ਬਠਿੰਡਾ ਵਿਖੇ ਦੋ ਨੌਜਵਾਨ 'ਪੜੇ ਲਿਖੇ ਭੰਡ' ਦੇ ਨਾਮ ਤੋਂ ਮਸ਼ਹੂਰ ਬਠਿੰਡਾ :ਕਿਸੇ ਸਮੇਂ ਪੰਜਾਬ ਵਿੱਚ ਖੁਸ਼ੀ ਦੇ ਸਮਾਗਮਾਂ ਵਿੱਚ ਅਕਸਰ ਭੰਡ ਮਨੋਰੰਜਨ ਕਰਨ ਲਈ ਆਉਂਦੇ ਸਨ। ਉਨ੍ਹਾਂ ਵੱਲੋਂ ਆਪਣੇ ਟੋਟਕਿਆਂ ਰਾਹੀਂ, ਜਿੱਥੇ ਸਮਾਜਿਕ ਮੁੱਦਿਆਂ ਨੂੰ ਚੁੱਕਿਆ ਜਾਂਦਾ ਸੀ, ਉੱਥੇ ਹੀ ਇਨਾਂ ਟੋਟਕਿਆਂ ਰਾਹੀਂ ਸਮਾਜ ਨੂੰ ਇੱਕ ਸੰਦੇਸ਼ ਦੇਣ ਦੀ ਵੀ ਕੋਸ਼ਿਸ਼ ਕੀਤੀ ਜਾਂਦੀ ਸੀ ਅਤੇ ਲੋਕਾਂ ਨੂੰ ਹਸਾਉਂਦੇ ਹੋਏ ਮਨੋਰੰਜਨ ਵੀ ਕੀਤਾ ਜਾਂਦਾ ਸੀ। ਪਰ, ਹੌਲੀ-ਹੌਲੀ ਮੋਬਾਇਲ ਕਲਚਰ ਨੇ ਪੰਜਾਬ ਦਾ ਇਹ ਵਿਰਸਾ ਅਲੋਪ ਕਰ ਦਿੱਤਾ ਅਤੇ ਨਵੀਂ ਨੌਜਵਾਨ ਪੀੜੀ ਇਹ ਤੱਕ ਭੁੱਲ ਗਈ ਕਿ ਭੰਡ ਹੁੰਦੇ ਕੌਣ ਸਨ।
ਪੰਜਾਬੀ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕਰ ਰਹੇ ਦੋ ਨੌਜਵਾਨ ਅਰਸ਼ਦੀਪ ਸਿੰਘ ਅਤੇ ਚੇਤ ਰਾਮ ਵੱਲੋਂ ਭੰਡ ਬਣ ਕੇ ਮੁੜ ਪੰਜਾਬ ਦੇ ਇਸ ਵਿਰਸੇ ਨੂੰ ਸੁਰਜੀਤ ਕਰਨ ਦਾ ਉਪਰਾਲਾ ਕੀਤਾ ਗਿਆ ਹੈ। ਦੋਵੇਂ ਨੌਜਵਾਨਾਂ ਵੱਲੋਂ ਟੋਟਕਿਆਂ ਰਾਹੀਂ ਜਿੱਥੇ ਸਮਾਜਿਕ ਮੁੱਦੇ ਉਠਾਏ ਜਾ ਰਹੇ ਹਨ, ਉੱਥੇ ਹੀ ਇਨ੍ਹਾਂ ਟੋਟਕਿਆਂ ਰਾਹੀਂ ਲੋਕਾਂ ਦਾ ਮਨੋਰੰਜਨ (Bhands Culture Of Punjab) ਵੀ ਕੀਤਾ ਜਾਂਦਾ ਹੈ।
ਪਿੰਡਾਂ ਚੋਂ ਵੀ ਖ਼ਤਮ ਹੋਇਆ ਭੰਡਪੁਣਾ:ਅਰਸ਼ਦੀਪ ਸਿੰਘ ਅਤੇ ਚੇਤ ਰਾਮ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਹ ਗਰੀਬ ਪਰਿਵਾਰਾਂ ਨਾਲ ਸਬੰਧ ਰੱਖਦੇ ਹਨ। ਚੇਤ ਰਾਮ ਫਾਜ਼ਿਲਕਾ ਦੇ ਕਸਬਾ ਅਬੋਹਰ ਦਾ ਰਹਿਣ ਵਾਲਾ ਹੈ, ਜਦਕਿ ਅਰਸ਼ਦੀਪ ਜ਼ਿਲ੍ਹਾ ਬਠਿੰਡਾ ਦੇ ਪਿੰਡ ਮਿਠੜੀ ਦਾ ਰਹਿਣ ਵਾਲਾ ਹੈ। ਇਹ ਦੋਵੇਂ ਨੌਜਵਾਨ ਪਿੰਡ ਘੁੱਦਾ ਵਿਖੇ ਬਣੇ ਸਰਕਾਰੀ ਕਾਲਜ ਤੋਂ ਪੰਜਾਬੀ ਯੂਨੀਵਰਸਿਟੀ ਰਾਹੀਂ ਗ੍ਰੈਜੂਏਸ਼ਨ ਕਰ ਰਹੇ ਹਨ। ਨੌਜਵਾਨਾਂ ਨੇ ਦੱਸਿਆ ਕਿ ਅੱਜ ਦੇ ਮੋਬਾਇਲ ਕਲਚਰ ਨੇ ਪੰਜਾਬ ਕਈ ਵਿਰਸੇ ਅਲੋਪ ਕਰ ਦਿੱਤੇ ਹਨ ਅਤੇ ਇਨ੍ਹਾਂ ਵਿਰਸਿਆਂ ਵਿੱਚੋਂ ਇੱਕ ਸੀ- ਭੰਡਪੁਣਾ, ਜੋ ਕਿ ਆਮ ਤੌਰ 'ਤੇ ਖੁਸ਼ੀ ਦੇ ਪ੍ਰੋਗਰਾਮਾਂ ਮੌਕੇ ਕੀਤਾ ਜਾਂਦਾ ਸੀ, ਪਰ ਕੱਲ੍ਹ ਸ਼ਹਿਰ ਤਾਂ ਦੂਰ, ਪਿੰਡਾਂ ਵਿੱਚ ਵੀ ਅਜਿਹਾ ਕੁਝ ਵੀ ਦੇਖਣ ਨੂੰ (Punjabi Folk Culture) ਨਹੀਂ ਮਿਲਦਾ।
ਭੰਡ ਤੇ ਨਕਲਾਂ ਕਰਨ ਵਾਲੇ ਦੋ ਨੌਜਵਾਨ ਯੂਨੀਵਰਸਿਟੀ ਦੀ ਸਟੇਜ ਤੋਂ ਸ਼ੁਰੂਆਤ:ਇਨ੍ਹਾਂ ਦੋਨਾਂ ਨੌਜਵਾਨਾਂ ਵੱਲੋਂ ਪਹਿਲੀ ਵਾਰ ਭੰਡ ਬਣ ਕੇ ਪੰਜਾਬੀ ਯੂਨੀਵਰਸਿਟੀ ਦੇ ਯੂਥ ਫੈਸਟੀਵਲ ਵਿੱਚ ਭਾਗ ਲਿਆ ਗਿਆ ਸੀ, ਪਰ ਕੋਈ ਪੁਜੀਸ਼ਨ ਨਾ ਆਉਣ ਕਾਰਨ ਉਨ੍ਹਾਂ ਵੱਲੋਂ ਆਪਣੀ ਕਲਾ ਨੂੰ ਹੋਰ ਨਿਖਾਰਿਆ ਗਿਆ ਅਤੇ ਮੁੜ ਯੂਥ ਫੈਸਟੀਵਲ ਵਿੱਚ ਭਾਗ ਲਿਆ, ਜਿੱਥੇ ਉਨ੍ਹਾਂ ਵੱਲੋਂ ਪੇਸ਼ ਕੀਤੀ ਗਈ ਕਲਾਕਾਰੀ ਨੂੰ ਲੋਕਾਂ ਨੇ ਜਿੱਥੇ ਬਹੁਤ ਸਰਾਇਆ, ਉੱਥੇ ਹੀ ਉਨ੍ਹਾਂ ਵੱਲੋਂ ਵੱਖ-ਵੱਖ ਥਾਵਾਂ ਉੱਤੇ ਹੋਣ ਵਾਲੇ ਸਮਾਗਮਾਂ ਸਬੰਧੀ ਵੀ ਸੱਦਾ ਦਿੱਤਾ ਜਾਂਦਾ ਹੈ।
ਸਰਕਾਰੀ ਨੌਕਰੀ ਕਰਦੇ ਹੋਏ ਇਸ ਵਿਰਸੇ ਨੂੰ ਜਿਊਂਦਾ ਰੱਖਣ ਦਾ ਖੁਆਬ:ਅਰਸ਼ਦੀਪ ਸਿੰਘ ਤੇ ਚੇਤ ਰਾਮ ਨੇ ਦੱਸਿਆ ਕਿ ਉਹ ਇਨ੍ਹਾਂ ਟੋਟਕਿਆਂ ਰਾਹੀਂ, ਜਿੱਥੇ ਸਮਾਜਿਕ ਮੁੱਦਿਆਂ ਨੂੰ ਤੇਜ਼ੀ ਨਾਲ ਉਭਾਰ ਰਹੇ ਹਨ। ਉੱਥੇ ਹੀ, ਨਵੀਂ ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਵਿਦੇਸ਼ ਛੱਡ ਪੰਜਾਬ ਵਿੱਚ ਰਹਿ ਕੇ ਆਪਣਾ ਕਾਰੋਬਾਰ ਕਰਨ ਲਈ ਪ੍ਰੇਰਿਤ ਕਰ ਰਹੇ ਹਨ। ਇਨ੍ਹਾਂ ਦੋਵੇਂ ਨੌਜਵਾਨਾਂ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਇਹ ਨਹੀਂ ਪਤਾ ਕਿ ਉਹ ਭੰਡਗਿਰੀ ਕਰਦੇ ਹਨ, ਪਰ ਕਾਲਜ ਦੇ ਦੋਸਤ ਉਨ੍ਹਾਂ ਨੂੰ ਭੰਡ ਕਹਿ ਕੇ ਹੀ ਬੁਲਾਉਂਦੇ ਹਨ। ਉਨਾਂ ਨੂੰ ਕਿਤੇ ਨਾ ਕਿਤੇ ਖੁਸ਼ੀ ਮਿਲਦੀ ਹੈ, ਕਿਉਂਕਿ ਉਹ ਕਿਸੇ ਨੂੰ ਖੁਸ਼ ਕਰਕੇ ਉਸ ਦੀਆਂ ਖੁਸ਼ੀਆਂ ਵਿੱਚ ਵਾਧਾ ਕਰਦੇ ਹਨ। ਦੋਵੇਂ ਨੌਜਵਾਨਾਂ ਨੇ ਕਿਹਾ ਕਿ ਉਹ ਪੜ੍ਹ ਲਿਖ ਕੇ ਸਰਕਾਰੀ ਨੌਕਰੀ ਕਰਨਾ ਚਾਹੁੰਦੇ ਹਨ, ਪਰ ਇਸ ਦੇ ਨਾਲ ਹੀ ਉਨ੍ਹਾਂ ਦੀ ਰਗ-ਰਗ ਵਿੱਚ ਭਰੇ ਭੰਡ ਕਲਾਕਾਰਾਂ ਨੂੰ ਜਿਉਂਦਾ ਰੱਖਣਾ ਚਾਹੁੰਦੇ ਹਨ ਅਤੇ ਪੰਜਾਬ ਦੇ ਅਮੀਰ ਵਿਰਸੇ ਤੋਂ ਨੌਜਵਾਨੀ ਨੂੰ ਜਾਣੂ ਕਰਵਾਉਣਾ ਚਾਹੁੰਦੇ ਹਨ।