ਮਨਪ੍ਰੀਤ ਦਾ ਗਮਗੀਨ ਮਾਹੌਲ ਵਿੱਚ ਹੋਇਆ ਅੰਤਮ ਸਸਕਾਰ, ਮ੍ਰਿਤਕ ਦੀ ਭੈਣ ਨੇ ਕਿਹਾ- ਵਿਦੇਸ਼ ਵਿੱਚ ਸਿਹਤ ਸਹੂਲਤਾਂ ਚੰਗੀਆਂ ਨਹੀਂ, ਸਿਰਫ਼ ਸੋਸ਼ੇਬਾਜ਼ੀ ਬਰਨਾਲਾ:ਚੰਗੇ ਭਵਿੱਖ ਦਾ ਸੁਪਨਾ ਲੈ ਕੇ ਕੈਨੇਡਾ ਗਈ ਮਨਪ੍ਰੀਤ ਕੌਰ ਅੱਜ ਲਾਸ਼ ਬਣਕੇ ਆਪਣੇ ਘਰ ਪਰਤੀ ਹੈ। ਬਰਨਾਲਾ ਦੇ ਪਿੰਡ ਹਮੀਦੀ ਦੀ ਮਨਪ੍ਰੀਤ ਕੌਰ ਦੀ ਕੈਨੇਡਾ ਵਿੱਚ 10 ਦਿਨ ਪਹਿਲਾਂ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। ਕੇਂਦਰ ਸਰਕਾਰ ਦੇ ਯਤਨਾਂ ਸਦਕਾ 10 ਦਿਨਾਂ ਵਿੱਚ ਮ੍ਰਿਤਕ ਦੇਹ ਪਿੰਡ ਪਹੁੰਚ ਸਕੀ ਹੈ। ਮ੍ਰਿਤਕ ਦੇਹ ਲਿਆਉਣ ਲਈ ਪਿੰਡ ਵਾਸੀਆਂ ਤੇ ਪਰਵਾਸੀ ਪੰਜਾਬੀਆਂ ਵਲੋਂ ਡੋਨੇਸ਼ਨ ਮੁਹਿੰਮ ਚਲਾਈ ਗਈ। ਪਿੰਡ ਦੇ ਸ਼ਮਸ਼ਾਨਘਾਟ ਵਿੱਚ ਅੱਜ ਯਾਨੀ ਐਤਵਾਰ ਨੂੰ ਮਨਪ੍ਰੀਤ ਕੌਰ ਦਾ ਅੰਤਮ ਸਸਕਾਰ ਕੀਤਾ ਗਿਆ। ਸੰਸਕਾਰ ਮੌਕੇ ਵੱਡੀ ਗਿਣਤੀ ਵਿੱਚ ਕਿਸਾਨ ਜੱਥੇਬੰਦੀਆਂ ਦੇ ਆਗੂ ਅਤੇ ਪਿੰਡ ਵਾਸੀ ਹਾਜ਼ਰ ਹੋਏ।
ਮ੍ਰਿਤਕ ਦੇਹ ਭਾਰਤ ਲਿਆਉਣ 'ਚ ਵਿਦੇਸ਼ ਮੰਤਰੀ ਜੈ ਸ਼ੰਕਰ ਦਾ ਸਹਿਯੋਗ: ਇਸ ਮੌਕੇ ਗੱਲਬਾਤ ਕਰਦਿਆਂ ਮ੍ਰਿਤਕ ਲੜਕੀ ਮਨਪ੍ਰੀਤ ਕੌਰ ਦੇ ਪਿਤਾ ਕੇਵਲ ਸਿੰਘ ਅਤੇ ਭੈਣ ਸੁਮਨਪ੍ਰੀਤ ਕੌਰ ਨੇ ਕਿਹਾ ਕਿ ਉਨ੍ਹਾਂ ਦੀ ਲੜਕੀ ਦੀ ਕੈਨੇਡਾ ਵਿੱਚ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਸੀ। ਅੱਜ ਉਨ੍ਹਾਂ ਦੀ ਲੜਕੀ ਦੀ ਮ੍ਰਿਤਕ ਦੇਹ 10 ਦਿਨਾਂ ਵਿੱਚ ਕੈਨੇਡਾ ਤੋਂ ਪਿੰਡ ਲਿਆਂਦੀ ਗਈ ਹੈ। ਮ੍ਰਿਤਕ ਦੇਹ ਪਿੰਡ ਲਿਆਉਣ ਲਈ ਕੇਂਦਰ ਸਰਕਾਰ ਅਤੇ ਵਿਦੇਸ਼ ਮੰਤਰੀ ਜੈ ਸ਼ੰਕਰ ਨੇ ਬਹੁਤ ਸਾਥ ਦਿੱਤਾ ਅਤੇ ਪਰਿਵਾਰ ਨੂੰ ਹਰ ਪੱਖੋਂ ਸਹਿਯੋਗ ਦਿੱਤਾ। ਭਾਰਤੀ ਅੰਬੈਸੀ ਵਲੋਂ ਸਮੇਂ ਸਮੇਂ 'ਤੇ ਸਾਡੇ ਨਾਲ ਸੰਪਰਕ ਕੀਤਾ ਜਾਂਦਾ ਰਿਹਾ। ਅੱਜ ਮ੍ਰਿਤਕ ਦੇਹ ਪਿੰਡ ਪਹੁੰਚਣ 'ਤੇ ਵੀ ਵਿਦੇਸ਼ ਮੰਤਰਾਲੇ ਦਾ ਫੋਨ ਆਇਆ ਹੈ। ਇਸ ਕਰਕੇ ਉਹ ਕੇਂਦਰ ਸਰਕਾਰ ਦਾ ਧੰਨਵਾਦ ਕਰਦੇ ਹਨ।
ਵਿਦੇਸ਼ ਵਿੱਚ ਸਿਹਤ ਸਹੂਲਤਾਂ ਚੰਗੀਆਂ ਨਹੀਂ:ਪਰਿਵਾਰ ਨੇ ਕਿਹਾ ਕਿ ਮਨਪ੍ਰੀਤ ਦੀ ਮ੍ਰਿਤਕ ਦੇਹ ਲਿਆਉਣ ਲਈ ਪਿੰਡ ਵਾਸੀਆਂ ਅਤੇ ਵਿਦੇਸ਼ ਰਹਿੰਦੇ ਪੰਜਾਬੀਆਂ ਨੇ ਡੋਨੇਸ਼ਨ ਮੁਹਿੰਮ ਚਲਾਈ। ਇਸ ਡੋਨੇਸ਼ਨ ਫੰਡ ਰਾਸ਼ੀ ਨਾਲ ਉਹ ਮਨਪ੍ਰੀਤ ਦੀ ਮ੍ਰਿਤਕ ਦੇਹ ਪਿੰਡ ਲਿਆ ਸਕੇ। ਇਸ ਲਈ ਸਹਿਯੋਗ ਦੇਣ ਵਾਲੇ ਹਰ ਵਿਅਕਤੀ ਦਾ ਧੰਨਵਾਦ ਕਰਦੇ ਹਨ। ਉਨ੍ਹਾਂ ਕਿਹਾ ਕਿ ਵਿਦੇਸ਼ਾਂ ਵਿੱਚ ਹਾਲਾਤ ਬਹੁਤੇ ਚੰਗੇ ਨਹੀਂ ਹਨ। ਵਿਦੇਸ਼ਾਂ ਵਿੱਚ ਸਿਹਤ ਸਹੂਲਤਾਂ ਬਿਲਕੁਲ ਵੀ ਨਹੀਂ ਹਨ, ਜੋ ਕੁੱਝ ਸਾਨੂੰ ਦੱਸਿਆ ਜਾ ਰਿਹਾ ਸੀ, ਅਸਲ ਵਿੱਚ ਹਾਲਾਤ ਉਲਟ ਸਨ। ਬੱਚਿਆਂ ਨੂੰ ਵਿਦੇਸ਼ ਭੇਜਣ ਤੋਂ ਪਹਿਲਾਂ ਪੂਰਾ ਪਤਾ ਕਰਨਾ ਚਾਹੀਦਾ ਹੈ। ਨਵੇਂ ਜਾ ਰਹੇ ਬੱਚਿਆਂ ਨੂੰ ਪੜਾਈ ਦੇ ਨਾਲ-ਨਾਲ ਕੰਮ ਕਰਨਾ ਪੈ ਰਿਹਾ ਹੈ। ਜਿਸ ਕਰਕੇ ਨੌਜਵਾਨ ਡਿਪ੍ਰੈਸ਼ਨ ਦਾ ਸ਼ਿਕਾਰ ਵੀ ਹੋ ਜਾਂਦੇ ਹਨ, ਜੋ ਮੌਤ ਦਾ ਕਾਰਨ ਬਣਦਾ ਹੈ। ਉਨ੍ਹਾਂ ਕਿਹਾ ਕਿ ਸਾਡੀਆਂ ਕੇਂਦਰ ਅਤੇ ਪੰਜਾਬ ਦੀਆਂ ਸਰਕਾਰਾਂ ਵਲੋਂ ਦੇਸ਼ ਵਿੱਚ ਹੀ ਹਾਲਾਤ ਚੰਗੇ ਨਹੀਂ ਬਣਾਏ ਜਾਂਦੇ। ਜੇਕਰ ਸਾਡੇ ਬੱਚਿਆਂ ਨੂੰ ਇੱਥੇ ਹੀ ਰੁਜ਼ਗਾਰ ਮਿਲ ਜਾਵੇ, ਤਾਂ ਵਿਦੇਸ਼ ਜਾਣ ਦੀ ਲੋੜ ਹੀ ਨਾ ਪਵੇ।
ਉਥੇ ਇਸ ਮੌਕੇ ਕਿਸਾਨ ਆਗੂਆਂ ਜਗਰਾਜ ਸਿੰਘ ਹਰਦਾਸਪੁਰਾ ਨੇ ਕਿਹਾ ਕਿ ਅੱਜ ਬਹੁਤ ਦੁੱਖ ਦੀ ਘੜੀ ਹੈ ਕਿ ਸੁਨਹਿਰੀ ਭਵਿੱਖ ਲਈ ਵਿਦੇਸ਼ ਭੇਜੀ ਲੜਕੀ ਇੱਕ ਲਾਸ਼ ਬਣਕੇ ਘਰ ਪਰਤੀ ਹੈ। ਪਰਿਵਾਰ ਲਈ ਇਹ ਦੁੱਖ ਨਾ ਸਹਿਣਯੋਗ ਹੈ। ਉਨ੍ਹਾਂ ਕਿਹਾ ਕਿ ਹਾਲਾਤ ਸਭ ਪਾਸੇ ਹੀ ਮਾੜੇ ਹਨ। ਜਿਸ ਕਰਕੇ ਸਾਨੂੰ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜਣ ਦੀ ਥਾਂ ਇੱਥੇ ਹੀ ਮਾੜੇ ਸਿਸਟਮ ਨਾਲ ਲੜਨਾ ਚਾਹੀਦਾ ਹੈ।