਂ ਨੂੰ ਜਾਰੀ ਨਹੀਂ ਕੀਤੀ ਜਾਂਦੀ।
ਬਠਿੰਡਾ ਦੇ ਇੰਡਸਟਰੀਅਲ ਗਰੋਥ ਸੈਂਟਰ ਦੇ ਪ੍ਰਧਾਨ ਰਾਮ ਪ੍ਰਕਾਸ਼ ਦਾ ਬਿਆਨ
ਵੱਧ ਟੈਕਸ ਦੇ ਕੇ ਵੀ ਸਹੂਲਤਾਂ ਤੋਂ ਵਾਂਝੇ:ਪ੍ਰਧਾਨ ਰਾਮ ਪ੍ਰਕਾਸ਼ ਨੇ ਕਿਹਾ ਪੰਜਾਬ ਸਰਕਾਰ ਨੂੰ ਇਸ ਸਮੇਂ ਸਭ ਤੋਂ ਵੱਧ ਟੈਕਸ ਦੇ ਰੂਪ ਵਿੱਚ ਉਦਯੋਗਪਤੀ ਕਰੋੜਾਂ ਰੁਪਏ ਅਦਾ ਕਰ ਰਹੇ ਹਨ, ਪਰ ਉਨ੍ਹਾਂ ਨੂੰ ਮੁੱਢਲੀਆਂ ਸਹੂਲਤਾਂ ਤੱਕ ਨਹੀਂ ਦਿੱਤੀਆਂ ਜਾ ਰਹੀਆਂ। ਬਿਜਲੀ ਦੇ ਰੇਟਾਂ ਵਿੱਚ ਲਗਾਤਾਰ ਵਾਧਾ ਕੀਤਾ ਜਾ ਰਿਹਾ ਹੈ ਅਤੇ ਹੁਣ ਸਰਕਾਰ ਵੱਲੋਂ ਨਵਾਂ ਫਰਮਾਨ ਜਾਰੀ ਕਰ ਦਿੱਤਾ ਗਿਆ ਕਿ ਹਰ ਉਦਯੋਗਪਤੀ ਦੇ ਉਦਯੋਗ 'ਤੇ ਪ੍ਰੀਪੇਡ ਮੀਟਰ ਲੱਗੇਗਾ ਅਤੇ ਉਸ ਮੀਟਰ ਦੀ ਕੀਮਤ ਉਦਯੋਗਪਤੀ ਨੂੰ ਦੇਣੀ ਪਵੇਗੀ। ਪ੍ਰੀਪੇਡ ਮੀਟਰ ਦੀ ਕੀਮਤ ਲੱਖਾਂ ਰੁਪਏ ਦੀ ਹੈ, ਜਿਸ ਦਾ ਭਾਰ ਉਦਯੋਗਪਤੀ ਉੱਤੇ ਹੀ ਪੈਣਾ ਹੈ, ਜਿਸ ਦਾ ਉਦਯੋਗਪਤੀਆਂ ਵੱਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ।
ਪ੍ਰਧਾਨ ਰਾਮ ਪ੍ਰਕਾਸ਼ ਨੇ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਪਹਿਲਾਂ ਪੁਰਾਣੇ ਉਦਯੋਗਪਤੀਆਂ ਨੂੰ ਬਣਦੀਆਂ ਸਹੂਲਤਾਂ ਦੇਵੇ ਤਾਂ ਹੀ ਪੰਜਾਬ ਵਿੱਚ ਨਵੀਂ ਇੰਡਸਟਰੀ ਆਵੇਗੀ। ਆਨਲਾਈਨ ਐਨ.ਓਸੀ ਜਾਰੀ ਕਰਨ ਦੀ ਪ੍ਰੀਖਿਆ ਨੂੰ ਸੌਖਾ ਕੀਤਾ ਜਾਣਾ ਚਾਹੀਦਾ ਹੈ। ਇਸਦੇ ਨਾਲ ਹੀ ਚੇਂਜ ਆਫ ਲੈਂਡ ਦੀ ਪ੍ਰਕਿਰਿਆ ਵਿੱਚ ਤਬਦੀਲੀ ਕਰਨੀ ਚਾਹੀਦੀ ਹੈ।