ਬਰਨਾਲਾ:ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਯੂਨੀਵਰਸਿਟੀ ਕਾਲਜ ਬਰਨਾਲਾ ਵਿਖੇ ਨਵੀਂ ਇਮਾਰਤ ਅਤੇ ਖੇਡ ਕੰਪਲੈਕਸ ਦਾ ਉਦਘਾਟਨ ਕੀਤਾ ਹੈ। ਇਸ ਮੌਕੇ ਉਨ੍ਹਾਂ ਨਾਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਪ੍ਰੋ. ਅਰਵਿੰਦ ਵੀ ਮੌਜੂਦ ਸਨ। ਇਸ ਮੌਕੇ ਮੰਤਰੀ ਮੀਤ ਹੇਅਰ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੀ ਨੌਜਵਾਨੀ ਨੂੰ ਖੇਡਾਂ ਵੱਲ ਜੋੜਨ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ ਅਤੇ ਨਵੀਂ ਖੇਡ ਨੀਤੀ ਸਾਰੇ ਪੱਖਾਂ ਨੂੰ ਧਿਆਨ ਵਿੱਚ ਰੱਖ ਕੇ ਬਣਾਈ ਜਾ ਰਹੀ ਹੈ ਤਾਂ ਜੋ ਕੌਮਾਂਤਰੀ ਪੱਧਰ ’ਤੇ ਪੰਜਾਬ ਦੀ ਝੋਲੀ ਵੱਧ ਤੋਂ ਵੱਧ ਤਗਮੇ ਪੈਣ।
ਪੰਚਾਇਤੀ ਜ਼ਮੀਨ ਉੱਤੇ ਖੇਡ ਮੈਦਾਨ ਬਣਾਏ ਜਾਣਗੇ:ਖੇਡ ਮੰਤਰੀ ਮੀਤ ਹੇਅਰ ਨੇ ਕਿਹਾ ਕਿ ਜ਼ਿਲ੍ਹਾ ਬਰਨਾਲਾ ਨੂੰ ਖੇਡਾਂ ਵਿਚ ਨੰਬਰ ਇਕ ਜ਼ਿਲ੍ਹਾ ਬਣਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ ਤੇ ਪਿੰਡਾਂ ਵਿੱਚ ਖੇਡ ਮੈਦਾਨ ਬਣਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜਿਹੜੇ ਪਿੰਡਾਂ ਵਿਚ ਪੰਚਾਇਤੀ ਜ਼ਮੀਨ ਉਪਲੱਬਧ ਹੋਣਗੀਆਂ ਉਥੇ ਤਰਜੀਹੀ ਆਧਾਰ ’ਤੇ ਖੇਡ ਮੈਦਾਨ ਬਣਾਏ ਜਾਣਗੇ।
ਇਸ ਮੌਕੇ ਕਾਲਜ ਪ੍ਰਿੰਸੀਪਲ ਡਾ. ਰਾਕੇਸ਼ ਜਿੰਦਲ ਨੇ ਕਾਲਜ ਦੀਆਂ ਪ੍ਰਾਪਤੀਆਂ ਬਾਰੇ ਜ਼ਿਕਰ ਕੀਤਾ ਤੇ ਪ੍ਰੋ. ਅਰਵਿੰਦ ਵੱਲੋਂ ਸੁਝਾਏ ਇਸ ਪ੍ਰਾਜੈਕਟ ਦੀ ਸ਼ਲਾਘਾ ਕੀਤੀ ਗਈ। ਡਾ. ਵਿਭਾ ਅਗਰਵਾਲ ਵੱਲੋਂ ਖੇਡ ਪ੍ਰਾਜੈਕਟ ਨੂੰ ਡਿਜੀਟਲ ਰੂਪ ’ਚ ਦਿਖਾਇਆ ਗਿਆ। ਪ੍ਰੋ. ਅਰਵਿੰਦ ਨੇ ਕਾਲਜ ਵਿੱਚ ਕਿੱਤਾ-ਮੁਖੀ ਕੋਰਸਾਂ ਦੀ ਮਹੱਤਤਾ ’ਤੇ ਜ਼ੋਰ ਦਿੱਤਾ ਹੈ। ਕਾਲਜ ਵੱਲੋਂ ਕੈਬਨਿਟ ਮੰਤਰੀ ਮੀਤ ਹੇਅਰ ਅਤੇ ਹੋਰ ਪਤਵੰਤਿਆਂ ਦਾ ਸਨਮਾਨ ਕੀਤਾ ਗਿਆ।